International

ਇਰਾਨ ਦੀ ਸਿਆਸਤ ‘ਚ ਵੱਡਾ ਉਲਟਫੇਰ! ਹਿਜਾਬ ਵਿਰੋਧੀ ਪਾਰਟੀ ਦੀ ਵੱਡੀ ਜਿੱਤ

ਬਿਉਰੋ ਰਿਪੋਰਟ: ਈਰਾਨ ਵਿੱਚ ਮਸੂਦ ਪਜ਼ਾਸ਼ਕੀਅਨ ਦੇਸ਼ ਦੇ 9ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੇ ਕੱਟੜਪੰਥੀ ਨੇਤਾ ਸਈਦ ਜਲੀਲੀ ਨੂੰ 30 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਈਰਾਨ ‘ਚ ਸ਼ੁੱਕਰਵਾਰ (5 ਜੁਲਾਈ) ਨੂੰ ਦੂਜੇ ਪੜਾਅ ਦੀ ਵੋਟਿੰਗ ਹੋਈ। ਇਸ ‘ਚ ਕਰੀਬ 3 ਕਰੋੜ ਲੋਕਾਂ ਨੇ ਵੋਟਿੰਗ ਕੀਤੀ।

ਈਰਾਨ ਦੇ ਸਰਕਾਰੀ ਮੀਡੀਆ IRNA ਦੇ ਅਨੁਸਾਰ, ਪਜ਼ਾਸ਼ਕੀਅਨ ਨੂੰ 1.64 ਕਰੋੜ ਵੋਟਾਂ ਮਿਲੀਆਂ, ਜਦੋਂ ਕਿ ਜਲੀਲੀ ਨੂੰ 1.36 ਕਰੋੜ ਵੋਟਾਂ ਮਿਲੀਆਂ। 5 ਜੁਲਾਈ ਨੂੰ 16 ਘੰਟੇ ਤੱਕ ਚੱਲੀ ਵੋਟਿੰਗ ਵਿੱਚ ਦੇਸ਼ ਦੇ ਲਗਭਗ 50% (3 ਕਰੋੜ ਤੋਂ ਵੱਧ) ਲੋਕਾਂ ਨੇ ਵੋਟ ਪਾਈ। ਅਧਿਕਾਰਿਤ ਸਮੇਂ ਮੁਤਾਬਕ ਸ਼ਾਮ 6 ਵਜੇ ਵੋਟਿੰਗ ਖ਼ਤਮ ਹੋਣੀ ਸੀ। ਹਾਲਾਂਕਿ ਬਾਅਦ ‘ਚ ਇਸ ਨੂੰ ਅੱਧੀ ਰਾਤ 12 ਤੱਕ ਵਧਾ ਦਿੱਤਾ ਗਿਆ।

ਦਰਅਸਲ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ 19 ਮਈ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਈਰਾਨ ‘ਚ ਇਸ ਸਾਲ ਫਰਵਰੀ ‘ਚ ਚੋਣਾਂ ਹੋਈਆਂ ਸਨ, ਜਿਸ ‘ਚ ਰਾਇਸੀ ਫਿਰ ਤੋਂ ਦੇਸ਼ ਦੇ ਰਾਸ਼ਟਰਪਤੀ ਬਣੇ ਸਨ।

ਹਿਜਾਬ ਦਾ ਵਿਰੋਧ ਕਰਦੇ ਹਨ ਮਸੂਦ ਪਜ਼ਾਸ਼ਕੀਅਨ

ਤਬਰੀਜ਼ ਦੇ ਸੰਸਦ ਮੈਂਬਰ ਪਾਜ਼ਾਸ਼ਕੀਅਨ ਨੂੰ ਸਭ ਤੋਂ ਉਦਾਰਵਾਦੀ ਨੇਤਾ ਮੰਨਿਆ ਗਿਆ ਹੈ। ਇਰਾਨੀ ਮੀਡੀਆ ਇਰਾਨ ਵਾਇਰ ਦੇ ਮੁਤਾਬਕ, ਲੋਕ ਪਾਜਾਸ਼ਕੀਅਨ ਨੂੰ ਸੁਧਾਰਵਾਦੀ (ਰਿਫਾਰਮਿਸਟ) ਦੇ ਰੂਪ ‘ਚ ਦੇਖ ਰਹੇ ਹਨ। ਉਹ ਸਾਬਕਾ ਰਾਸ਼ਟਰਪਤੀ ਹਸਨ ਰੂਹਾਨੀ ਦੇ ਕਰੀਬੀ ਮੰਨੇ ਜਾਂਦੇ ਹਨ।

ਪਾਜ਼ਾਸ਼ਕੀਅਨ ਇੱਕ ਸਾਬਕਾ ਸਰਜਨ ਹਨ ਅਤੇ ਵਰਤਮਾਨ ਵਿੱਚ ਦੇਸ਼ ਦੇ ਸਿਹਤ ਮੰਤਰੀ ਹਨ। ਉਹ ਕਈ ਵਾਰ ਬਹਿਸਾਂ ਵਿੱਚ ਹਿਜਾਬ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੈਤਿਕ ਪੁਲਿਸਿੰਗ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਪਾਜ਼ਾਸ਼ਕੀਅਨ ਪਹਿਲੀ ਵਾਰ 2006 ਵਿੱਚ ਤਬਰੀਜ਼ ਤੋਂ ਐਮਪੀ ਬਣੇ ਸਨ। ਉਹ ਅਮਰੀਕਾ ਨੂੰ ਆਪਣਾ ਦੁਸ਼ਮਣ ਮੰਨਦੇ ਹਨ।