Punjab

ਰੋਮ ਜਲ ਰਿਹਾ ਸੀ ਤੇ ਨੀਰੂ ਬੰਸਰੀ ਵਜਾ ਰਿਹਾ ਸੀ! ਚੀਮਾ ਨੇ ਕੈਪਟਨ ਦੇ ‘ਸ਼ਾਹੀ ਮਹਿਮਾਨ’ ’ਤੇ ਕੱਸਿਆ ਤਨਜ਼

’ਦ ਖ਼ਾਲਸ ਬਿਊਰੋ: ਸ਼੍ਰੋਮਣੀ ਅਕਾਲੀ ਦਲ ਲੀਡਰ ਦਲਜੀਤ ਸਿੰਘ ਚੀਮਾ ਨੇ ਇੱਕ ਪੁਰਾਣੀ ਕਹਾਵਤ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਦੇ ‘ਲੰਚ’ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ, ਬੀਬੀਆਂ, ਬੱਚੇ ਠੰਢ ਅਤੇ ਬਾਰਸ਼ ਦੇ ਮੌਸਮ ਵਿੱਚ ਵੀ ਆਪਣੇ ਹੱਕਾਂ ਦੀ ਰਾਖੀ ਲਈ ਕਾਫਲਿਆਂ ਵਿੱਚ ਦਿੱਲੀ ਜਾ ਰਹੇ ਤੇ ਉੱਧਰ ਪੰਜਾਬ ਦੇ ਬਾਦਸ਼ਾਹ ਇੱਕ ਸ਼ਾਹੀ ਮਹਿਮਾਨ ਨੂੰ ਖਾਣਾ ਖਵਾ ਰਹੇ ਹਨ।

ਚੀਮਾ ਨੇ ‘ਰੋਮ ਜਲ ਰਿਹਾ ਸੀ ਤੇ ਨੀਰੂ ਬੰਸਰੀ ਵਜਾ ਰਿਹਾ ਸੀ’ ਕਹਾਵਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕਹਾਵਤ ਪੰਜਾਬ ਦੇ ਮੌਜੂਦਾ ਹਾਲਾਤਾਂ ’ਤੇ ਢੁੱਕਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੀ ਸਰਕਾਰ ਨਾਲ ਤੁਰੰਤ ਰਾਬਤਾ ਕਾਇਮ ਕਰਕੇ ਕਿਸਾਨਾਂ ਦੀ ਗੰਭੀਰ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਸੀ। ਪਰ ਇਸ ਦੀ ਬਜਾਏ ਉਨ੍ਹਾਂ ਨੇ ਇੱਕ ਸ਼ਾਹੀ ਮਹਿਮਾਨ ਬਣਾਇਆ ਅਤੇ ਅੱਜ ਉੱਥੇ ਭੋਜ ਚੱਲ ਰਹੇ ਹਨ, ਜਦਕਿ ਕਿਸਾਨ ਸੜਕਾਂ ’ਤੇ ਰੁਲ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਤੋਂ ਮਾੜੀ ਹਾਲਤ ਕੀ ਹੋ ਸਕਦੀ ਹੈ?

ਦੱਸ ਦੇਈਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿੱਧੂ ਨੂੰ ਲੰਚ ਲਈ ਸੱਦਿਆ ਸੀ। ਕਿਹਾ ਜਾ ਰਿਹਾ ਸੀ ਕਿ ਇਸ ਦੌਰਾਨ ਕੌਮੀ ਅਤੇ ਸੂਬੇ ਦੀ ਸਿਆਸਤ ਨੂੰ ਲੈ ਕੇ ਚਰਚਾ ਹੋਵੇਗੀ। ਫਿਲਹਾਲ ਸਿੱਧੂ ਕੈਪਟਨ ਨਾਲ ਲੰਚ ਤੋਂ ਬਾਅਦ ਅੰਮ੍ਰਿਤਸਰ ਵਾਪਿਸ ਪਰਤ ਆਏ ਹਨ।

ਇਹ ਵੀ ਪੜ੍ਹੋ: ਕੈਪਟਨ ਨਾਲ ਸਿੱਧੂ ਨੇ ਕੀਤਾ 3 ਘੰਟੇ ਲੰਚ, CM ਨੇ ਦਿੱਤੀ ਸਿੱਧੂ ਨੂੰ ਦਿੱਤੀ ਇਹ ਵੱਡੀ ਜ਼ਿੰਮੇਵਾਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਦੁਪਹਿਰ ਦੇ ਖਾਣੇ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੁਬਾਰਾ ਕੈਬਨਿਟ ਮੰਤਰੀ ਬਣ ਸਕਦੇ ਹਨ। ਕੈਪਟਨ ਤੇ ਸਿੱਧੂ ਨੇ ਸਿਸਵਾਂ ਫਾਰਮ ਹਾਊਸ ਵਿੱਚ ਇੱਕ ਘੰਟੇ ਦੀ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਦੋਵਾਂ ਨੇਤਾਵਾਂ ਵਿਚਾਲੇ ਹੋਏ ਆਪਸੀ ਤਾਲਮੇਲ ‘ਚ ਕਿਸਾਨਾਂ ਦੇ ਅੰਦੋਲਨ ਸਣੇ ਕਈ ਰਾਜਨੀਤਕ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ। ਲਗਭਗ 3 ਘੰਟੇ ਇਸ ਮੁਲਾਕਾਤ ਤੋਂਂ ਬਾਅਦ ਜਦੋਂ ਸਿੱਧੂ ਬਾਹਰ ਆਏ ਤਾਂ ਉਨ੍ਹਾਂ ਦਾ ਚਿਹਰਾ ਬਾਗੋਬਾਗ ਸੀ।