Punjab

ਹੁਣ ਚੰਡੀਗੜ੍ਹ ਦੀ ਵੱਖੀ ‘ਚੋਂ ਵਗਿਆ ਲਾਲ ਪਾਣੀ

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਦੇ ਨਾਲ ਲੱਗਦੇ ਜੀਰਕਪੁਰ ਦੇ ਢਕੋਲੀ ਖੇਤਰ ਵਿੱਚੋਂ ਨਿਕਲਦੇ ਬਰਸਾਤੀ ਨਾਲੇ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਨਾਲੇ ਵਿੱਚ ਲਾਲ ਪਾਣੀ ਅਚਾਨਕ ਵਗਣ ਲੱਗਾ ਹੈ। ਉੱਥੋਂ ਦੇ ਲੋਕਾਂ ਦਾ ਦੱਸਣਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਇਸ ਬਰਸਾਤੀ ਨਾਲੇ ਦਾ ਪਾਣੀ ਲਾਲ ਹੋ ਗਿਆ ਹੈ। ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਦੂਜੇ ਪਾਸੇ ਆਸ-ਪਾਸ ਦੇ ਲੋਕ ਇਸ ਲਾਲ ਪਾਣੀ ਨੂੰ ਵੇਖਣ ਆ ਰਹੇ ਹਨ।

ਇਹ ਬਰਸਾਤੀ ਨਾਲਾ ਪੰਚਕੂਲਾ ਦੇ ਉਦਯੋਗਿਕ ਖੇਤਰ ਤੋਂ ਹੁੰਦਾ ਹੋਇਆ ਪਿੰਡ ਕਾਠਗੜ੍ਹ ਰਾਹੀਂ ਢਕੋਲੀ ਖੇਤਰ ਤੋਂ ਲੰਘ ਕੇ ਸੁਖਨਾ ਚੋਅ ਵਿੱਚ ਜਾ ਮਿਲਦਾ ਹੈ। ਲੋਕਾਂ ਨੇ ਦੱਸਣਾ ਹੈ ਕਿ ਪੰਚਕੂਲਾ ਦੇ ਉਦਯੋਗਿਕ ਖ਼ੇਤਰ ਤੋਂ ਛੱਡੇ ਜਾ ਰਹੇ ਰਸਾਇਣ ਕਰਕੇ ਇਸ ਬਰਸਾਤੀ ਨਾਲੇ ਵਿੱਚ ਜ਼ਹਿਰ ਘੁਲ ਗਈ ਹੈ, ਜਿਸ ਕਰਕੇ ਪਾਣੀ ਦਾ ਰੰਗ ਲਾਲ ਹੋ ਗਿਆ ਹੈ।

ਇਹ ਵੀ ਪਤਾ ਲੱਗਾ ਹੈ ਕਿ ਇਸ ਖੇਤਰ ਦੇ ਕੁੱਝ ਕਿਸਾਨਾਂ ਵੱਲੋਂ ਇਸ ਪਾਣੀ ਦੀ ਵਰਤੋਂ ਆਪਣੇ ਖੇਤਾਂ ਵਿੱਚ ਫ਼ਸਲ ਦੀ ਸਿੰਚਾਈ ਲਈ ਵੀ ਕੀਤੀ ਜਾਂਦੀ ਹੈ। ਇਸ ਜ਼ਹਿਰੀਲੇ ਪਾਣੀ ਤੋਂ ਤਿਆਰ ਹੋਣ ਵਾਲੇ ਫ਼ਲ, ਸਬਜ਼ੀਆਂ ਤੇ ਅਨਾਜ ਮਨੁੱਖਾਂ ਤੇ ਪਸ਼ੂਆਂ ਦੇ ਖਾਣਯੋਗ ਨਹੀਂ ਹੈ ਅਤੇ ਇਸ ਨਾਲ ਗੰਭੀਰ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਬਣ ਗਿਆ ਹੈ। ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਬਠਿੰਡੇ ਦੀ ਤਰ੍ਹਾਂ ਜੀਰਕਪੁਰ ਨੂੰ ਵੀ ਕੈਂਸਰ ਆਪਣੀ ਲਪੇਟ ਵਿੱਚ ਨਾ ਲੈ ਲਵੇ। ਹਾਲੇ, ਕੁੱਝ ਦਿਨ ਪਹਿਲਾਂ ਹੀ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਕਈ ਪਿੰਡਾਂ ਅਤੇ ਕਸਬਿਆਂ ਦੇ ਟਿਊੱਬਵਲਾਂ ਵਿੱਚੋਂ ਲਾਲ ਪਾਣੀ ਬਾਹਰ ਆਉਣ ਦੀ ਖ਼ਬਰ ਮਿਲੀ ਸੀ।