Punjab

‘ਧਰਮਸੋਤ’ ਦੇ ਭ੍ਰਿਸ਼ਟਾਚਾਰ ਦੇ ਤੀਜੇ ‘ਸਰੋਤ’ ‘ਤੇ ਵੀ ਵਿਜੀਲੈਂਸ ਦੀ ਨਜ਼ਰ ! ਇਸ ‘ਚ ਹੋਇਆ ਸੀ ‘ਕਲੀ ਜੋਟੇ’ ਦਾ ਖੇਡ !

ਬਿਉਰੋ ਰਿਪੋਰਟ : ਆਮ ਆਦਮੀ ਦੀ ਸਰਕਾਰ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ । ਵਿਜੀਲੈਂਸ ਨੇ ਗ੍ਰਿਫਤਾਰੀ ਤੋਂ ਬਾਅਦ ਧਰਮਸੋਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ 7 ਦਿਨ ਦੀ ਰਿਮਾਂਡ ਮੰਗੀ ਪਰ ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਸਿਰਫ਼ ਤਿੰਨ ਦਿਨ ਦਾ ਹੀ ਰਿਮਾਂਡ ਮਨਜ਼ੂਰ ਕੀਤਾ ਹੈ । ਵਿਜੀਲੈਂਸ ਦੇ ਅਧਿਕਾਰੀ ਆਮਦਨ ਤੋਂ ਵੱਧ ਜਾਇਦਾਦ ਦਾ ਬਿਉਰਾ ਹਾਸਲ ਕਰਨਾ ਚਾਉਂਦੇ ਸਨ । ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 1 ਮਾਰਚ 2016 ਤੋਂ ਲੈਕੇ 31 ਮਾਰਚ 2022 ਤੱਕ ਧਰਮਸੋਤ ਅਤੇ ਉਸ ਦੇ ਪਰਿਵਾਰ ਦੀ ਆਮਦਨ 2 ਕਰੋੜ 37 ਲੱਖ 12 ਹਜ਼ਾਰ 596 ਰੁਪਏ ਸੀ ਜਦਕਿ ਖਰਚਾ 8 ਕਰੋੜ 76 ਲੱਖ 30 ਹਜ਼ਾਰ 888 ਰੁਪਏ ਸੀ। ਯਾਨੀ 6 ਕਰੋੜ 39 ਲੱਖ ਆਮਦਨ ਤੋਂ ਵੱਧ ।

ਸਕਾਲਰਸ਼ਿੱਪ ਘੁਟਾਲੇ ਵਿੱਚ ਕਲੀ ਜੋਟੇ ਦਾ ਖੇਡ

ਆਮਦਨ ਤੋਂ ਵੱਧ ਜਾਇਦਾਦ ਅਤੇ ਜੰਗਲਾਤ ਮਹਿਕਮੇ ਤੋਂ ਇਲਾਵਾ ਸਕਾਲਰਸ਼ਿਪ ਘੁਟਾਲੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਵਾਈ ਕਰ ਸਕਦੀ ਹੈ । ਜੰਗਲਾਤ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਕਾਲਰਸ਼ਿੱਪ ਘੁਟਾਲੇ ਨੂੰ ਲੈਕੇ ਕਾਫੀ ਸੰਜੀਦਾ ਹਨ । ਉਨ੍ਹਾਂ ਨੇ ਧਰਮਸੋਤ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਉਹ ਸਾਬਕਾ ਕੈਬਨਿਟ ਮੰਤਰੀ ਦੇ ਸਾਰੇ ਘੁਟਾਲਿਆਂ ਦੀ ਜਾਂਚ ਕਰਵਾਉਣਗੇ। ਕੇਂਦਰ ਨੇ ਪੰਜਾਬ ਸਰਕਾਰ ਨੂੰ SC ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿੱਪ ਦਿੱਤੀ ਸੀ । ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਸਮਾਜਿਕ ਸੁਰੱਖਿਆ ਮੰਤਰੀ ਸਨ । ਉਨ੍ਹਾਂ ‘ਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸਕਾਲਰਸ਼ਿੱਪ ਵੰਡਣ ਵਿੱਚ ਵੱਡੀ ਗੜਬੜੀ ਕੀਤੀ ਸੀ । 39 ਕਰੋੜ ਰੁਪਏ ਵੰਡਣ ਦਾ ਕੋਈ ਰਿਕਾਰਡ ਹੀ ਨਹੀਂ ਹੈ । ਇਸ ਵਿੱਚ ਸ਼ੱਕ ਜਤਾਇਆ ਗਿਆ ਸੀ ਕਿ ਉਹ ਕਾਲਜ ਹੈ ਹੀ ਨਹੀਂ ਹਨ ਜਿੰਨਾਂ ਦੇ ਨਾਂ ਨਾਲ ਪੈਸੇ ਡਕਾਰੇ ਗਏ । ਸਿਰਫ਼ ਇਨ੍ਹਾਂ ਹੀ ਨਹੀਂ ਧਰਮਸੋਤ ਨੇ ਇਸ ਵਿੱਚ ਕਲੀ ਜੋਟੇ ਦਾ ਖੇਡ ਵੀ ਖੇਡਿਆ ਸੀ,ਜਿੰਨਾਂ ਕਾਲਜਾ ਅਤੇ ਯੂਨੀਵਰਸਿਟੀਆਂ ਤੋਂ 8 ਕਰੋੜ ਵਸੂਲੇ ਗਏ ਉਨ੍ਹਾਂ ਨੂੰ 16.91 ਕਰੋੜ ਜਾਰੀ ਕਰ ਦਿੱਤੇ ਗਏ। ਯਾਨੀ ਭ੍ਰਿਸ਼ਟਾਚਾਰ ਦੇ ਇਸ ਫਾਰਮੂਲੇ ਵਿੱਚ ਕਲੀ ਜੋਟੇ ਦਾ ਖੇਡ ਖੇਡਿਆ ਗਿਆ।

ਕੈਪਟਨ ਸਰਕਾਰ ਨੇ ਦਿੱਤੀ ਸੀ ਕਲੀਨ ਚਿੱਟ

ਕੈਪਨਟ ਅਮਰਿੰਦਰ ਸਿੰਘ ਸਰਕਾਰ ਨੇ ਸਾਧੂ ਸਿੰਘ ਧਰਮਸੋਤ ਨੂੰ ਸਕਾਲਰਸ਼ਿੱਪ ਘੁਟਾਲੇ ਵਿੱਚ ਕਲੀਨ ਚਿੱਟ ਦਿੱਤੀ ਸੀ । ਹਾਲਾਂਕਿ ਬਾਅਦ ਵਿੱਚੋਂ ਅਫਸਰਾਂ ਨੇ ਕਿਹਾ ਸੀ ਕਿ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ । ਸਰਕਾਰ ਅਤੇ ਅਧਿਕਾਰੀ ਪੂਰੇ ਮਾਮਲੇ ਨੂੰ ਗੋਲਮੋਲ ਕਰਦੇ ਰਹੇ । ਵਿਰੋਧੀ ਧਰਮਸੋਤ ਨੂੰ ਬਰਖਾਸਤ ਕਰਨ ਦੀ ਮੰਗ ਕਰਦੇ ਰਹੇ ਪਰ ਕੈਪਟਨ ਅਮਰਿੰਦਰ ਨੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ।

ਜੰਗਲਾਤ ਘੁਟਾਲੇ ਵਿੱਚ 500 ਰੁਪਏ ਪ੍ਰਤੀ ਦਰੱਖਤ ਵਸੂਲੇ

ਧਰਮਸੋਤ ਨਾਲ ਜੁੜੇ ਤੀਜਾ ਘੁਟਾਲਾ ਜੰਗਲਾਤ ਵਿਭਾਗ ਨਾਲ ਜੁੜਿਆ ਹੈ । ਜਿਸ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ ਪਰ ਹੁਣ ਉਹ ਜ਼ਮਾਨਤ ‘ਤੇ ਬਾਹਰ ਹਨ। ਇਸ ਘੁਟਾਲੇ ਵਿੱਚ ਉਨ੍ਹਾਂ ਦੇ ਨਾਲ ਸੰਗਤ ਸਿੰਘ ਗਿਲਜੀਆ ਦਾ ਵੀ ਨਾਂ ਆਇਆ ਸੀ । ਧਰਮਸੋਤ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਇੱਕ ਦਰੱਖਤ ਦੀ ਕਟਾਈ ਦੇ ਲਈ 500 ਰੁਪਏ ਦੀ ਰਿਸ਼ਵਤ ਲਈ ਸੀ । ਇਸ ਤੋਂ ਉਨ੍ਹਾਂ ਨੇ ਤਕਰੀਬਨ ਸਵਾ ਕਰੋੜ ਕਮਾਏ । ਜਿਸ ਵਿੱਚ ਵਿਜੀਲੈਂਸ ਨੇ ਉਨ੍ਹਾਂ ਨੂੰ ਅਮਲੋਹ ਵਾਲੇ ਘਰ ਤੋਂ ਗ੍ਰਿਫਤਾਰ ਕੀਤਾ ਸੀ ।