‘ਦ ਖ਼ਾਲਸ ਬਿਊਰੋ : ਸਾਲ 2023 ਦੇ ਫਰਵਰੀ ਮਹੀਨੇ ਵਿੱਚ ਰੂਸ-ਯੂਕਰੇਨ (Russia-Ukraine) ਜੰਗ (War) ਨੂੰ ਇੱਕ ਸਾਲ (One Year) ਪੂਰਾ ਹੋ ਜਾਵੇਗਾ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ (Vladimir Putin) ਨੇ ਯੂਕਰੇਨ ਖ਼ਿਲਾਫ਼ 36 ਘੰਟਿਆਂ ਲਈ ਜੰਗਬੰਦੀ ਦਾ ਐਲਾਨ ਕੀਤਾ ਹੈ। ਪੂਤਿਨ ਨੇ ਇਹ ਫੈਸਲਾ ਰੂਸੀ ਕ੍ਰਿਸਮਸ ਰੂਸੀ ਓਰਥੋਡੋਕਸ ਹਾਲੀਡੇਅ (ਛੁੱਟੀ) ਦੇ ਮੱਦੇਨਜ਼ਰ ਲਿਆ ਹੈ। ਕਰੈਮਲਿਨ ਅਨੁਸਾਰ ਰੂਸ ਦੀਆਂ ਫੌਜਾਂ ਵੀਰਵਾਰ 6 ਜਨਵਰੀ ਨੂੰ ਰਾਤ 12 ਵਜੇ ਤੋਂ ਅਗਲੇ 36 ਘੰਟਿਆਂ ਲਈ ਯੂਕਰੇਨ ’ਤੇ ਗੋਲੀਬਾਰੀ ਨਹੀਂ ਕਰਨਗੀਆਂ। ਯੂਕਰੇਨ ਤੇ ਰੂਸ ਵਿੱਚ ਰਹਿੰਦੇ ਓਰਥੋਡੋਕਸ ਈਸਾਈ ਭਾਈਚਾਰੇ ਦੇ ਲੋਕ 6 ਅਤੇ 7 ਜਨਵਰੀ ਨੂੰ ਕ੍ਰਿਸਮਸ ਦਾ ਤਿਉਹਾਰ ਮਨਾਉਂਦੇ ਹਨ।
ਰੂਸ ਦੇ ਓਰਥੋਡੋਕਸ ਗਿਰਜਾਘਰ ਦੇ ਮੁਖੀ ਤੇ ਮਾਸਕੋ ਦੇ ਵਸਨੀਕ ਪੈਟਰੀਆਰਚ ਕਿਰਿਲ ਨੇ ਵੀਰਵਾਰ ਨੂੰ ਰੂਸ ਤੇ ਯੂਕਰੇਨ ਨੂੰ ਕ੍ਰਿਸਮਸ ਮੌਕੇ ਜੰਗਬੰਦੀ ਦਾ ਸੱਦਾ ਦਿੱਤਾ ਸੀ। ਇਸ ਸਬੰਧ ਵਿੱਚ ਪੂਤਿਨ ਨੇ ਹੁਕਮ ਜਾਰੀ ਕਰਦਿਆਂ ਕਿਹਾ, ‘ਪੈਟਰੀਆਰਚ ਵੱਲੋਂ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਰੂਸੀ ਫੈਡਰੇਸ਼ਨ ਦੇ ਰੱਖਿਆ ਮੰਤਰਾਲੇ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਯੂਕਰੇਨ ਖ਼ਿਲਾਫ਼ 6 ਜਨਵਰੀ ਨੂੰ ਰਾਤ 12 ਵਜੇ ਤੋਂ ਅਗਲੇ 36 ਘੰਟਿਆਂ ਲਈ ਗੋਲੀਬਾਰੀ ਰੋਕ ਦਿੱਤੀ ਜਾਵੇ।’ ਇਸੇ ਦੌਰਾਨ ਪੂਤਿਨ ਨੇ ਕਿਹਾ ਕਿ ਕ੍ਰਿਸਮਸ ਮਨਾਉਣ ਵਾਲੇ ਓਰਥੋਡੋਕਸ ਈਸਾਈ ਭਾਈਚਾਰੇ ਦੇ ਵਧੇਰੇ ਲੋਕ ਉਨ੍ਹਾਂ ਖੇਤਰਾਂ ਵਿੱਚ ਰਹਿੰਦੇ ਹਨ ਜਿਥੇ ਜੰਗ ਦੌਰਾਨ ਕਾਫੀ ਮੌਤਾਂ ਹੋਈਆਂ ਹਨ। ਇਸ ਲਈ ਉਨ੍ਹਾਂ ਨੇ ਯੂਕਰੇਨ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਜੰਗਬੰਦੀ ਦਾ ਐਲਾਨ ਕਰੇ ਤਾਂ ਕਿ ਲੋਕ ਕ੍ਰਿਸਮਸ ਮੌਕੇ ਗਿਰਜਾਘਰਾਂ ਵਿੱਚ ਜਾ ਕੇ ਪ੍ਰਾਰਥਨਾ ਕਰ ਸਕਣ। ਇਸੇ ਦੌਰਾਨ ਯੂਕਰੇਨ ਨੇ ਜੰਗਬੰਦੀ ਤੋਂ ਇਨਕਾਰ ਕਰਦਿਆਂ ਇਸ ਨੂੰ ਰੂਸ ਦੀ ਚਾਲ ਤੇ ਪ੍ਰੋਪੇਗੰਡਾ ਦੱਸਿਆ ਹੈ। -ਰਾਇਟਰਜ਼/ਪੀਟੀਆਈ
ਯੂਕਰੇਨ ਦੀ ਫੌਜ ਅਨੁਸਾਰ ਪੂਰਬੀ ਦੋਨੇਤਸਕ ਖੇਤਰ ਵਿੱਚ ਜੰਗ ਲੜ ਰਹੇ ਰੂਸ ਦੇ 800 ਫ਼ੌਜੀ ਬੀਤੇ ਦਿਨ ਮਾਰੇ ਗਏ ਹਨ। ਇਸੇ ਦੌਰਾਨ ਪੱਛਮੀ ਸਹਾਇਕ ਦੇਸ਼ਾਂ ਨੇ ਯੂਕਰੇਨ ਨੂੰ ਹਥਿਆਬੰਦ ਵਾਹਨ ਦੇਣ ਦਾ ਵਾਅਦਾ ਕੀਤਾ ਹੈ ਪਰ ਯੂਕਰੇਨ ਦੀ ਇੱਛਾ ਮੁਤਾਬਕ ਟੈਂਕ ਸਪਲਾਈ ਨਹੀਂ ਕੀਤੇ ਜਾਣਗੇ।