‘ਦ ਖਾਲਸ ਬਿਊਰੋ :- ਕੋਰੋਨਾ ਸੰਕਟ ਦੀ ਸਭ ਤੋਂ ਔਖੀ ਘੜੀ ਵੇਲੇ ਸੂਬੇ ਦੇ ਸਰਕਾਰੀ ਅਫ਼ਸਰ ਆਪਣੀ ਜਾਣ ਨੂੰ ਦਾਅ ਦੇ ਲਗਾ ਕੇ ਡਿਊਟੀ ਨਿਭਾ ਰਹੇ ਹਨ। ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਆਪਣੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਵੱਲੋਂ ਰੋਪੜ ਦੇ ਡਿਪਟੀ ਕਮਿਸ਼ਨਰ ਦੇ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਦੱਸਿਆ ਗਿਆ ਸੀ। ਹੁਣ ਸੋਨਾਲੀ ਗਿਰੀ ਤੇ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਣ ਦੀ ਪੁਸ਼ਟੀ ਕੀਤੀ ਗਈ ਹੈ ਪਰ ਸਾਰੇ ਬਿਲਕੁਲ ਤੰਦਰੁਸਤ ਹਨ ਤੇ ਕੋਈ ਗੰਭੀਰ ਲੱਛਣ ਨਹੀਂ ਹਨ।
DC ਸੋਨਾਲੀ ਦੇ ਪਰਿਵਾਰ ‘ਚ ਉਨ੍ਹਾਂ ਦੇ IAS ਪਤੀ ਵਿਪੁਲ ਉੱਜਵਲ (42), 8 ਸਾਲਾ ਬੇਟਾ ਤੇ 1 ਸਾਲ ਦੀ ਬੇਟੀ , 66 ਸਾਲ ਦੇ ਪਿਤਾ ਤੇ 65 ਸਾਲ ਦੀ ਮਾਤਾ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਉਹ ਸਾਰੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਘਰ ’ਚ ਹੀ ਇਕਾਂਤਵਾਸ ਹਨ।
ਦੱਸਣਯੋਗ ਹੈ ਕਿ ਰੂਪਨਗਰ ਜ਼ਿਲ੍ਹੇ ‘ਚ ਨਵੇਂ 10 ਪਾਜ਼ਿਟਿਵ ਕੇਸਾਂ ਦੇ ਆਉਣ ਨਾਲ ਹੁਣ ਕੁੱਲ 21 ਕੇਸ ਐਕਟਿਵ ਹੋ ਗਏ ਹਨ। SDM ਰੂਪਨਗਰ ਗੁਰਵਿੰਦਰ ਸਿੰਘ ਜੌਹਲ ਦੀ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ DC ਤੇ SDM ਦਫ਼ਤਰਾਂ ਦੇ 110 ਜਣਿਆਂ ਦੇ ਸੈਂਪਲ ਲਏ ਗਏ ਸਨ ਤੇ ਤਿੰਨ ਦਿਨ ਲਈ ਇਨ੍ਹਾਂ ਦਫ਼ਤਰਾਂ ਰਾਹੀਂ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ।