ਚੰਡੀਗੜ੍ਹ : ਰਾਜਸਥਾਨ ਦੀ ਨਾਗੋਰ ਅਦਾਲਤ ਦੇ ਬਾਹਰ ਕੱਲ ਕਤਲ ਹੋਏ ਗੈਂਗਸਟਰ ਸੰਦੀਪ ਸੇਠੀ ਨੂੰ ਮਾਰਨ ਦੀ ਜਿੰਮੇਵਾਰੀ ਲੈਣ ਵਾਲੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਹੀ ਹੈ। ਇਸ ਪੋਸਟ ਨੂੰ ਬੰਬੀਹਾ ਗੈਂਗ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਥਿਤ ਤੋਰ ’ਤੇ ਬੰਬੀਹਾ ਗਰੁਪ ਵੱਲੋਂ ਪਾਈ ਗਈ ਇਸ ਪੋਸਟ ਵਿੱਚ ਸੰਦੀਪ ਬਿਸ਼ਨੋਈ ਉਰਫ ਸੰਦੀਪ ਸੇਠੀ ਨਾਮ ਦੇ ਗੈਂਗਸਟਰ ਨੂੰ ਮਾਰਨ ਦੀ ਜਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ ਤੇ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਲਾਰੈਂਸ,ਜਗੂ ਤੇ ਗੋਲਡੀ ਦਾ ਹਾਲ ਵੀ ਇਦਾਂ ਦਾ ਹਾਲ ਹੀ ਹੋਵੇਗਾ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਪੋਸਟ ਜਿਹੜੀ ਆਈਡੀ ਤੋਂ ਪਾਈ ਗਈ ਹੈ, ਉਸ ਦਾ ਸਬੰਧ ਦਵਿੰਦਰ ਬੰਬੀਹਾ ਗਰੁੱਪ ਨਾਲ ਹੈ ਜਾਂ ਨਹੀਂ।

ਦੱਸਣਯੋਗ ਹੈ ਕਿ ਬੀਤੇ ਕੱਲ ਗੈਂਗਸਟਰ ਸੰਦੀਪ ਸੇਠੀ, ਜਿਸ ਨੂੰ ਸੰਦੀਪ ਬਿਸ਼ਨੋਈ ਵੀ ਕਿਹਾ ਜਾਂਦਾ ਹੈ , ਦਾ ਪੇਸ਼ੀ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਰਾਜਸਥਾਨ ਦਾ ਨਾਗੋਰ ਕੋਰਟ ਦੇ ਬਾਹਰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।


ਸੀਸੀਟੀਵੀ ਫੁਟੇਜ਼ ਰਾਹੀਂ ਇਹ ਸਪੱਸ਼ਟ ਹੋਇਆ ਹੈ ਕਿ ਕਾਤਲ ਕਾਲੇ ਰੰਗ ਦੀ ਸਕਾਰਪਿਓ ਗੱਡੀ ਦੇ ਵਿੱਚ ਆਏ ਸਨ ਤੇ ਉਹਨਾਂ ਅਦਾਲਤ ਦੇ ਬਾਹਰ ਹੀ ਕੰਪਲੈਕਸ ਵਿੱਚ ਪੇਸ਼ੀ ਭੁਗਤਣ ਆਏ ਸੰਦੀਪ ਸੇਠੀ ‘ਤੇ ਲਗਾਤਾਰ ਫਾਇਰਿੰਗ ਕੀਤੀ ਤੇ ਉਸ ਨੂੰ ਥਾਂ ‘ਤੇ ਹੀ ਮਾਰ ਮੁਕਾਇਆ ਗਿਆ। ਇਸ ਦੌਰਾਨ ਸੰਦੀਪ ‘ਤੇ 9 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਸਨ। ਇਸ ਕਾਰਨ ਕਚਿਹਰੀਆਂ ਵਿੱਚ ਹਫੜਾ-ਦਫੜੀ ਮੱਚ ਗਈ ਤੇ ਰਾਜਸਥਾਨ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਹ ਸੰਭਾਵਨਾ ਜਤਾਈ ਸੀ ਕਿ ਹੋ ਸਕਦਾ ਹੈ ਕਿ ਕਾਤਲ ਹਰਿਆਣੇ ਤੋਂ ਆਏ ਸਨ। ਇਸ ਅਪਰਾਧੀ ਦੀ ਦੋ ਦਿਨ ਪਹਿਲਾਂ ਹੀ ਜ਼ਮਾਨਤ ਹੋਈ ਸੀ ਤੇ ਇਹ ਆਪਣੇ ਨਿੱਜੀ ਸੁਰੱਖਿਆ ਕਰਮੀਆਂ ਨਾਲ ਅਦਾਲਤ ਵਿੱਚ ਪੇਸ਼ੀ ਭੁਗਤਣ ਆਇਆ ਸੀ।