India Punjab

ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਐਲਾਨ , ਸਰਕਾਰ ਖ਼ਿਲਾਫ਼ ਤਿਆਰ ਕੀਤੀ ਇਹ ਰਣਨੀਤੀ

strategy prepared against the government

ਚੰਡੀਗੜ੍ਹ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਹਰਿਆਣਾ-ਪੰਜਾਬ ਚੈਪਟਰ ਦੀ ਮੀਟਿੰਗ ਹੋਈ ਜਿਸ ਵਿੱਚ 30 ਤੋਂ ਵੱਧ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ

ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ 11 ਦਸੰਬਰ ਨੂੰ ਸਿੰਘੂ ਬਾਰਡਰ ‘ਤੇ ਇੱਕਠੇ ਹੋਣਗੇ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾਵੇਗਾ।

ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਨੇ ਕਿਹਾ ਕਿ ਇਸ ਦਿਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਅਤੇ ਲਖੀਮਪੁਰ ਖੀਰੀ ਘਟਨਾ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਮਿਲ ਨੇ ਉਨ੍ਹਾਂ ਨੂੰ ਵੀ ਇਸ ਸਮਾਗਮ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਦੌਰਾਨ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਾਉਣ ਲਈ ਇਹ ਇਕੱਠ ਸੱਦਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਜੁਰਮਾਨਾ ਲਗਾਇਆ ਜਾਵੇਗਾ ਪਰ ਇਸਦੇ ਉਲਟ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ। ਜਿਸ ਦੇ ਚਲਦਿਆਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ‘ਤੇ ਪਰਾਲੀ ਸਾੜਨ ਉੱਤੇ ਕੇਸ ਦਰਜ ਅਤੇ ਜੁਰਮਾਨੇ ਲੱਗ ਰਹੇ ਹਨ।

ਕਿਸਾਨ ਆਗੂ ਨੇ ਕਿਹਾ 11 ਦਸੰਬਰ ਨੂੰ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਿੰਘੂ ਬਾਰਡਰ ‘ਤੇ ਇੱਕਠੇ ਹੋਣਗੇ ਕਿਉਂਕਿ ਲੰਘੇ ਸਾਲ 11 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ਨੂੰ ਜਿੱਤ ਕੇ ਵਾਪਸ ਚਾਲੇ ਪਾਏ ਸਨ। ਆਗੂ ਨੇ ਕਿਹਾ ਕਿ ਇਸੇ ਦਿਨ ਪੂਰੇ ਇੱਕ ਸਾਲ ਬਾਅਦ ਕਿਸਾਨ ਸਰਕਾਰ ਨੂੰ ਆਪਣੀ ਤਾਕਤ ਫਿਰ ਤੋਂ ਦਿਖਾਉਣਗੇ। ਆਪਣੇ ਏਕੇ ਦਾ ਸਬੂਤ ਦੇਣਗੇ ਅਤੇ ਕਿਸਾਨਾਂ ਦੀਆਂ ਜੋ ਮੰਗਾਂ ਹਾਲੇ ਪੂਰੀਆਂ ਨਹੀਂ ਹੋਈਆਂ ਉਹ ਸਰਕਾਰ ਨੂੰ ਪੂਰੀਆਂ ਕਰਨੀਆਂ ਪੈਣਗੀਆਂ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਦਿੱਲੀ ਦੇ ਬਾਰਡਰਾਂ ਤੋਂ ਕਿਸਾਨ ਅੰਦੋਲਨ ਮੁਲਤਵੀ ਕਰਨ ਸਮੇਂ ਜੋ ਲਿਖਤੀ ਵਾਅਦੇ ਕੀਤੇ ਗਏ ਸਨ, ਉਹ ਸਾਰੇ ਅਧੂਰੇ ਹਨ।  ਨਾ ਐਮਐਸਪੀ ਗਾਰੰਟੀ ਦਾ ਕਾਨੂੰਨ ਬਣਿਆ, ਨਾ ਹੀ ਅੰਦੋਲਨ ਦੇ ਕੇਸ ਖ਼ਤਮ ਕੀਤੇ ਗਏ ਅਤੇ ਨਾ ਹੀ ਲਖੀਮਪੁਰ ਦੇ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਇਨਸਾਫ਼ ਮਿਲਿਆ।

ਕਿਸਾਨ ਆਗੂਆਂ ਨੇ ਕਿਹਾ ਕਿ ਜਮੀਨਾਂ,ਰੱਦ ਕੀਤੇ ਗਏ ਇੰਤਕਾਲ ਅਤੇ ਦੇਹ ਸ਼ਾਮਲਾਟ ਅਤੇ ਜੁਮਲਾ ਮਲਕਣ ਦੀਆਂ ਜ਼ਮੀਨਾਂ ਦੇ ਮਸਲਿਆਂ ਅਤੇ ਭੂਮੀ ਗ੍ਰਹਿਣ ਕਾਨੂੰਨ ਵਿੱਚ ਤਬਦੀਲੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ-ਪੰਜਾਬ ਦੇ ਕਿਸਾਨ ਇਨ੍ਹਾਂ ਮੁੱਦਿਆਂ ’ਤੇ ਸਾਂਝਾ ਅੰਦੋਲਨ ਕਰਨਗੇ।

ਡੀਏਬੀ ਖਾਦ ਦਾ ਮੁੱਦਾ ਉਠਾਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ  ਜਿੰਨੀ ਫਸਲ ਦੀ ਕੀਮਤ ਵਧਾਈ ਜਾਵੇ, ਉਸ ਦਰ ਨਾਲ ਹੀ ਖਾਦ ਦਾ ਰੇਟ ਵਧਾਇਆ ਜਾਵੇ। ਸਰਕਾਰ ਨੂੰ ਇਹ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਕਿਸਾਨਾਂ ਨੇ ਸਵਾਲ ਉਠਾਏ ਹਨ ਕਿ ਸਰਕਾਰ ਫ਼ਸਲ ਦੇ ਰੇਟ ਵਿੱਚ 2.5 ਫ਼ੀਸਦੀ ਵਾਧਾ ਕਰਕੇ ਖਾਦਾਂ ਤੇ ਬੀਜਾਂ ਦੇ ਰੇਟ ਵਿੱਚ 20 ਤੋਂ 25% ਦਾ ਵਾਧਾ ਕਰ ਦਿੰਦੀ ਹੈ।

ਕਿਸਾਨ ਆਗੂ ਅਤੇ BKU ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਪਰਾਲੀ ਸਾੜਨ ਲਈ ਸਰਕਾਰ ਦੀਆਂ ਨੀਤੀਆਂ ਨੇ ਕਿਸਾਨਾਂ ਨੂੰ ਮਜਬੂਰ ਕੀਤਾ ਹੈ। ਸਰਕਾਰ ਝੋਨੇ ਦੀ ਅਗੇਤੀ ਬਿਜਾਈ ਕਰਨ ਨਹੀਂ ਦਿੰਦੀ ਹੈ । ਇਸ ਦੀ ਵਜ੍ਹਾ ਕਰਕੇ ਕਣਕ ਲਾਉਣ ਲਈ ਘੱਟ ਸਮਾਂ ਹੁੰਦਾ ਹੈ ਇਸ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜ਼ਬੂਰ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ 11 ਦਸੰਬਰ ਨੂੰ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਸਿੰਘੂ ਬਾਰਡਰ ‘ਤੇ ਇੱਕ ਸਮਾਗਮ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨਾ ਮੰਗਾਂ ਨੂੰ ਸਰਕਾਰ ਨੇ ਅਣਦੇਖਿਆ ਕੀਤਾ ਹੈ  ਇਸ ਇਕੱਠ ਦੇ ਜ਼ਰੀਏ ਕਿਸਾਨ ਸਰਕਾਰ ਨੂੰ ਉਹ ਮੰਗਾਂ ਯਾਦ ਕਰਾਉਣਗੇ ਅਤੇ ਆਪਣੀ ਏਕਤਾ ਦੀ ਤਾਕਤ ਦਿਖਾਉਣਗੇ।

ਹੇਠ ਲਿਖੇ ਮੁੱਦੇ ਹੋਣਗੇ-

1).  ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਇਆ ਜਾਵੇ ਅਤੇ ਸਵਾਮੀਨਾਥਨ ਕਮਿਸ਼ਨ ਦੇ C2+50% ਫਾਰਮੂਲੇ ਅਨੁਸਾਰ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ।

2).  ਲਖੀਮਪੁਰ ਦੇ ਸ਼ਹੀਦ ਅਤੇ ਜ਼ਖ਼ਮੀ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇ, ਜੇਲ੍ਹ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਗ੍ਰਹਿ ਰਾਜ ਮੰਤਰੀ ਅਜੈ ਟੈਣੀ ਨੂੰ ਬਰਖਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ।

3).  ਰੇਲਵੇ ਸਮੇਤ ਕਿਸਾਨ ਅੰਦੋਲਨ ਵਿੱਚ ਦਰਜ ਸਾਰੇ ਕੇਸ ਰੱਦ ਕੀਤੇ ਜਾਣ, ਕਿਸਾਨ ਅੰਦੋਲਨ ਵਿੱਚ ਸਹਿਯੋਗ ਕਰਨ ਵਾਲੇ ਐਨ.ਆਰ.ਆਈ ਭਰਾਵਾਂ ’ਤੇ ਲੱਗੀਆਂ ਪਾਬੰਦੀਆਂ ਨੂੰ ਹਟਾਇਆ ਜਾਵੇ ਅਤੇ ਚੰਡੀਗੜ੍ਹ ਸਮੇਤ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਰਜ ਕੇਸ ਵੀ ਰੱਦ ਕੀਤੇ ਜਾਣ।

4).  ਦੇਸ਼ ਦੇ ਸਾਰੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ।

5).  ਦਿੱਲੀ ਦੇ ਕਿਸਾਨਾਂ ਦੇ ਅੰਦੋਲਨ ਨੂੰ ਮੁਅੱਤਲ ਕਰਦਿਆਂ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਪਰ ਸਰਕਾਰ ਇਸ ਵਾਅਦੇ ਤੋਂ ਮੁਕਰ ਰਹੀ ਹੈ, ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਅਤੇ ਕਿਸਾਨਾਂ ‘ਤੇ ਜੁਰਮਾਨਾ ਪਾਉਣਾ ਬੰਦ ਕਰੋ।

6).  ਅੰਤਰਰਾਸ਼ਟਰੀ ਮੰਡੀ ਵਿੱਚ ਡੀਏਪੀ ਦੀ ਕੀਮਤ ਘੱਟ ਹੋਣ ਦੇ ਬਾਵਜੂਦ ਦੇਸ਼ ਵਿੱਚ ਕੀਮਤਾਂ ਨਹੀਂ ਘਟਾਈਆਂ ਜਾ ਰਹੀਆਂ ਅਤੇ ਸਰਕਾਰ ਅਤੇ ਕੰਪਨੀਆਂ ਮਿਲ ਕੇ ਕਿਸਾਨਾਂ ਦੀ ਲੁੱਟ ਕਰ ਰਹੀਆਂ ਹਨ।

ਇਸ ਮੀਟਿੰਗ ਵਿੱਚ ਲਖਵਿੰਦਰ ਸਿੰਘ ਸਿਰਸਾ , ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਗੁਰਸਾਹਿਬ ਸਿੰਘ ਚਾਟੀਵਿੰਡ, ਸੇਵਾ ਸਿੰਘ ਆਰੀਆ, ਗੁਰਦਾਸ ਸਿੰਘ, ਅਭਿਮਨਿਊ ਕੋਹਾੜ,ਸੁਖਦੇਵ ਸਿੰਘ ਭੋਜਰਾਜ, ਹਰਸੁਲਿੰਦਰ ਸਿੰਘ ਕਿਸ਼ਨਗੜ, ਜਸਵੰਤ ਸਿੰਘ ਪਠਾਨਕੋਟ, ਸੁਖਦੇਵ ਸਿੰਘ ਕੋਟਲੀ ਕਲਾਂ, ਆਤਮਾਰਾਮ ਝੋਰੜ, ਬਲਜੀਤ ਸਿੰਘਤ ਤੱਗੜ,ਕਾਕਾ ਸਿੰਘ ਕੋਟੜਾ,ਮਨਜੀਤ ਸਿੰਘ ਆਦਿ ਹਾਜ਼ਰ ਸਨ।