ਭਾਰਤ ਅੱਜ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਅੱਜ ਜਿੱਥੇ ਤਹਿਸੀਲ,ਜਿਲ੍ਹਾ ਤੇ ਰਾਜ ਪੱਧਰ ਉੱਤੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ,ਉਥੇ ਹੀ ਰਾਸ਼ਟਰੀ ਪੱਧਰ ਉੱਤੇ ਦਿੱਲੀ ਵਿੱਚ ਹੋਏ ਸੰਮੇਲਨ ਦੌਰਾਨ ਹੋਈ ਪਰੇਡ ਵਿੱਚ ਭਾਰਤ ਦੀ ਫੌਜੀ ਤਾਕਤ, ਸੱਭਿਆਚਾਰਕ ਵਿਭਿੰਨਤਾ ਅਤੇ ਵਿਲੱਖਣ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ ‘ਚ ਕਰਤਵ ਪੱਥ ‘ਤੇ ਤਿਰੰਗਾ ਲਹਿਰਾਇਆ। ਤਿਰੰਗਾ ਲਹਿਰਾਉਣ ਉਪਰੰਤ ਰਾਸ਼ਟਰੀ ਗੀਤ ਗਾਇਆ ਗਿਆ ਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਪਹਿਲੀ ਵਾਰ ਇਹ ਸਲਾਮੀ ਭਾਰਤ ਵਿਚ ਹੀ ਬਣੀਆਂ 105 ਐਮ ਐਮ ਇੰਡੀਅਨ ਫੀਲਡ ਗੰਨਜ਼ ਨਾਲ ਦਿੱਤੀ ਗਈ। ਇਸ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਭਾਰਤ ਦੇ ਆਧੁਨਿਕ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਨੈਸ਼ਨਲ ਵਾਰ ਮੈਮੋਰੀਅਲ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਗਣਤੰਤਰ ਦਿਵਸ ਦੇ ਮੱਦੇਨਜ਼ਰ ਰਾਜਧਾਨੀ ਦੇ ਹਰ ਚੌਕ ‘ਤੇ ਸਖ਼ਤ ਸੁਰੱਖਿਆ ਤਾਇਨਾਤ ਕੀਤੀ ਗਈ।
ਰਾਸ਼ਟਰਪਤੀ ਮੁਰਮੂ ਨੇ ਗਣਤੰਤਰ ਦਿਵਸ ਦੀ ਪਰੇਡ ਮੌਕੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੀਆਂ ਸਾਰੀਆਂ ਮਹਿਲਾ ਟੁਕੜੀਆਂ ਦੀ ਸਲਾਮੀ ਲਈ। 27 ਏਅਰ ਡਿਫੈਂਸ ਮਿਜ਼ਾਈਲ ਰੈਜੀਮੈਂਟ, ‘ਅੰਮ੍ਰਿਤਸਰ ਏਅਰਫੀਲਡ’ ਦੀ ਆਕਾਸ਼ ਮਿਜ਼ਾਈਲ ਪ੍ਰਣਾਲੀ ਦੀ ਅਗਵਾਈ ਕੈਪਟਨ ਸੁਨੀਲ ਦਸ਼ਰਥ ਅਤੇ 512 ਲਾਈਟ ਏਡੀ ਮਿਜ਼ਾਈਲ ਰੈਜੀਮੈਂਟ (SP) ਦੇ ਲੈਫਟੀਨੈਂਟ ਚੇਤਨਾ ਸ਼ਰਮਾ ਕਰ ਰਹੇ ਹਨ।
ਪਹਿਲੀ ਵਾਰ ਕਰਤੱਵਯ ਪੱਥ ‘ਤੇ ਮਿਸਰੀ ਹਥਿਆਰਬੰਦ ਬਲਾਂ ਦਾ ਇੱਕ ਸੰਯੁਕਤ ਬੈਂਡ ਅਤੇ ਮਾਰਚਿੰਗ ਦਲ ਸ਼ਾਮਿਲ ਹੋਇਆ ਹੈ। ਇਸ ਦਲ ਵਿੱਚ 144 ਸਿਪਾਹੀ ਸ਼ਾਮਲ ਸਨ, ਜੋ ਕਿ ਮਿਸਰੀ ਹਥਿਆਰਬੰਦ ਸੈਨਾਵਾਂ ਦੀਆਂ ਮੁੱਖ ਸ਼ਾਖਾਵਾਂ ਦੀ ਨੁਮਾਇੰਦਗੀ ਕਰਦਾ ਹੈ। 61 ਕੈਵਲਰੀ ਦੀ ਵਰਦੀ ਵਿੱਚ ਪਹਿਲੀ ਟੁਕੜੀ ਦੀ ਅਗਵਾਈ ਕੈਪਟਨ ਰਾਏਜ਼ਾਦਾ ਸ਼ੌਰਿਆ ਬਾਲੀ ਨੇ ਕੀਤੀ। 61 ਕੈਵਲਰੀ ਦੁਨੀਆ ਦੀ ਇਕੋ-ਇਕ ਸਰਗਰਮ ਮਾਊਂਟਡ ਕੈਵਲਰੀ ਰੈਜੀਮੈਂਟ ਹੈ, ਜੋ ਸਾਰੀਆਂ ‘ਸਟੇਟ ਹਾਰਸ ਯੂਨਿਟਾਂ’ ਦਾ ਸੁਮੇਲ ਹੈ।