‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਰੂਸ ਵੱਲੋਂ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਬਣ ਕੇ ਤਿਆਰ ਹੋ ਗਈ ਹੈ। ਰੂਸ ਦੇ ਸਿਹਤ ਮੰਤਰਾਲੇ ਮੁਤਾਬਿਕ ਹਰ ਮਹੀਨੇ 50 ਲੱਖ ਡੋਜ਼ ਤਿਆਰ ਕੀਤੀ ਜਾਵੇਗੀ।
ਕੁੱਝ ਵਿਗਿਆਨੀਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਰੂਸ ਵੱਲੋਂ ਤੇਜ਼ੀ ਨਾਲ ਕੋਰੋਨਾ ਵੈਕਸੀਨ ਦੇ ਉਤਪਾਦਨ ਨੂੰ ਮਨਜ਼ੂਰੀ ਦੇ ਕੇ ਰੂਸ ਨੇ ਸਿਹਤ ਅਤੇ ਸੁਰੱਖਿਆ ਨਾਲੋਂ ਰਾਸ਼ਟਰੀ ਮਾਣ ਨੂੰ ਪਹਿਲ ਦਿੱਤੀ ਹੈ। ਦੁਨੀਆ ਭਰ ਦੇ ਦੇਸ਼ ਕੋਰੋਨਾ ਵੈਕਸੀਨ ਬਣਾਉਣ ਦੀ ਦੌੜ ਵਿੱਚ ਲੱਗੇ ਹੋਏ ਹਨ ਪਰ ਰੂਸ ਨੇ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਬਣਾਉਣ ਦੀ ਘੋਸ਼ਣਾ ਕਰਕੇ ਬਾਜ਼ੀ ਮਾਰਨ ਦਾ ਦਾਅਵਾ ਕੀਤਾ ਹੈ। ਰੂਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੈਕਸੀਨ ਇਸ ਮਹੀਨੇ ਦੇ ਅੰਤ ਤੱਕ ਬਾਜ਼ਾਰ ਵਿੱਚ ਆ ਜਾਵੇਗੀ।
ਇਸ ਵੈਕਸੀਨ ਨੂੰ ਤੀਸਰੇ ਪੜਾਅ ਦੇ ਟ੍ਰਾਇਲ ਤੋਂ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ। ਤੀਸਰੇ ਪੜਾਅ ਵਿੱਚ ਹਜ਼ਾਰਾਂ ਲੋਕਾਂ ‘ਤੇ ਵੈਕਸੀਨ ਦਾ ਪ੍ਰੀਖਣ ਕੀਤਾ ਜਾਂਦਾ ਹੈ। ਵੈਕਸੀਨ ਦੇ ਉਤਪਾਦਨ ਦੇ ਲਈ ਮਨਜ਼ੂਰੀ ਮਿਲਣਾ ਬਹੁਤ ਅਹਿਮ ਮੰਨਿਆ ਜਾਂਦਾ ਹੈ।
ਰੂਸ ਨੇ ਆਪਣੀ ਕੋਰੋਨਾ ਵੈਕਸੀਨ ਦਾ ਨਾਮ Sputnik-V ਰੱਖਿਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸਦੀ ਧੀ ਨੂੰ ਸਭ ਤੋਂ ਪਹਿਲਾਂ ਇਸਦਾ ਟੀਕਾ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਟੀਕਾ ਲਗਵਾਉਣ ਤੋਂ ਬਾਅਦ ਵਧੀਆ ਮਹਿਸੂਸ ਕੀਤਾ ਸੀ।
ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪੀੜਤ ਹਨ। ਅਮਰੀਕਾ ਅਤੇ ਬ੍ਰਾਜ਼ੀਲ ਨੇ ਰੂਸ ਦੀ ਵੈਕਸੀਨ ਦਾ ਇਸਤੇਮਾਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਭਾਰਤ ਨੇ ਵੀ ਇਸ ਵੈਕਸੀਨ ਦੇ ਇਸਤੇਮਾਲ ਕਰਨ ‘ਤੇ ਅਜੇ ਤੱਕ ਅਧਿਕਾਰਤ ਤੌਰ ‘ਤੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ। ਫਿਲੀਪਿਨਸ ਦੇ ਰਾਸ਼ਟਰਪਤੀ ਰੋਡ੍ਰਿਗੋ ਡੂਟੇਟਰੇ ਨੇ ਰੂਸੀ ਵੈਕਸੀਨ ‘ਤੇ ਪੂਰਾ ਭਰੋਸਾ ਜਤਾਇਆ ਹੈ ਅਤੇ ਇਸਦੇ ਇਸਤੇਮਾਲ ਕਰਨ ‘ਤੇ ਹਾਮੀ ਭਰੀ ਹੈ।