ਰੂਪਨਗਰ ਦੇ ਪਹਾੜੀ ਇਲਾਕੇ ਵਿੱਚ ਇੱਕ ਕਾਰ ਟੋਏ ਵਿੱਚ ਪਲਟ ਜਾਣ ਕਾਰਨ ਡਰਾਈਵਰ ਦੀ ਮੌਤ ਹੋ ਗਈ। ਜਦਕਿ ਕਾਰ ‘ਚ ਸਵਾਰ ਔਰਤ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਾਰ ਸਵਾਰ ਦੋਵੇਂ ਪਤੀ-ਪਤਨੀ ਸਨ। ਮ੍ਰਿਤਕ ਡਰਾਈਵਰ ਸਾਬਕਾ ਫ਼ੌਜੀ ਦੱਸਿਆ ਜਾ ਰਿਹਾ ਹੈ।
ਥਾਣਾ ਨੂਰਪੁਰ ਬੇਦੀ ਅਧੀਨ ਪੈਂਦੀ ਪੁਲੀਸ ਚੌਕੀ ਹਰੀਪੁਰ ਦੇ ਇੰਚਾਰਜ ਏਐਸਆਈ ਸੋਹਣ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਦੋ ਵਿਅਕਤੀ ਸਵਾਰ ਸਨ। ਇਹ ਹਾਦਸਾ ਰੂਪਨਗਰ-ਨੂਰਪੁਰ ਬੇਦੀ ਸੜਕ ਵੱਲ ਜਾਣ ਵਾਲੇ ਪਹਾੜੀ ਖੇਤਰ ਦੇ ਪਹਿਲੇ ਚੜ੍ਹਾਈ ਪੁਆਇੰਟ ‘ਤੇ ਵਾਪਰਿਆ। ਚਸ਼ਮਦੀਦਾਂ ਮੁਤਾਬਕ ਅਚਾਨਕ ਇੱਕ ਕਾਰ ਖਾਈ ਵਿੱਚ ਪਲਟ ਗਈ। ਜ਼ਖ਼ਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਕਾਰ ‘ਚੋਂ ਬਾਹਰ ਕੱਢਿਆ ਗਿਆ।
ਇਸ ਦੌਰਾਨ ਡਰਾਈਵਰ ਰਸ਼ਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਮੀਆਂਪੁਰ ਜ਼ਿਲ੍ਹਾ ਰੂਪਨਗਰ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਦੀ ਪਤਨੀ ਸੁਖਵਿੰਦਰ ਕੌਰ ਨੂੰ ਹਸਪਤਾਲ ਭੇਜ ਦਿੱਤਾ ਗਿਆ, ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਮੁਹਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।