India

ਦਿੱਲੀ ਦੇ ਹਿੰਦੂ-ਮੁਸਲਿਮ ਦੰਗਿਆਂ ‘ਚ ਕੋਣ ਹੈ ਜ਼ਿੰਮੇਵਾਰ! ਜਾਂਚ ਕਮੇਟੀਆਂ ਨੇ ਸੌਂਪੀਆਂ ਰਿਪੋਰਟਾਂ

‘ਦ ਖ਼ਾਲਸ ਬਿਊਰੋ:- ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਫਰਵਰੀ 2020 ਵਿੱਚ ਹਿੰਦੂ ਅਤੇ ਮੁਸਲਿਮ ਭਾਈਚਾਰੇ ਦਰਮਿਆਨ ਦੰਗੇ ਹੋਏ। ਦਸੰਬਰ 2019 ਵਿਚ ਨਾਗਰਿਕਤਾ ਸੋਧ ਕਾਨੂੰਨ (CAA) ਪਾਸ ਹੋਣ ਤੋਂ ਬਾਅਦ ਸੀਲਮਪੁਰ ਵਿਚ ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਦਰਸ਼ਨ ਸ਼ੁਰੂ ਹੋਏ ਸਨ। 23 ਫਰਵਰੀ ਨੂੰ ਉੱਤਰ-ਪੂਰਬੀ ਦਿੱਲੀ ਵਿਚ ਪੱਥਰਬਾਜ਼ੀ ਹੋਈ ਅਤੇ 24 ਘੰਟਿਆਂ ਵਿਚ ਹੀ ਇਸ ਨੇ ਹਿੰਸਕ ਰੂਪ ਧਾਰਨ ਕਰ ਲਿਆ। ਦਿੱਲੀ ਦੰਗਿਆਂ ਵਿੱਚ ਹਿੰਸਾ ਮੁੱਖ ਤੌਰ ‘ਤੇ 24 ਤੋਂ 26 ਫਰਵਰੀ 2020 ਤੱਕ ਤਿੰਨ ਦਿਨਾਂ ਤੱਕ ਜਾਰੀ ਰਹੀ। ਇਹਨਾਂ ਦੰਗਿਆਂ ਵਿਚ 53 ਲੋਕ ਮਾਰੇ ਗਏ, ਸੈਂਕੜੇ ਜ਼ਖਮੀ ਹੋਏ ਅਤੇ ਮਕਾਨਾਂ, ਦੁਕਾਨਾਂ ਤੇ ਧਾਰਮਿਕ ਸਥਾਨਾਂ ਨੂੰ ਲੁੱਟਿਆ ਅਤੇ ਅੱਗ ਲਾ ਦਿੱਤੀ ਗਈ ਸੀ।

 

 

ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਿਕ, ਉੱਤਰ-ਪੂਰਬੀ ਦਿੱਲੀ ਦੀ ਆਬਾਦੀ ਦਾ 30 ਪ੍ਰਤੀਸ਼ਤ ਮੁਸਲਮਾਨ ਹੈ ਅਤੇ ਬਾਕੀ 70 ਪ੍ਰਤੀਸ਼ਤ ਹਿੰਦੂ ਹੈ। ਰਾਜਧਾਨੀ ਦੇ 11 ਜ਼ਿਲ੍ਹਿਆਂ ਵਿਚੋਂ ਇਥੇ ਸਭ ਤੋਂ ਸੰਘਣੀ ਆਬਾਦੀ ਹੈ।

 

ਦਿੱਲੀ ਦੰਗਿਆਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਗੈਰ-ਸਰਕਾਰੀ ਕਮੇਟੀਆਂ ਬਣੀਆਂ। ਇਹਨਾਂ ਵਿੱਚ ਇੱਕ ਕਮੇਟੀ ‘ਸੈਂਟਰ ਫਾਰ ਜਸਟਿਸ’ (ਸੀ.ਐੱਫ.ਜੇ.) ਅਤੇ ਦੂਸਰੀ ਦਿੱਲੀ ਦੇ ਘੱਟਗਿਣਤੀ ਕਮਿਸ਼ਨ (ਡੀ.ਐੱਮ.ਸੀ.) ਹੈ। ਇਹਨਾਂ ਕਮੇਟੀਆਂ ਨੇ ਦਿੱਲੀ ਦੰਗਿਆਂ ਦੀ ਪੜਚੋਲ ਕਰਕੇ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ।

 

ਦਿੱਲੀ ਦੰਗਿਆਂ ਦੀ ਜਾਂਚ ਕਰ ਰਹੀਆਂ ਇਨ੍ਹਾਂ ਕਮੇਟੀਆਂ ਨੇ ਇਕ ਦੂਜੇ ਤੋਂ ਬਿਲਕੁਲ ਵੱਖਰੇ ਦਾਅਵੇ ਪੇਸ਼ ਕੀਤੇ ਹਨ। ‘ਸੈਂਟਰ ਫਾਰ ਜਸਟਿਸ’ (ਸੀ.ਐੱਫ.ਜੇ.) ਨਾਮ ਦੇ ਇਕ ਟਰੱਸਟ ਨੇ ਮਈ ਵਿਚ ਆਪਣੀ ਰਿਪੋਰਟ ‘ਡੈਲੀ ਰਾਈਟਸ: ਕਾਂਸਪਰੇਸੀ ਅਨਰੈਵਲਡ’ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪੀ ਅਤੇ ਦਿੱਲੀ ਦੇ ਘੱਟਗਿਣਤੀ ਕਮਿਸ਼ਨ (ਡੀ.ਐੱਮ.ਸੀ.) ਨੇ ਜੁਲਾਈ ਵਿਚ ਆਪਣੀ ਰਿਪੋਰਟ ਪ੍ਰਕਾਸ਼ਤ ਕੀਤੀ।

 

 

ਸਰਕਾਰ ਨੂੰ ਸੌਂਪੀ ਗਈ ਇੱਕ ਰਿਪੋਰਟ ਵਿਚ ਦੰਗਿਆਂ ਨੂੰ ‘ਹਿੰਦੂ-ਵਿਰੋਧੀ’ ਅਤੇ ਦੂਸਰੀ ਰਿਪੋਰਟ ਨੇ ਇਸ ਨੂੰ ‘ਮੁਸਲਿਮ ਵਿਰੋਧੀ’ ਦੱਸਿਆ ਹੈ। ਇੱਕ ਨੇ ਪੁਲਿਸ ‘ਤੇ ਸਵਾਲ ਨਹੀਂ ਚੁੱਕੇ, ਦੂਜੇ ਨੇ ਦੰਗਿਆਂ ਵਿਚ ਪੁਲਿਸ ਨੂੰ ਸ਼ਾਮਲ ਦੱਸਿਆ ਹੈ। ਦੰਗਿਆਂ ਪਿੱਛੇ ਹੋਈ ‘ਸਾਜਿਸ਼’ ਅਤੇ ਉਨ੍ਹਾਂ ਵਿਚ ਸਿਆਸੀ ਆਗੂਆਂ ਦੀ ਭੂਮਿਕਾ ‘ਤੇ ਨਤੀਜੇ ਵੀ ਦੋਹਾਂ ਰਿਪੋਰਟਾਂ ਵਿਚ ਇਕ ਦੂਜੇ ਤੋਂ ਉਲਟ ਹੈ।

 

ਇਹਨਾਂ ਦੋਵਾਂ ਕਮੇਟੀਆਂ ਦੇ ਜਾਂਚਕਰਤਾਵਾਂ ਨੇ ਜ਼ਮੀਨੀ ਹਕੀਕਤ ਜਾਣਨ ਲਈ ਹਿੰਸਾ ਦੇ ਚਸ਼ਮਦੀਦਾਂ ਨਾਲ ਗੱਲਬਾਤ ਕੀਤੀ, ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ, ਪੁਲਿਸ ਤੋਂ ਜਾਣਕਾਰੀ ਮੰਗੀ ਅਤੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓ ਅਤੇ ਫੋਟੋਆਂ ਗੌਰ ਨਾਲ ਵੇਖੀਆਂ। ਫਿਰ ਇਹਨਾਂ ਦੰਗਿਆ ਦਾ ਮੁਲਾਂਕਣ ਪੇਸ਼ ਕੀਤਾ।

 

ਦੰਗਾ ਪੀੜ੍ਹਤਾਂ ਨਾਲ ਕੀਤੀ ਗਈ ਗੱਲਬਾਤ:

 ਸੀਐੱਫਜੇ ਦੀ ਟੀਮ ਨੇ ਚਾਰ ਖੇਤਰਾਂ ਵਿੱਚ 30 ਦੇ ਕਰੀਬ ਦੰਗਾ ਪੀੜਤਾਂ ਤੋ ਜਾਣਕਾਰੀ ਇਕੱਠੀ ਕੀਤੀ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਮੁਸਲਮਾਨ ਹੈ।

ਜਦਕਿ ਦਿੱਲੀ ਘੱਟ ਗਿਣਤੀ ਕਮਿਸ਼ਨ ਨੇ 20 ਖੇਤਰਾਂ ਦੇ 400 ਸਥਾਨਕ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਵਿਸਥਾਰ ਨਾਲ ਫਾਰਮ ਭਰੇ, ਜਿਨ੍ਹਾਂ ਵਿਚੋਂ 50 ਪੀੜਤਾਂ ਦੇ ਬਿਆਨ ਛਾਪੇ ਗਏ ਹਨ। ਇਨ੍ਹਾਂ ਵਿਚੋਂ ਸਿਰਫ ਇੱਕ ਹਿੰਦੂ ਹੈ।

 

 

ਸੈਂਟਰ ਫਾਰ ਜਸਟਿਸ‘ (ਸੀਐੱਫਜੇ) ਦੀ ਰਿਪੋਰਟ:

ਸੀਐੱਫਜੇ ਦੀ ਰਿਪੋਰਟ ਵਿੱਚ ਯਮੁਨਾ ਵਿਹਾਰ, ਚਾਂਦ ਬਾਗ, ਬ੍ਰਿਜਪੁਰੀ ਅਤੇ ਸ਼ਿਵ ਵਿਹਾਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਪੱਥਰਬਾਜ਼ੀ ਅਤੇ ਅੱਗ ਲਗਾਉਣ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ 19-25 ਸਾਲ ਦੇ ਬਜ਼ੁਰਗਾਂ ਸਮੇਤ ਬਾਹਰਲੇ ਲੋਕਾਂ ਦੀ ਭੀੜ ਪੈਟਰੋਲ ਬੰਬ, ਐਸਿਡ ਅਤੇ ਡੰਡੇ ਲੈ ਕੇ ਆਈ ਸੀ। ਕਈਆਂ ਨੇ ਮੁਸਲਮਾਨਾਂ ਦੀ ਦੁਕਾਨਾਂ ਛੱਡ ਹਿੰਦੂ ਕਾਰੋਬਾਰੀਆਂ ਅਤੇ ਨਰਸਿੰਗ ਹੋਮ ਨੂੰ ਅੱਗ ਲਗਾਉਣ ਦਾ ਦਾਅਵਾ ਕੀਤਾ।

 

ਕੁਝ ਲੋਕਾਂ ਨੇ ਮੁਸਤਫਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਜੀ ਯੂਨਸ ‘ਤੇ ਦੰਗਾਕਾਰੀਆਂ ਨਾਲ ਸਥਾਨਕ ਲੋਕਾਂ ਬਾਰੇ ਜਾਣਕਾਰੀ ਸਾਂਝੀ ਕਰਨ ਅਤੇ ਉਨ੍ਹਾਂ ਨੂੰ ਭੜਕਾਉਣ ਦੇ ਇਲਜ਼ਾਮ ਲਗਾਏ ਹਨ। ਸ਼ਿਵ ਵਿਹਾਰ ਦੇ ਡੀਆਰਪੀ ਕਾਨਵੈਂਟ ਪਬਲਿਕ ਸਕੂਲ ਨੂੰ ਅੱਗ ਲੱਗਾ ਦਿੱਤੀ ਗਈ ਅਤੇ ਸਾਰਾ ਫਰਨੀਚਰ ਬਾਹਰ ਕੱਢ ਕੇ ਸਾੜ ਦਿੱਤਾ ਗਿਆ। ਇਸ ਦੇ ਲਈ ਰਾਜਧਾਨੀ ਪਬਲਿਕ ਸਕੂਲ ਦੀ ਉੱਚੀ ਇਮਾਰਤ ਦੀ ਵਰਤੋਂ ਕਰਨ ਦਾ ਦਾਅਵਾ ਕੀਤਾ ਗਿਆ। ਡੀਆਰਪੀ ਸਕੂਲ ਦੇ ਮਾਲਕ ਹਿੰਦੂ ਹਨ ਅਤੇ ਰਾਜਧਾਨੀ ਸਕੂਲ ਦੇ ਮਾਲਕ ਮੁਸਲਮਾਨ ਹਨ। ਬ੍ਰਿਜਪੁਰੀ ਵਿਚ ਅਰੁਣ ਮਾਡਰਨ ਸਕੂਲ ਵਿਖੇ ਭੀੜ ਦੇ ਹਮਲਾ ਕਰਨ ਅਤੇ ਅੱਗ ਲਾਉਣ ਦਾ ਵਰਣਨ ਹੈ। ਇਸ ਸਕੂਲ ਦੇ ਮਾਲਕ ਵੀ ਹਿੰਦੂ ਹਨ।

 

‘ਦਿੱਲੀ ਘੱਟ ਗਿਣਤੀ ਕਮਿਸ਼ਨ’ ਦੁਆਰਾ ਸੌਂਪੀ ਰਿਪੋਰਟ:

ਦਿੱਲੀ ਘੱਟ ਗਿਣਤੀ ਕਮਿਸ਼ਨ ਦੀ ਰਿਪੋਰਟ ਦਾ ਦਾਇਰਾ ਕਾਫ਼ੀ ਵੱਡਾ ਹੈ। ਇਸ ਵਿੱਚ ਸ਼ਿਵ ਵਿਹਾਰ, ਭਾਗੀਰਥੀ ਵਿਹਾਰ, ਭਜਨਪੁਰਾ, ਕਰਾਵਲ ਨਗਰ, ਖਜੂਰੀ ਖਾਸ, ਪੁਰਾਣਾ ਮੁਸਤਫਾਬਾਦ, ਗੰਗਾ ਵਿਹਾਰ, ਬ੍ਰਿਜਪੁਰੀ, ਗੋਕੂਲਪੁਰੀ, ਜੋਤੀ ਕਲੋਨੀ, ਘੋਂਡਾ ਚੌਕ, ਅਸ਼ੋਕ ਨਗਰ, ਚੰਦਰ ਨਗਰ, ਨਹਿਰੂ ਵਿਹਾਰ, ਰਾਮ-ਰਹੀਮ ਚੌਕ, ਮੁੰਗਾ ਨਗਰ, ਚਾਂਦ ਬਾਗ, ਸ਼ਾਨਬਾਗ, ਕਰਦਮ ਪੁਰੀ ਖੇਤਰਾਂ ਵਿੱਚ ਹੋਈ ਹਿੰਸਾ ਦਾ ਜ਼ਿਕਰ ਕੀਤਾ ਗਿਆ ਹੈ।

ਹਿੰਸਾ ਦੇ ਦੌਰਾਨ ਹੈਲਮੇਟ ਅਤੇ ਮਾਸਕ ਪਹਿਣੇ, ਗੈਸ ਸਿਲੰਡਰ, ਪੈਟਰੋਲ ਬੰਬ ਅਤੇ ਕੈਮੀਕਲ ਨਾਲ ਲੈਸ ਦੰਗਾਈ ਫ਼ਿਰਕੂ ਨਾਅਰੇ ਲਗਾਉਂਦੇ ਹੋਏ ਅੱਗ ਲਾਉਣ ਅਤੇ ਲੁੱਟ ਦੀ ਗੱਲ ਦਾ ਜ਼ਿਕਰ ਕਰ ਰਹੇ ਹਨ।

ਕਈਆਂ ਨੇ ਕਿਹਾ ਹੈ ਕਿ ਮੁਸਲਿਮ ਭਾਈਚਾਰੇ ਦੇ ਘਰਾਂ ਅਤੇ ਦੁਕਾਨਾਂ ਤੋਂ ਸਮਾਨ ਲੁੱਟਿਆ ਗਿਆ ਸੀ ਅਤੇ ਫਿਰ ਉਨ੍ਹਾਂ ਨੂੰ ਸਾੜ ਦਿੱਤਾ ਗਿਆ, ਜਦੋਂ ਕਿ ਹਿੰਦੂਆਂ ਦੇ ਘਰ ਅਤੇ ਕਾਰੋਬਾਰਾਂ ਨੂੰ ਛੱਡ ਦਿੱਤਾ ਗਿਆ।

ਤੈਅਬਾ ਮਸਜਿਦ, ਫ਼ਾਰੂਕੀਆ ਮਸਜਿਦ, ਚਾਂਦ ਮਸਜਿਦ ਸਣੇ ਮੁਸਲਮਾਨਾਂ ਦੇ 17 ਧਾਰਮਿਕ ਸਥਾਨਾਂ ਨੂੰ ਅੱਗ ਲਾ ਕੇ ਤਹਿਸ-ਨਹਿਸ ਕਰਨ ਦੀਆਂ ਵਿਸਤ੍ਰਿਤ ਰਿਪੋਰਟਾਂ ਹਨ। ਨਾਲ ਹੀ, ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਾ ਤਾਂ ਕਿਸੇ ਮੰਦਰ ਨੂੰ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਅਤੇ ਨਾ ਹੀ ਮੁਸਲਿਮ ਪ੍ਰਭਾਵਸ਼ਾਲੀ ਖੇਤਰਾਂ ਵਿਚ ਸਥਿਤ ਮੰਦਰਾਂ ਵਿਚ ਜਾ ਕੇ ਕੁਝ ਅਜਿਹਾ ਪਾਇਆ ਗਿਆ। ਬ੍ਰਿਜਪੁਰੀ ਬਾਰੇ ਇੱਕ ਬਿਆਨ ਵਿੱਚ ਔਰਤਾਂ ਨੂੰ ਲਾਠੀਆਂ ਮਾਰਨ ਅਤੇ ਕੁੱਟਣ ਦਾ ਦਾਅਵਾ ਕੀਤਾ ਗਿਆ ਹੈ।

ਗੋਕੁਲਪੁਰੀ ਦੀ ਟਾਇਰ ਮਾਰਕੀਟ ਨੂੰ 23 ਤਰੀਕ ਦੀ ਸ਼ਾਮ ਨੂੰ ਪੱਥਰਬਾਜ਼ੀ ਦੀ ਘਟਨਾ ਤੋਂ ਬਾਅਦ 24 ਤਾਰੀਕ ਨੂੰ ਅੱਗ ਲਗਾਈ ਗਈ ਸੀ, ਜੋ ਤਿੰਨ ਦਿਨ ਤੱਕ ਬਲਦੀ ਰਹੀ, ਇਸ ਮਾਰਕੀਟ ਵਿੱਚ ਜ਼ਿਆਦਾਤਰ ਮੁਸਲਮਾਨਾਂ ਦੀਆਂ ਦੁਕਾਨਾਂ ਹਨ।

 

ਦੰਗਿਆਂ ਦੀ ਯੋਜਨਾ:

ਸੀਐਫਜੇ ਦੇ ਸਾਰੇ ਬਿਆਨਾਂ ਵਿੱਚ ਦਰਜ ਹਮਲਿਆਂ ਦੀ ਮਿਤੀ 24 ਫਰਵਰੀ ਹੈ। ਸਿਰਫ ਅਰੁਣ ਮਾਡਰਨ ਸਕੂਲ ‘ਤੇ 25 ਫਰਵਰੀ ਨੂੰ ਹੋਏ ਹਮਲੇ ਦਾ ਜ਼ਿਕਰ ਹੈ, ਭਾਵ ਹਿੰਦੂਆਂ ‘ਤੇ ਹਮਲੇ ਸਿਰਫ਼ 24 ਫਰਵਰੀ ਨੂੰ ਹੋਏ।

 

ਦਿੱਲੀ ਘੱਟ ਗਿਣਤੀ ਕਮਿਸ਼ਨ ਦੀ ਰਿਪੋਰਟ ਵਿਚ ਦੰਗੇ 24 ਤੋਂ 26 ਫਰਵਰੀ ਦੇ ਦੌਰਾਨ ਹੋਏ, ਜਿਸਦਾ ਭਾਵ ਮੁਸਲਮਾਨਾਂ ‘ਤੇ ਹਮਲੇ ਪੂਰੇ ਦੰਗਿਆਂ ਦੌਰਾਨ ਹੋਏ ਸਨ।

 

ਫਾਈਲ ਤਸਵੀਰ

 

ਸੀਐਫਜੇ ਦੀ ਰਿਪੋਰਟ ਵਿਚ, ਸਕੂਲਾਂ ਦੀਆਂ ਉਦਾਹਰਣਾਂ ਦੇ ਕੇ ਇਹ ਸਿੱਟਾ ਕੱਢਿਆ ਗਿਆ ਹੈ ਕਿ ਦੰਗਿਆਂ ਵਿਚ 24 ਫਰਵਰੀ ਨੂੰ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਸੀ।

 

ਦੰਗਾਕਾਰੀਆਂ ਕੋਲ ਲਾਠੀਆਂ, ਪੈਟਰੋਲ ਬੰਬ, ਸਿਲੰਡਰ ਅਤੇ ਪਿਸਤੌਲ ਵੀ ਸੀ, ਜਦੋਂਕਿ ਰਿਪੋਰਟ ਲਈ ਇਕੱਤਰ ਕੀਤੇ ਗਏ ਬਿਆਨਾਂ ਦੇ ਅਨੁਸਾਰ, ਮੁਸਲਿਮ ਭਾਈਚਾਰੇ ਵਿੱਚ ਹਿੰਸਾ ਦੇ ਜਵਾਬ ਵਿੱਚ ਸਿਰਫ਼ ਪੱਥਰ ਸਨ। ਰਿਪੋਰਟ ਦੇ ਅਨੁਸਾਰ CAA ਦੇ ਸਮਰਥਨ ਵਿੱਚ ਪ੍ਰਦਰਸ਼ਨ ਵੱਡੇ ਪੱਧਰ ‘ਤੇ ਹਿੰਸਾ ਨੂੰ ਅੰਜਾਮ ਦੇਣ ਦੀ ਯੋਜਨਾ ਤਹਿਤ ਸ਼ੁਰੂ ਕੀਤੇ ਗਏ ਸਨ।

 

ਦਿੱਲੀ ਦੰਗਿਆਂ ‘ਚ ਪੁਲਿਸ ਦਾ ਵਤੀਰਾ:

ਸੀਐਫਜੇ ਦੀ ਰਿਪੋਰਟ ਵਿੱਚ ਪੁਲਿਸ ਦੀ ਗੈਰਹਾਜ਼ਰੀ ਬਾਰੇ ਚਰਚਾ ਹੈ, ਪਰ ਇਸਦੇ ਪਿੱਛੇ ਦਾ ਕਾਰਨ ਦੰਗਿਆਂ ਦੀ ਸਥਿਤੀ ਹੈ। ਇਸ ਦੇ ਨਾਲ ਹੀ ਘੱਟਗਿਣਤੀ ਕਮਿਸ਼ਨ ਦੀ ਰਿਪੋਰਟ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਸਲਮਾਨਾਂ ਨਾਲ ਵਿਤਕਰਾ ਕੀਤਾ ਹੈ ਅਤੇ ਕਈ ਵਾਰਦਾਤਾਂ ਵਿੱਚ ਹਿੰਸਾ ਵਿੱਚ ਸ਼ਾਮਲ ਵੀ ਰਹੀ।

 

ਫਾਈਲ ਤਸਵੀਰ

 

ਸੀਐਫਜੇ ਦੀ ਰਿਪੋਰਟ ਵਿਚ, ਪੀੜਤ ਲੋਕਾਂ ਨੇ ਪੀਸੀਆਰ ਕਾਲ ਨਾ ਲੱਗਣ, ਬਹੁਤ ਘੱਟ ਗਿਣਤੀ ਵਿਚ ਪੁਲਿਸ ਦੀ ਮੌਜੂਦਗੀ ਅਤੇ ਮਦਦ ਮੰਗਣ ‘ਤੇ ‘ਕਾਰਵਾਈ ਕਰਨ ਦੇ ਆਦੇਸ਼ ਨਹੀਂ ਹਨ’ ਵਰਗੇ ਜਵਾਬ ਮਿਲਣ ਦੀ ਗੱਲ ਕਹੀ ਹੈ।

 

ਘੱਟਗਿਣਤੀ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਪੁਲਿਸ ਦੇ ਅਸਹਿਯੋਗ ਨੂੰ ਦਰਸਾਉਂਦਿਆਂ ਅਤੇ ਜਾਣਕਾਰੀ ਨਾ ਦੇਣ ਉੱਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਹਨ। ਇਨ੍ਹਾਂ ਵਿਚ ਮੁਸਲਿਮ ਭਾਈਚਾਰੇ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਨਾ ਕਰਨ, ਮੁਸਲਮਾਨਾਂ ਖਿਲਾਫ ਪਹਿਲੀ ਚਾਰਜਸ਼ੀਟ ਦਾਇਰ ਕਰਨ ਅਤੇ ਦੋਵਾਂ ਫਿਰਕਿਆਂ ਵਿਚ ਝਗੜਾ ਕਰਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਪੇਸ਼ ਕਰਨ ਦੇ ਇਲਜ਼ਾਮ ਸ਼ਾਮਲ ਹਨ। ਰਿਪੋਰਟ ਵਿਚ ਪੰਜ ਮੁਸਲਮਾਨਾਂ ਦੇ ਪੁਲਿਸ ਦੁਆਰਾ ਕੁੱਟੇ ਜਾਣ ਦੇ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੁਲਿਸ “ਭਾਰਤ ਮਾਤਾ ਕੀ ਜੈ” ਬੋਲਣ ਅਤੇ “ਜਨ ਗਣਾ ਮਨ” ਗਾਉਣ ਲਈ ਕਹਿ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਕੁੱਟਮਾਰ ਕਾਰਨ ਮੌਤ ਹੋ ਗਈ ਅਤੇ ਦੂਸਰੇ ਨੂੰ ਗੰਭੀਰ ਸੱਟਾਂ ਲੱਗੀਆਂ। ਕਈ ਪੀੜਤਾਂ ਨੇ ਪੁਲਿਸ ਖਿਲਾਫ ਐਫਆਈਆਰ ਦਰਜ ਨਾ ਕਰਨ, ਸਮਝੌਤਾ ਕਰਨ ਲਈ ਧਮਕੀ ਦੇਣ ਅਤੇ ਉਨ੍ਹਾਂ ਨੂੰ ਹੋਰਨਾਂ ਮਾਮਲਿਆਂ ਵਿਚ ਮੁਲਜ਼ਮ ਬਣਾਉਣ ਦੀ ਸ਼ਿਕਾਇਤ ਵੀ ਕੀਤੀ ਹੈ।

 

ਕਿਸ ਨੇ ਭੜਕਾਏ ਦੰਗੇ?

ਸੀਐਫਜੇ ਦੇ ਅਨੁਸਾਰ, ਦਿੱਲੀ ਵਿੱਚ ਦੰਗੇ CAA ਵਿਰੋਧੀਆਂ ਦੁਆਰਾ ਭੜਕਾਏ ਗਏ ਸਨ, ਕਿਉਂਕਿ ਨਾਗਰਿਕਤਾ ਕਾਨੂੰਨ ਦਾ ‘ਵਿਰੋਧ ਫਿੱਕਾ ਪੈਂਦਾ ਜਾ ਰਿਹਾ ਸੀ’ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਫੇਰੀ ਦੌਰਾਨ ਅੰਤਰਰਾਸ਼ਟਰੀ ਧਿਆਨ ਖਿੱਚਿਆ ਜਾ ਸਕਦਾ ਸੀ।

 

ਫਾਈਲ ਤਸਵੀਰ

 

ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਅਨੁਸਾਰ CAA ਤੇ NRC ਦਾ ਵਿਰੋਧ ਕਰ ਰਹੇ ਮੁਸਲਿਮ ਭਾਈਚਾਰੇ ਨੂੰ ਸਬਕ ਸਿਖਾਉਣ ਲਈ ਦੰਗਿਆਂ ਦਾ ਆਯੋਜਨ ਕੀਤਾ ਗਿਆ ਸੀ, ਜਿਸ ਲਈ ਭਾਜਪਾ ਨੇਤਾਵਾਂ ਨੇ ਫਿਰਕੂ ਮਾਹੌਲ ਪੈਦਾ ਕੀਤਾ ਸੀ ਅਤੇ ਖ਼ਾਸਕਰ ਕਪਿਲ ਮਿਸ਼ਰਾ ਦੇ ਭਾਸ਼ਣ ਤੋਂ ਬਾਅਦ ਹਿੰਸਾ ਭੜਕ ਗਈ ਸੀ।

 

ਸੀਐਫਜੇ ਦੀ ਰਿਪੋਰਟ ਮੰਨਦੀ ਹੈ ਕਿ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨਾ ਗਲਤ ਹੈ ਅਤੇ ਇਸਦਾ ਮੁਸਲਿਮ ਵਿਰੋਧੀ ਹੋਣ ਦਾ ਡਰ ਬੇਕਾਰ ਹੈ। ਇਹ ਇਕ ਭੁਲੇਖਾ ਹੈ ਜੋ ਆਮ ਅਨਪੜ੍ਹ ਲੋਕਾਂ ਨੂੰ ਸਰਕਾਰ ਵਿਰੁੱਧ ਭੜਕਾਉਣ ਲਈ ਫੈਲਾਇਆ ਗਿਆ ਹੈ। ਉਹ ਕਾਨੂੰਨ ਦਾ ਵਿਰੋਧ ਕਰਨ ਵਾਲੀਆਂ ਵਿਦਿਆਰਥੀ ਸੰਗਠਨਾਂ ਜਿਵੇਂ ਪਿੰਜਰਾ ਤੋੜ, ਜਾਮੀਆ ਤਾਲਮੇਲ ਕਮੇਟੀ ਆਦਿ ਨੂੰ ‘ਰੈਡੀਕਲ’ ਕਰਾਰ ਦਿੰਦਾ ਹੈ।

 

ਦਲਿਤ ਸੰਗਠਨ ਭੀਮ ਆਰਮੀ ਦੇ ਚੰਦਰਸ਼ੇਖਰ ਆਜ਼ਾਦ ਨੇ 23 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਅਤੇ ਵਿਦਿਆਰਥੀ ਆਗੂ ਉਮਰ ਖਾਲਿਦ ਦੇ CAA ਵਿਰੋਧੀ ਭਾਸ਼ਣ ਨੂੰ ਸਾਜਿਸ਼ ਦਾ ਹਿੱਸਾ ਦੱਸਿਆ ਸੀ।

ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਦੀਆਂ ਦਸੰਬਰ ਦੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਉਹ ‘ਜਿਹਾਦ’ ਬਾਰੇ ਗੱਲ ਕਰ ਰਹੇ ਹਨ। ਜਾਮੀਆ ਨਗਰ ਵਿੱਚ ਹੋਈ ਹਿੰਸਾ ਵਿੱਚ ‘ਹਿੰਦੂਆਂ ਤੋਂ ਆਜ਼ਾਦੀ’ ਦੇ ਨਾਅਰੇ ਲਗਾਉਣ ਦਾ ਜ਼ਿਕਰ ਹੈ। ਦਿੱਲੀ ਸੁੰਨੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤੁੱਲ੍ਹਾ ਖ਼ਾਨ ‘ਤੇ ਉਸ ਹਿੰਸਾ ਵਿਚ ਸ਼ਾਮਲ ਹੋਣ ਅਤੇ ਇਸ ਨੂੰ ਵਧਾਉਣ ਦਾ ਇਲਜ਼ਾਮ ਲਾਇਆ ਗਿਆ ਹੈ। ਸੜਕਾਂ ਨੂੰ ਬੰਦ ਕਰਨ ਅਤੇ ਬੱਸਾਂ ਨੂੰ ਅੱਗ ਲਾਉਣ ਵਰਗੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਵਿਰੋਧ ਪ੍ਰਦਰਸ਼ਨ ਕਰਨਾ ਆਜ਼ਾਦੀ ਨਹੀਂ ਹੈ।

 

ਫਾਈਲ ਤਸਵੀਰ

 

ਦਿੱਲੀ ਘੱਟਗਿਣਤੀ ਕਮਿਸ਼ਨ ਨਾਗਰਿਕਤਾ ਕਾਨੂੰਨ ਦੇ ਆਪਣੇ ਵਿਰੋਧ ਨੂੰ ਜਾਇਜ਼ ਠਹਿਰਾਉਂਦਾ ਹੈ। ਰਿਪੋਰਟ ਦੇ ਅਨੁਸਾਰ ਸੁਪਰੀਮ ਕੋਰਟ ਵਿੱਚ ਇਸ ਕਾਨੂੰਨ ਖਿਲਾਫ ਹੁਣ ਤੱਕ 200 ਤੋਂ ਵੱਧ ਪਟੀਸ਼ਨਾਂ ਦਾਇਰ ਕੀਤੀਆਂ ਜਾ ਚੁੱਕੀਆਂ ਹਨ। ਰਿਪੋਰਟ ਦੇ ਅਨੁਸਾਰ ਸਿਟੀਜ਼ਨਸ਼ਿਪ ਐਕਟ ਦੇ ਪਾਸ ਹੋਣ ਤੋਂ ਬਾਅਦ ਦੇਸ਼ ਵਿੱਚ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ (ਐਨਆਰਸੀ) ਲਾਗੂ ਕਰਨ ਦੇ ਐਲਾਨ ਨਾਲ ਮੁਸਲਿਮ ਭਾਈਚਾਰੇ ਵਿੱਚ ਡਰ ਪੈਦਾ ਹੋ ਗਿਆ ਅਤੇ ਹਰ ਪਾਸੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਹੋਣ ਲੱਗੇ। ਇਨ੍ਹਾਂ ਪ੍ਰਦਰਸ਼ਨਾਂ ਵਿਚ ਸੰਵਿਧਾਨ ਦਾ ਪਾਠ ਹੁੰਦਾ ਸੀ ਅਤੇ ਬਰਾਬਰ ਅਧਿਕਾਰਾਂ ਦੀ ਗੱਲ ਕੀਤੀ ਗਈ ਸੀ। ਬਹੁਤ ਸਾਰੇ ਭਾਜਪਾ ਨੇਤਾਵਾਂ ਨੇ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਖੁੱਲ੍ਹੇਆਮ ਫਿਰਕੂ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

 

ਰਾਮਭਗਤ ਗੋਪਾਲ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਸਾਹਮਣੇ ਗੋਲੀ ਚਲਾਉਣ ਅਤੇ ਕਪਿਲ ਗੁੱਜਰ ਦੇ ਸ਼ਾਹੀਨ ਬਾਗ਼ ਵਿਚ ਹਵਾ ਵਿਚ ਫਾਇਰਿੰਗ ਕਰਨ ਦੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ, ਅਤੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਕਾਰਨ ਡਰ ਫੈਲਿਆ ਹੈ। ਰਿਪੋਰਟ ਦੇ ਅਨੁਸਾਰ, ਆਖ਼ਰਕਾਰ ਕਪਿਲ ਮਿਸ਼ਰਾ ਦੇ ਭੜਕਾਉ ਬਿਆਨ ਤੋਂ ਬਾਅਦ ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਭੜਕ ਗਈ। ਕਪਿਲ ਮਿਸ਼ਰਾ ਨੇ ਦਿੱਲੀ ਪੁਲਿਸ ਦੇ ਡੀਸੀਪੀ ਦੇ ਸਾਹਮਣੇ ‘ਪੁਲਿਸ ਦੀ ਵੀ ਨਹੀਂ ਸੁਣਾਂਗੇ, ਸੜਕਾਂ ‘ਤੇ ਉਤਰ ਆਵਾਂਗੇ’ ਵਰਗੇ ਧਮਕੀ ਭਰੇ ਬਿਆਨ ਦਿੱਤੇ ਸਨ।

ਫਾਈਲ ਤਸਵੀਰ