‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸੋਮਵਾਰ ਨੂੰ ਨਵਾਂਸ਼ਹਿਰ ਦੇ ਬੰਗਾ ਨੇੜੇ ਹਾਈਵੇਅ ਉੱਤੇ ਇੱਕ ਵੱਡਾ ਭਿਆਨਕ ਹਾਦਸਾ ਹੋਇਆ ਸੀ, ਜਿਸਦੇ ਵਿੱਚ ਬਟਾਲਾ ਦੇ ਰਹਿਣ ਵਾਲੇ ਤਿੰਨ ਜਣੇ ਮਾਰੇ ਗਏ ਸਨ। ਇੱਕ ਟਰਾਲੇ ਨੇ ਦੋ ਕਾਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ। ਇੱਕ ਕਾਰ ਵਿੱਚ ਸਵਾਰ ਪਤੀ-ਪਤਨੀ, ਅਤੇ ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਉਨ੍ਹਾਂ ਤਿੰਨਾਂ ਜੀਆਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦੀ ਉਮਰ 46 ਸਾਲ, ਉਨ੍ਹਾਂ ਦੀ ਪਤਨੀ ਦੀ 40 ਸਾਲ ਤੇ ਮੁੰਡੇ ਦੀ 17 ਸਾਲ ਦੀ ਉਮਰ ਸੀ। ਪਰਿਵਾਰ ਸ਼੍ਰੀ ਹਰਿਗੋਬਿੰਦਪੁਰ ਰੋਡ ਉੱਤੇ ਸਥਿਤ ਪਿੰਡ ਚੀਮਾ ਖੁੱਡੀ ਦਾ ਰਹਿਣ ਵਾਲਾ ਸੀ। ਹਾਦਸੇ ਦੀ ਪੀੜ ਉਦੋਂ ਹੋਰ ਵੀ ਵੱਧ ਗਈ ਜਦੋਂ ਪਤਾ ਲੱਗਦਾ ਹੈ ਕਿ ਤਿੰਨੇ ਜਣੇ ਆਪਣੀ ਧੀ ਨੂੰ ਕਾਲਜ ਦੇ ਹੋਸਟਲ ਵਿੱਚ ਛੱਡ ਕੇ ਵਾਪਸ ਆ ਰਹੇ ਸੀ। ਧੀ ਦਾ ਕਾਲਜ ਵਿੱਚ ਪਹਿਲਾ ਦਿਨ ਸੀ। ਪੁੱਤ ਨੂੰ ਐਥਲੈਟਿਕਸ ਦੇ ਲਈ ਕਿਸੇ ਅਕੈਡਮੀ ਵਿੱਚ ਛੱਡਣ ਲਈ ਜਾ ਰਹੇ ਸੀ ਪਰ ਰਾਹ ਦੇ ਵਿੱਚ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ “ਤਿੰਨ-ਸਾਢੇ ਤਿੰਨ ਕੁ ਵਜੇ ਉਨ੍ਹਾਂ ਨੂੰ ਆਪਣੇ ਭਰਾ ਦੀ ਮੌਤ ਦੀ ਖ਼ਬਰ ਦੇਣ ਲਈ ਇੱਕ ਫੋਨ ਆਇਆ। ਗੱਡੀ ਵਿੱਚ ਡਾ.ਚਾਵਲਾ ਦਾ ਕਾਰਡ ਸੀ। ਉਸ ਕਾਰਡ ਦੇ ਆਧਾਰ ਉੱਤੇ ਡਾ.ਚਾਵਲਾ ਨੂੰ ਏਐੱਸਆਈ ਦਾ ਫੋਨ ਗਿਆ ਸੀ ਕਿ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਹੈ। ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਡਾ.ਚਾਵਲਾ ਦਾ ਫੋਨ ਆਇਆ ਕਿ 1297 ਗੱਡੀ ਕਿਹਦੀ ਹੈ। ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਗੱਡੀ ਤਾਂ ਵੱਡੇ ਭਾਜੀ ਦੀ ਹੈ। ਉਨ੍ਹਾਂ ਨੇ ਕਿਹਾ ਕਿ ਖਬਰ ਥੋੜੀ ਚੰਗੀ ਨਹੀਂ ਹੈ, ਐਕਸੀਡੈਂਟ ਹੋ ਗਿਆ ਹੈ। ਏਨੀ ਗੱਲ ਹੀ ਹੋਈ ਸੀ ਕਿ ਫੋਨ ਕੱਟਿਆ ਗਿਆ।
ਕਿਵੇਂ ਮਿਲੀ ਮੌਤ ਦੀ ਖ਼ਬਰ ?
ਮੈਂ ਉਸੇ ਵੇਲੇ ਏਐੱਸਆਈ ਨੂੰ ਫੋਨ ਲਾਇਆ ਤਾਂ ਉਨ੍ਹਾਂ ਨੇ ਮੈਨੂੰ ਸਾਈਡ ਉੱਤੇ ਹੋ ਕੇ ਗੱਲ ਸੁਣਨ ਲਈ ਕਿਹਾ। ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਕਿ ਤੁਸੀਂ ਵਿਆਹੇ ਹੋ, ਮੈਂ ਕਿਹਾ ਕਿ ਹਾਂ। ਉਨ੍ਹਾਂ ਨੇ ਕਿਹਾ ਕਿ ਪੁੱਤ ਹੌਂਸਲਾ ਰੱਖੀਂ, ਐਕਸੀਡੈਂਟ ਹੋ ਗਿਆ ਸੀ, ਸਾਰਿਆਂ ਨੂੰ ਹਸਪਤਾਲ ਭੇਜ ਦਿੱਤਾ ਹੈ, ਤੂੰ ਅਰਾਮ ਨਾਲ ਆਈ। ਮੈਂ ਪੁੱਛਿਆ ਕਿ ਮੇਰੇ ਭਰਾ ਭਰਜਾਈ, ਪੁੱਤ ਦਾ ਕੀ ਹਾਲ ਹੈ। ਪਰ ਸਾਰੇ ਸਾਡੇ ਤੋਂ ਵਿੱਛੜ ਗਏ। ਭਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰਾ ਰੱਬ ਵਰਗਾ ਭਰਾ ਸੀ।
ਆਖ਼ਰੀ ਵਾਰ ਭਰਾ ਨਾਲ ਕੀ ਗੱਲ ਹੋਈ ਸੀ ?
ਟਰਾਲੇ ਹੇਠਾਂ ਆਉਣ ਵਾਲੇ ਪਰਿਵਾਰ ਦੀ ਦੁੱਖਭਰੀ ਕਹਾਣੀ pic.twitter.com/gbW45Zc4et
— The Khalas Tv (@thekhalastv) September 14, 2022
ਮ੍ਰਿਤਕ ਵਿਅਕਤੀ ਦੇ ਭਰਾ ਨੇ ਦੱਸਿਆ ਕਿ ਡੇਢ ਕੁ ਵਜੇ ਉਨ੍ਹਾਂ ਨੂੰ ਆਪਣੇ ਭਰਾ ਦਾ ਫੋਨ ਆਇਆ ਸੀ ਕਿ ਬੇਟੀ ਨੂੰ ਅੱਜ ਕਾਲਜ ਛੱਡ ਕੇ ਆਏ ਹਾਂ। ਮੁੜ ਕੇ ਬੇਟੇ ਨੂੰ ਵੀ ਐਥਲੈਟਿਕਸ ਵਾਸਤੇ ਛੱਡਣਾ ਸੀ। ਮੈਨੂੰ ਕਹਿੰਦੇ ਸੀ ਕਿ ਗੜਸ਼ੰਕਰ ਵਿੱਚ ਮੇਰਾ ਇੱਕ ਦੋਸਤ ਹੈ, ਉਸਨੂੰ ਮਿਲ ਕੇ ਫਿਰ ਬੇਟੇ ਨੂੰ ਛੱਡ ਕੇ ਆਉਣਾ ਹੈ, ਇਸ ਲਈ ਮੈਂ ਥੋੜਾ ਜਿਹਾ ਲੇਟ ਹੋ ਜਾਣਾ ਹੈ।
ਪੂਰੇ ਇਲਾਕੇ ‘ਚ ਸੋਗ ਦੀ ਲਹਿਰ
ਇਸ ਵਕਤ ਵਿੱਛੜੇ ਪਰਿਵਾਰ ਦੇ ਘਰ ਸਮੇਤ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਸਾਰੇ ਜਣੇ ਉਸ ਧੀ ਦੀ ਵੀ ਚਿੰਤਾ ਕਰ ਰਹੇ ਹਨ ਜਿਸਦਾ ਸਾਰਾ ਪਰਿਵਾਰ ਉੱਜੜ ਗਿਆ। ਉਹਦੀ ਅਗਲੀ ਜ਼ਿੰਦਗੀ ਹੁਣ ਕਿਵੇਂ ਨਿਕਲੇਗੀ, ਕਿਹੜੇ ਹਾਲਾਤਾਂ ਵਿੱਚ, ਇਹ ਤਾਂ ਹੁਣ ਰੱਬ ਹੀ ਜਾਣਦਾ ਹੈ।