ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਸ਼ੁਕਰਵਾਰ ਨੂੰ ਸ਼ੁਰੂ ਹੋਏ ਬਜਟ ਇਜਲਾਸ ( budget session ) ਤੋਂ ਬਾਅਦ ਅੱਜ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ।
ਸੈਸ਼ਨ ਵਿਚ ਇਕ ਤੋਂ ਬਾਅਦ ਇਕ ‘ਆਪ’ ਵਿਧਾਇਕ ਆਪਣੇ ਹਲਕਿਆਂ ਦੀਆਂ ਸਮੱਸਿਆਵਾਂ ਦੱਸ ਰਹੇ ਹਨ ਅਤੇ ਉਨ੍ਹਾਂ ਦੇ ਹੱਲ ਦੀ ਮੰਗ ਕਰ ਰਹੇ ਸਨ।
ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜਪਾਲ ਦੇ ਭਾਸ਼ਣ ਦੇ ਧੰਨਵਾਦੀ ਮਤੇ ‘ਤੇ ਬੋਲੇ ਪਰ ਵਿਰੋਧੀ ਧਿਰ ਨੇ ਵਾਕਆਊਟ ਕੀਤਾ।ਜਿਸ ‘ਤੇ ਮਾਨ ਨੇ ਤੰਜ ਵੀ ਕੱਸਿਆ । ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਨੂੰ ਉਤਮ ਮੰਨਿਆ ਗਿਆ ਸੀ ਪਰ ਅੱਜ ਉਲਟਾ ਹੋ ਰਿਹਾ ਹੈ। ਮਾਨ ਨੇ ਕਿਹਾ ਕਿ ਸਰਕਾਰਾਂ ਨੇ ਖੇਤੀ ਵੱਲ ਧਿਆਨ ਨਹੀਂ ਦਿੱਤਾ। ਸਾਡੇ ਅੱਜ ਦੇ ਹਾਲਾਤਾਂ ਬਾਰੇ ਗੁਰੂ ਸਹਿਬਾਨ ਨੇ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ।
ਮੁੱਖ ਮੰਤਰੀ ਮਾਨ ਦੇ ਦਾਅਵੇ
- ਖੇਤੀਬਾੜੀ ਯੂਨੀਵਰਸਿਟੀ ਦੀ ਹਾਲਤ ਮੰਦੀ
- ਕਿਸਾਨਾਂ ਨੂੰ ਸਹੀ ਮਾਰਗਦਰਸ਼ਨ ਨਹੀਂ ਮਿਲਿਆ
- ਨਕਲੀ ਬੀਜਾਂ ਤੇ ਨਕਲੀ ਸਪਰੇਆਂ ਨੇ ਕਿਸਾਨਾਂ ਦਾ ਲੱਕ ਤੋੜਿਆ
- ਕਿਸਾਨੀ ਅਪਡੇਟ ਨਹੀਂ ਹੋਈ
- ਪਾਣੀ ਲਾਉਣ ਦੇ ਵੀ ਬਦਲੇ ਤਰੀਕੇ ਪਰ ਪੰਜਾਬ ਵਿੱਚ ਹਾਲਾਤ ਉਹੀ
ਮੁੱਖ ਮੰਤਰੀ ਮਾਨ ਨੇ ਕਿਹਾ ਕਿ 12 ਫਰਵਰੀ ਨੂੰ ਕਿਸਾਨ-ਸਰਕਾਰ ਮਿਲਣੀ ਹੋਈ ਹੈ। ਮਾਨ ਨੇ ਕਿਹਾ ਕਿ ਮਾਲਵੇ ਵਿੱਚ ਨਰਮੇ-ਕਪਾਹ ਵਾਲੇ ਕਿਸਾਨਾਂ ਨੇ ਦੱਸਿਆਂ ਕਿ 1 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਪਾਣੀ ਚਾਹੀਦਾ ਹੈ । ਮਾਨ ਨੇ ਕਿਹਾ ਕਿ 29-30-31 ਮਾਰਚ ਨੂੰ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਣੀ ‘ਤੇ ਪੁਲਿਸ ਦਾ ਪਹਿਰਾ ਹੋਵੇਗਾ। ਮੁੱਖ ਮੰਤਰੀ ਮਾਨ ਨੇ ਖੇਤੀਬਾੜੀ ਬਾਰੇ ਕਰਦਿਆਂ ਕਿਹਾ ਕਿ
- ਖੇਤੀ ਵੱਲ ਸਰਕਾਰ ਨੇ ਖਾਸ ਧਿਆਨ ਦਿੱਤਾ
- ਫਸਲੀ ਚੱਕਰ ਬਦਲਣ ਵੱਲ ਧਿਆਨ
- ਬਾਸਮਤੀ ਦਾ ਰੇਟ ਘੱਟਣ ਤੇ ਸਰਕਾਰ ਦਖਲ ਦੇਵੇਗੀ ਤੇ ਕਿਸਾਨਾਂ ਨੂੰ ਘਾਟਾ ਨਹੀਂ ਹੋਵੇਗਾ।
- ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੰਮ ਕਰਨਾ ਪਵੇਗਾ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦਾ ਪੈਸਾ ਖਾਣ ਵਾਲੇ ਹਰ ਵਿਅਕਤੀ ਕੋਲੋਂ ਹਿਸਾਬ ਲਿਆ ਜਾਵੇਗਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ। ਰੇਤ ਮਾਫੀਆ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਦਰਿਆ ਪੰਜਾਬੀਆਂ ਦੇ ਰੇਤੇ ਦੀਆਂ ਖੱਡਾਂ ਚਾਲੂ ਕਰ ਦਿੱਤੀਆਂ ਗਈਆਂ ਹਨ। ਮਾਨ ਨੇ ਕਿਹਾ ਕਿ ਪੰਜਾਬ ਦਾ ਖਜਾਨਾ ਭਰ ਕੇ ਲੋਕਾਂ ਤੇ ਹੀ ਲਾਵਾਂਗੇ ।ਮਾਨ ਨੇ ਕਿਹਾ ਕਿ ਸਰਕਾਰ ਨੇ ਪੰਜ ਟੋਲ ਪਲਾਜੇ ਬੰਦ ਕੀਤੇ ਹਾਲਾਕਿ ਇਸ ਦਾ ਪਹਿਲਾਂ ਕੋਈ ਵਾਅਦਾ ਨਹੀਂ ਸੀ ਕੀਤਾ ।
ਪੰਜਾਬ ਵਿੱਚ ਗੈਰਕਾਨੂੰਨੀ ਕਾਲੋਨੀਆਂ ‘ਤੇ ਕਾਰਵਾਈ ਕੀਤੀ ਜਾਵੇਗੀ ਤੇ ਆਮ ਲੋਕਾਂ ਦੇ ਰੀਅਲ ਇਸਟੇਟ ਤੇ ਗੈਰ ਕਾਨੂੰਨੀ ਕਾਲੋਨੀਆਂ ਵਿੱਚ ਫਸੇ ਪੈਸੇ ਵੀ ਕੱਢਵਾਏ ਜਾਣਗੇ।ਇਸ ਤੋਂ ਬਾਅਦ ਐਨਓਸੀ ਦੀ ਸ਼ਰਤ ਵੀ ਖਤਮ ਕਰ ਕੀਤੀ ਜਾਵੇਗੀ।
ਸਰਕਾਰ ਤੁਹਾਡੇ ਦੁਆਰ ਸਕੀਮ
ਮਾਨ ਨੇ ਕਿਹਾ ਕਿ ਸਰਕਾਰੀ ਅਫਸਰ ਹਫਤੇ ਵਿੱਚ ਦੋ ਦਿਨ ਪਿੰਡ ਪਹੁੰਚਣਗੇ ਤੇ ਲੋਕਾਂ ਦੀਆਂ ਸੱਮਸਿਆਵਾਂ ਮੌਕੇ ‘ਤੇ ਹੱਲ ਕੀਤੀਆਂ ਜਾਣਗੀਆਂ।ਮੌਕੇ ‘ਤੇ ਐਮਐਲਏ ਵੀ ਪਹੁੰਚਣਗੇ। ਲੋਕਾਂ ਦੇ ਗੇੜੇ ਵੀ ਖ਼ਤਮ ਕਰਵਾਵਾਂਗੇ। ਰਾਸ਼ਨ ਕਾਰਡ ਤੇ ਬੁਢਾਪਾ ਪੈਨਸ਼ਨ ਘਰ ਘਰ ਪਹੁੰਚਾਈ ਜਾਵੇਗੀ।
ਮਾਨ ਦਾ ਕਾਂਗਰਸ ‘ਤੇ ਵਾਰ
ਕਾਂਗਰਸ ‘ਤੇ ਵਾਰ ਕਰਦਿਆਂ ਮਾਨ ਨੇ ਕਿਹਾ ਕਿ ਇਹਨਾਂ ਨੇ ਕਦੇ ਜਨਤਾ ਵਿੱਚ ਕਦੇ ਆ ਕੇ ਨਹੀਂ ਸੀ ਦੇਖਿਆ ਤੇ ਜੇਕਰ ਕੋਈ ਇਹਨਾਂ ਕੋਲ ਜਾਂਦਾ ਵੀ ਸੀ ਤਾਂ ਇਹ ਅੰਦਰੋਂ ਕੁੰਡੇ ਲਾ ਦਿੰਦੇ ਸੀ ਤੇ ਹੁਣ ਲੋਕਾਂ ਨੇ ਬਾਹਰੋਂ ਕੁੰਡੇ ਲਾ ਦਿੱਤੇ ਹਨ। ਦਿੱਲੀ ਵਿੱਚ ਕਾਂਗਰਸ ਦਾ ਨਾਂ ਹੀ ਕੋਈ ਐਮਐਲਏ ਹੈ ਤੇ ਨਾ ਹੀ ਕੋਈ ਐਮਪੀ।ਪੰਜਾਬ ਦੀ ਤ੍ਰਾਸਦੀ ਰਹੀ ਹੈ ਕਿ ਚੋਰਾਂ ਹੱਥ ਹੀ ਪੰਜਾਬ ਦੀ ਵਾਗਡੋਰ ਰਹੀ ਹੈ। ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਵੀ ਕਿਹਾ ਹੈ ਕਿ ਸਾਡੇ ਕੋਲੋਂ ਗਲਤੀਆਂ ਵੀ ਹੋ ਜਾਂਦੀਆਂ ਹਨ ਪਰ ਆਮ ਲੋਕਾਂ ਦੀ ਸਰਕਾਰ ਹੈ ,ਇਸ ਲਈ ਉਹ ਸੁਧਾਰਨ ਦਾ ਹੱਕ ਰੱਖਦੇ ਹਨ। ਆਮ ਘਰਾਂ ਦੇ ਬੱਚਿਆਂ ਦੇ ਇੰਨੇ ਉੱਚੇ ਅਹੁਦਿਆਂ ਤੇ ਪਹੁੰਚਣ ਕਾਰਨ ਹੀ ਵਿਰੋਧੀ ਧਿਰ ਬੌਂਦਲੀ ਹੋਈ ਹੈ।
ਮਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਬੋਲਦਿਆਂ ਕਿਹਾ ਕਿ ਬੇਅਦਬੀ ਕਾਰਨ ਹਰੇਕ ਦਾ ਹਿਰਦਾ ਵਲੁੰਧਰਿਆ ਗਿਆ ਪਰ ਪਿਛਲੀਆਂ ਸਰਕਾਰਾਂ ਨੇ ਸਮਾਂ ਲੰਘਾਂ ਦਿੱਤਾ। ਆਪ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਕੇਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਜਾਂਚ ਕਰਵਾਈ ਤੇ ਵੱਡੇ ਲੋਕਾਂ ਦੇ ਵੀ ਨਾਮ ਵੀ ਵਿੱਚ ਆਏ ਤੇ 7000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਪ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖਿਆ ਹੈ ਤੇ ਮੰਗ ਕੀਤੀ ਹੈ ਕਿ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਸਜਾ ਜਾਂ ਫਿਰ ਮੌਤ ਦੀ ਸਜ਼ਾ ਦੇਣ ਦਾ ਕਾਨੂੰਨ ਬਣਾਇਆ ਜਾਵੇ ।
ਪਹਿਲੀ ਵਾਰ ਰਾਜਪਾਲ ਦੇ ਭਾਸ਼ਨ ਵਿੱਚ ਇਹ ਪੜਿਆ ਗਿਆ ਹੈ ਕਿ ਸਰਕਾਰ ਨੇ ਆਹ ਕਰ ਦਿੱਤਾ ਹੈ ,ਜਦੋਂ ਕਿ ਪਹਿਲੀਆਂ ਸਰਕਾਰਾਂ ਵੇੇੇਲੇ ਇਹ ਪੜਿਆ ਜਾਂਦਾ ਸੀ ਕਿ ਅਸੀਂ ਆਹ ਕਰਾਂਗੇ ਤੇ ਅਸੀਂ ਉਹ ਕਰਾਂਗੇ।
ਮਾਨ ਨੇ ਇਹ ਵੀ ਕਿਹਾ ਹੈ ਕਿ ਵਿਰੋਧੀ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਇੰਨੇ ਕਾਹਲੇ ਪੈ ਜਾਂਦੇ ਹਨ ਕਿ ਕਾਗਜ਼ ਵੀ ਨਹੀਂ ਪੜਦੇ ,ਬਾਅਦ ਵਿੱਚ ਸ਼ਰਮਿੰਦੇ ਹੁੰਦੇ ਹਨ। ਜੀ 20 ਮੀਟ ਬਾਰੇ ਵੀ ਅਫਵਾਹ ਫੈਲਾਈ ਗਈ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਸ਼ਰਮਿੰਦੇ ਹੋਣਾ ਪਿਆ ।
ਪੰਜਾਬ ਵਿੱਚ ਅਮਨ ਕਾਨੂੰਨ ਦੇ ਹਾਲਾਤਾਂ ਤੇ ਵੀ ਮਾਨ ਨੇ ਵਿਰੋਧੀ ਧਿਰਾਂ ਨੇ ਕਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕਣ ਵਾਲੇ ਅਮਨ-ਸ਼ਾਂਤੀ ਦੀ ਗੱਲ ਕਰ ਰਹੇ ਹਨ।ਗੈਂਗਸਟਰ ਅੱਜ ਪੈਦਾ ਨਹੀਂ ਹੋਏ ਹਨ। ਪਿਛਲੀਆਂ ਸਰਕਾਰਾਂ ਦੀ ਦੇਣ ਹਨ।
ਇਸ ਤੋਂ ਬਾਅਦ ਮਾਨ ਨੇ ਆਪਣੀ ਸਰਕਾਰ ਦੀ ਹੋਰ ਪ੍ਰਾਪਤੀਆਂ ਵੀ ਗਿਣਾਈਆਂ ਤੇ ਕਿਹਾ ਕਿ ਆਊਟਸੋਰਸਿੰਗ ਵਾਲਿਆਂ ਨੂੰ ਪਹਿਲਾਂ ਠੇਕੇ ਤੇ ਭਰਤੀ ਕਰ ਕੇ ਪਕਾ ਕੀਤਾ ਜਾਵੇਗਾ। ਹੋਰ ਵਿਭਾਗਾਂ ਵਿੱਚ ਕੱਚੇ ਕਾਮਿਆਂ ਨੂੰ ਜਲਦੀ ਹੀ ਪੱਕੇ ਕਰ ਕੇ ਹੁਣ ਤੱਕ ਪੱਕੇ ਕੀਤੇ ਗਏ ਕਰਮੀਆਂ ਦੀ ਗਿਣਤੀ 28000 ਹੋ ਜਾਵੇਗੀ।