Punjab

ਕੌਣ ਲੁਕਿਆ ਹੋਇਐ ਅਮਰਿੰਦਰ ਦੀ ਬੁੱਕਲ ‘ਚ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਤਿੰਨ ਖੇਤੀ ਕਾਨੂੰਨ ਵਿਧਾਨ ਸਭਾ ਵਿੱਚੋਂ ਪਾਸ ਕਰਾ ਕੇ ਰੱਦ ਕਰਨੇ ਸੌਖੇ ਹਨ ਪਰ ਬਿਜਲੀ ਸਮਝੌਤਿਆਂ ਨੂੰ ਤੋੜਣਾ ਆਸਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਸਮਝੌਤੇ ਰੱਦ ਕਰਨ ਵਾਲੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੁੱਕਲ ਵਿੱਚ ਲੁਕੇ ਬੈਠੇ ਹਨ। ਉਨ੍ਹਾਂ ਨੇ ਬਾਦਲਾਂ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜਨ ਵਾਲੇ ਬਿਜਲੀ ਸਮਝੌਤੇ ਅਤੇ ਕਾਲੇ ਖੇਤੀ ਕਾਨੂੰਨ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਢੋਂ ਰੱਦ ਕਰਾਉਣ ਲਈ ਪੂਰੀ ਵਾਹ ਲਾਉਣਗੇ। ਸਿੱਧੂ ਨੇ ਆਮ ਦੇ ਉਲਟ ਅੱਜ ਬਿਜਲੀ ਸਮਝੌਤਿਆਂ ਬਾਰੇ ਬਦਲਵਾਂ ਬਿਆਨ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਸਿੱਧੂ ਨੇ ਦਾਅਵਾ ਕੀਤਾ ਕਿ ਅਗਲੀਆਂ ਚੋਣਾਂ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਮਾਫ਼ੀਆ ਰਾਜ ਦਾ ਖ਼ਾਤਮਾ ਹੋਵੇਗਾ। ਠੇਕਾ ਮੁਲਾਜ਼ਮਾਂ, ਸਿਹਤ ਕਾਮਿਆਂ, ਕਿਸਾਨਾਂ, ਈਟੀਟੀ ਅਧਿਆਪਕਾਂ ਨੂੰ ਕਲਾਵੇ ਵਿੱਚ ਲੈਂਦਿਆਂ ਕਿਹਾ, ‘ਅੱਜ, ਮੈਂ ਮੁੜ ਜ਼ੋਰ ਦੇ ਕੇ ਕਹਿ ਰਿਹਾ ਹਾਂ ਕਿ ਸਾਨੂੰ ਪੰਜਾਬ ਦੇ ਵਿਕਾਸ ਲਈ ‘ਪੰਜਾਬ ਮਾਡਲ’ ਦੀ ਲੋੜ ਹੈ। ਜਿੱਥੇ ਲੋਕਾਂ ਦਾ ਪਸੀਨਾ ਡੁੱਲ੍ਹੇਗਾ ਉੱਥੇ ਸਿੱਧੂ ਦਾ ਖੂਨ ਵਹੇਗਾ ਅਤੇ ਪੰਜਾਬ ਵਿਚ ਇਹ ਕਿਸਾਨ ਮਾਰੂ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਪੰਜਾਬ 3 ਲੱਖ ਕਰੋੜ ਦਾ ਕਰਜ਼ਾਈ ਹੈ। ਪਿਛਲੀ ਸਰਕਾਰ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਰੱਜ ਕੇ ਲੁੱਟ ਕੀਤੀ। ਪੰਜਾਬ ਵਿੱਚ 1,100 ਕਿਲੋਮੀਟਰ ਦਰਿਆਈ ਖੇਤਰ ਹੈ ਪਰ ਪਿਛਲੀ ਸਰਕਾਰ ਵੱਲੋਂ ਰੇਤੇ ਦੇ ਪ੍ਰਤੀ ਮਹੀਨਾ ਸਿਰਫ਼ 3 ਕਰੋੜ ਰੁਪਏ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਏ ਜਾਂਦੇ ਸਨ, ਜੋ ਕਿ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ 300 ਕਰੋੜ ਰੁਪਏ ਕਰਵਾਏ ਜਾ ਰਹੇ ਹਨ। ਪੰਜਾਬ ਵਿੱਚੋਂ ਕੇਬਲ ਮਾਫ਼ੀਆ, ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਅਤੇ ਹੋਰ ਮਾਫ਼ੀਆ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਕਿ ਜੇ ਬਿਜਲੀ ਸਮਝੌਤੇ ਰੱਦ ਨਾ ਹੋਏ ਤਾਂ ਵੱਡੀ ਕੀਮਤ ਚੁਕਾਉਣੀ ਪਵੇਗੀ।