‘ਦ ਖ਼ਾਲਸ ਬਿਊਰੋ:- ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖ ਅਤੇ ਹਿੰਦੂਆਂ ਨੂੰ ਘੱਟ ਗਿਣਤੀਆਂ ਹੋਣ ਕਾਰਨ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਅਤੇ ਹਿੰਦੂਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੂੰ ਅਮਰੀਕਾ ਵਿੱਚ ਵਸਾਉਣ ਦੀ ਮੰਗ ਹੋ ਰਹੀ ਹੈ।
ਇਸੇ ਸੰਬੰਧ ਵਿੱਚ ਅਮਰੀਕੀ ਸੰਸਦ ਵਿੱਚ ਰੱਖੇ ਗਏ ਮਤੇ ਵਿੱਚ ਅਫਗਾਨਿਸਤਾਨ ਵਿੱਚ ਰਹਿੰਦੇ ਹਿੰਦੂਆਂ ਅਤੇ ਸਿੱਖਾਂ ਨੂੰ ‘ਖ਼ਤਰੇ ਵਿਚਲੀਆਂ ਘੱਟਗਿਣਤੀਆਂ’ ਕਰਾਰ ਦਿੰਦੇ ਹੋਏ ਇਨ੍ਹਾਂ ਨੂੰ ਅਮਰੀਕਾ ਵਿੱਚ ਵਸਾਉਣ ਦੀ ਮੰਗ ਕੀਤੀ ਗਈ ਹੈ। ਇਹ ਮਤਾ ਅਮਰੀਕੀ ਇਮੀਗ੍ਰੇਸ਼ਨ ਐਂਡ ਨੈਸ਼ਨਲ ਐਕਟ ਤਹਿਤ ਸ਼ਰਨਾਰਥੀ ਪ੍ਰੋਗਰਾਮ ਰਾਹੀਂ ਅਫਗਾਨ ਹਿੰਦੂਆਂ ਅਤੇ ਸਿੱਖਾਂ ਦੇ ਅਮਰੀਕਾ ਪਰਵਾਸ ਦਾ ਸਮਰਥਨ ਕਰਦਾ ਹੈ।
ਸੰਸਦ ਦੇ ਹੇਠਲੇ ਸਦਨ ਵਿੱਚ ਅਮਰੀਕੀ ਪ੍ਰਤੀਨਿਧੀ ਸਦਨ ਵਿੱਚ ਰੱਖੇ ਮਤੇ ਵਿੱਚ ਸੰਸਦ ਮੈਂਬਰ ਜੈਕੀ ਸਪੀਅਰ ਅਤੇ ਸੱਤ ਹੋਰ ਸਹਿਯੋਗੀਆਂ ਨੇ ਕਿਹਾ ਕਿ ਉਨ੍ਹਾਂ ਦੀ ਤਜਵੀਜ਼ ਅਫਗਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਦੀ ਸ਼ਰਨਾਰਥੀ ਸੁਰੱਖਿਆ ਦੇਣ ਦੀ ਹਮਾਇਤ ਕਰਦੀ ਹੈ। ਇਨ੍ਹਾਂ ’ਤੇ ਧਾਰਮਿਕ ਜ਼ੁਲਮ ਢਾਹੇ ਜਾ ਰਹੇ ਹਨ ਅਤੇ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ। ਜਿਸ ਕਾਰਨ ਅਫਗਾਨਿਸਤਾਨ ਵਿੱਚ ਇਨ੍ਹਾਂ ਘੱਟਗਿਣਤੀਆਂ ਦੀ ਹੋਂਦ ਵੀ ਖ਼ਤਰੇ ਵਿੱਚ ਹੈ। ਮਤੇ ਵਿੱਚ ਕਿਹਾ ਗਿਆ ਹੈ,“ਹਿੰਦੂ ਅਤੇ ਸਿੱਖ ਅਫਗਾਨਿਸਤਾਨ ਦੇ ਮੂਲ ਨਿਵਾਸੀ ਹਨ ਪਰ ਦੁੱਖ ਹੈ ਕਿ ਇਸ ਦੇ ਬਾਵਜੂਦ ਇਹ ਸੰਕਟਗ੍ਰਸਤ ਘੱਟਗਿਣਤੀ ਹਨ।”