India International

ਬ੍ਰਿਟੇਨ ’ਚ 4 ਜੁਲਾਈ ਨੂੰ ਵੋਟਿੰਗ! ਸਰਵੇ ’ਚ ਰਿਸ਼ੀ ਸੁਨਕ ਦੀ ਪਾਰਟੀ ਦੀ ਹਾਰ, ਆਪਣੀ ਹੀ ਸੀਟ ਹਾਰ ਸਕਦੇ ਨੇ ਸੁਨਕ!

ਲੰਦਨ: ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੀ ਚੋਣਾਂ ਦੀ ਦਾਅਵੇਦਾਰੀ ਅਸਫ਼ਲ ਹੁੰਦੀ ਨਜ਼ਰ ਆ ਰਹੀ ਹੈ। ਇੱਕ ਹਫ਼ਤੇ ਬਾਅਦ 4 ਜੁਲਾਈ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ, ਜ਼ਿਆਦਾਤਰ ਸਰਵੇਖਣ ਕੰਜ਼ਰਵੇਟਿਵ ਪਾਰਟੀ ਦੇ ਸਫ਼ਾਏ ਦੀ ਭਵਿੱਖਬਾਣੀ ਕਰ ਰਹੇ ਹਨ।

’ਦ ਇਕਨਾਮਿਸਟ ਵੱਲੋਂ ਕੀਤੇ ਸਰਵੇਖਣ ਵਿੱਚ ਸੁਨਕ ਦੀ ਪਾਰਟੀ ਨੂੰ ਸਭ ਤੋਂ ਵੱਧ 117 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਸਾਵੰਤਾ-ਗਾਰਡੀਅਨ ਦੇ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਜ਼ਰਵੇਟਿਵ ਪਾਰਟੀ ਸਿਰਫ਼ 53 ਸੀਟਾਂ ਤੱਕ ਹੀ ਸੀਮਤ ਰਹਿ ਸਕਦੀ ਹੈ। ਜੋ ਕਿ 2019 ਦੀਆਂ ਚੋਣਾਂ ਵਿੱਚ 365 ਸੀਟਾਂ ਦੇ ਮੁਕਾਬਲੇ ਬਹੁਤ ਘੱਟ ਹੈ।

ਇਸ ਦੇ ਨਾਲ ਹੀ 650 ਸੀਟਾਂ ਵਾਲੇ ਸਦਨ ਵਿੱਚ ਕੀਰ ਸਟਾਰਮਰ ਦੀ ਲੇਬਰ ਪਾਰਟੀ ਨੂੰ ਘੱਟੋ-ਘੱਟ 425 ਅਤੇ ਵੱਧ ਤੋਂ ਵੱਧ 516 ਸੀਟਾਂ ਮਿਲਣ ਦੀ ਉਮੀਦ ਹੈ। 7 ਸਰਵੇਖਣਾਂ ਦੀ ਔਸਤ ਇਹ ਵੀ ਦਰਸਾਉਂਦੀ ਹੈ ਕਿ ਸੁਨਕ ਨੂੰ 95 ਅਤੇ ਸਟਾਰਮਰ ਨੂੰ 453 ਸੀਟਾਂ ਮਿਲ ਰਹੀਆਂ ਹਨ।

ਹੁਣ ਸੁਨਕ ਵੱਲੋਂ ਜਲਦੀ ਚੋਣਾਂ ਕਰਵਾਉਣ ਦੀ ਦਾਅਵੇਦਾਰੀ ’ਤੇ ਸਵਾਲ ਉਠਾਏ ਜਾ ਰਹੇ ਹਨ। ਜਦੋਂ ਉਹ ਲੋਕਪ੍ਰਿਅਤਾ ਦੇ ਲਿਹਾਜ਼ ਨਾਲ ਲੇਬਰ ਪਾਰਟੀ ਤੋਂ 20 ਅੰਕ ਪਿੱਛੇ ਸੀ ਤਾਂ ਜਲਦੀ ਚੋਣਾਂ ਦਾ ਐਲਾਨ ਕਿਉਂ ਕੀਤਾ ਗਿਆ?

ਆਪਣੀ ਹੀ ਸੀਟ ਹਾਰ ਸਕਦੇ ਹਨ ਸੁਨਕ

ਸਾਵੰਤਾ ਦੇ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੀਐਮ ਸੁਨਕ ਖ਼ੁਦ ਇਸ ਚੋਣ ਵਿੱਚ ਆਪਣੀ ਸੀਟ ਗੁਆਉਣ ਜਾ ਰਹੇ ਹਨ। ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੀਐਮ ਸੁਨਕ ਖੁਦ ਆਪਣੀ ਰਿਚਮੰਡ ਸੀਟ (ਯਾਰਕਸ਼ਾਇਰ) ਗੁਆ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਜਿਨ੍ਹਾਂ ਨਾਲ ਅਜਿਹਾ ਹੋਵੇਗਾ।

ਇਸ ਦੇ ਨਾਲ ਹੀ ਸਾਬਕਾ ਮੰਤਰੀ ਲਾਰਡ ਗੋਲਡਸਮਿਥ ਨੇ ਇਲਜ਼ਾਮ ਲਾਇਆ ਕਿ ਸੰਭਾਵੀ ਹਾਰ ਤੋਂ ਬਾਅਦ ਸੁਨਕ ਅਮਰੀਕਾ ਸ਼ਿਫਟ ਹੋ ਜਾਣਗੇ। ਹਾਲਾਂਕਿ ਕੰਜ਼ਰਵੇਟਿਵ ਪਾਰਟੀ ਅਤੇ ਪੀਐਮ ਸੁਨਕ ਨੇ ਇਸ ਤੋਂ ਇਨਕਾਰ ਕੀਤਾ ਹੈ।

 

ਇਹ ਵੀ ਪੜ੍ਹੋ – NRIs ਨੇ ਪੈਸਿਆ ਦੇ ਤੋੜੇ ਸਾਰੇ ਰਿਕਾਰਡ, 2023 ‘ਚ ਭੇਜੇ ਇੰਨੇ ਪੈਸੇ ਕਿ ਇਨ੍ਹਾ ਦੇਸ਼ਾਂ ਨੂੰ ਛੱਡਿਆ ਪਿੱਛੇ