ਬਟਾਲਾ : ਪੰਜਾਬ ਸਰਕਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਹਰ ਰੋਜ ਵੱਖ ਵੱਖ ਵਰਗਾਂ,ਵੱਖੋ-ਵੱਖ ਮਹਿਕਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਾਨ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,ਧਰਨੇ ਦਿੱਤੇ ਦਾ ਰਹੇ ਹਨ । ਇਸ ਸਮੇਂ ਪੰਜਾਬ ਭਰ ਵਿੱਚ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪਿਛਲੇ 3-4 ਦਿਨਾਂ ਤੋਂ ਧਰਨਾ ਲਾਇਆ ਹੋਇਆ ਹੈ ਤੇ ਹਨ ਤੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਇਸ ਵਿਚਾਲੇ ਪੰਜਾਬ ਵਿੱਚ ਅਲੱਗ ਅਲੱਗ ਸ਼ਹਿਰਾਂ ਵਿੱਚ ਯੂਨੀਅਨ ਦੇ ਸੱਦੇ ‘ਤੇ ਬੱਸ ਅੱਡਿਆਂ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਜਾਮ ਕਰ ਦਿੱਤਾ ਗਿਆ,ਜਿਸ ਕਾਰਨ ਸੈਂਕੜੇ ਸਵਾਰੀਆਂ ਨੂੰ ਟਰਮੀਨਲ ਦੇ ਬਾਹਰ ਇੰਤਜ਼ਾਰ ਕਰਨ ਲਈ ਮਜਬੂਰ ਹੋਣਾ ਪਿਆ।
ਧਰਨਾਕਾਰੀ ਬਟਾਲਾ ਵਿੱਚ ਇੱਕ ਬੱਸ ਕੰਟਕਟਰ ਨੂੰ ਕਥਿਤ ਤੌਰ ‘ਤੇ ਧੱਕੇ ਨਾਲ ਕੱਢੇ ਜਾਣ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ 15 ਮੁਲਾਜ਼ਮਾਂ ਦੀਆਂ ਜ਼ਬਰਦਸਤੀ ਬਦਲੀਆਂ ਕੀਤੇ ਜਾਣ ਦਾ ਵਿਰੋਧ ਵੀ ਯੂਨੀਅਨ ਵਲੋਂ ਕੀਤਾ ਜਾ ਰਿਹਾ ਹੈ।
ਇਸੇ ਕਾਰਨ ਯੂਨੀਅਨ ਮੈਂਬਰਾਂ ਵੱਲੋਂ ਰੋਡਵੇਜ਼ ਦੇ 18 ਡਿਪੂਆਂ ‘ਤੇ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ। ਜਿਸ ਕਾਰਨ ਸੂਬੇ ਭਰ ‘ਚ 2000 ਦੇ ਕਰੀਬ ਪਨਬੱਸ ਬੱਸਾਂ ਦੀ ਸੇਵਾ ਵੀ ਠੱਪ ਹੋ ਗਈ ਹੈ।
ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਅਤੇ ਨੌਕਰੀ ਤੋਂ ਕੱਢੇ ਗਏ ਸਾਡੇ ਸਾਥੀਆਂ ਨੂੰ ਨੌਕਰੀਆਂ ਤੇ ਬਹਾਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਮੁਲਾਜ਼ਮਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨਾਂ ਤਾਂ ਸਾਡੀਆਂ ਤਨਖਾਹਾਂ ਵਿੱਚ ਵਾਧਾ ਕਰ ਰਹੀ ਹੈ ਅਤੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੀ ਹੈ। ਪਿਛਲੇ 12 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜੋ ਮੁਲਾਜ਼ਮ ਕੱਚੇ ਤੌਰ ਤੇ ਕੰਮ ਕਰ ਰਹੇ ਹਨ,ਉਹਨਾਂ ਬਾਰੇ ਸਰਕਾਰ ਕੁਝ ਵੀ ਨਹੀਂ ਸੋਚ ਰਹੀ ।
ਉਹਨਾਂ ਇਹ ਵੀ ਕਿਹਾ ਕਿ ਹਾਲੇ ਤਾਂ ਪੂਰੇ ਪੰਜਾਬ ਵਿੱਚ ਸਿਰਫ਼ 18 ਬੱਸ ਡਿਪੂ ਹੀ ਬੰਦ ਕੀਤੇ ਸੀ ਪਰ ਹੁਣ,ਹਾਲੇ ਤੱਕ ਸਾਡੀਆਂ ਮੰਗਾਂ ਨਾ ਤਾਂ ਮੰਨੀਆਂ ਗਈਆਂ ਹਨ ਤੇ ਨਾ ਹੀ ਨੌਕਰੀ ਤੋਂ ਕੱਢੇ ਗਏ ਸਾਡੇ ਸਾਥੀ ਨੂੰ ਨੌਕਰੀ ਤੇ ਬਹਾਲ ਕੀਤਾ ਗਿਆ ਹੈ,ਇਸ ਲਈ ਬਾਕੀ ਦੇ ਬਚੇ 9 ਡਿਪੂ ਵੀ ਬੰਦ ਕਰ ਦਿੱਤੇ ਗਏ ਹਨ ।ਇਸ ਤਰਾਂ ਨਾਲ ਹੁਣ ਤੱਕ ਪੂਰੇ ਪੰਜਾਬ ਦੇ 27 ਬੱਸ ਡਿਪੂ ਅਣਮਿੱਥੇ ਸਮੇਂ ਲਈ ਬੰਦ ਹੋ ਚੁੱਕੇ ਹਨ।
ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਿੰਨ੍ਹਾਂ ਸਮਾਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਵਾਅਦਾ ਕੀਤਾ ਸੀ ਕਿ ੳਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਪਰ ਮਾਨ ਸਰਕਾਰ ਵੀ ਹੁਣ ਪਨਬੱਸ ਦੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ,ਉਲਟਾ ਮੁਲਾਜ਼ਮਾਂ ਨੂੰ ਝੂਠੇ ਇਲਜ਼ਾਮ ਲਗਾ ਕੇ ਨੋਕਰੀਆਂ ਤੋਂ ਕੱਢ ਰਹੀ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ।