ਜੈਪੁਰ : ਰਾਜਸਥਾਨ ਵਿੱਚ ਅੱਜ 48 ਹਜ਼ਾਰ ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ (RET) ਕਰਵਾਈ ਜਾ ਰਹੀ ਹੈ। ਘੱਟੋ-ਘੱਟ ਅੱਠ ਲੱਖ ਉਮੀਦਵਾਰ ਪ੍ਰੀਖਿਆ ਵਿੱਚ ਬੈਠ ਰਹੇ ਹਨ। ਪ੍ਰੀਖਿਆਂ ਦੇ ਮੱਦੇਨਜ਼ਰ ਇੱਥੇ ਇੰਟਰਨੈੱਟ ਸੇਵਾਵਾਂ ਵੀ ਠੱਪ ਕੀਤੀਆਂ ਗਈਆਂ ਹਨ। ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਪ੍ਰੀਖਿਆ ਲਈ ਤਿੰਨ ਹਜ਼ਾਰ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ‘ਚ ਜੈਪੁਰ, ਅਜਮੇਰ, ਕੋਟਾ, ਭੀਲਵਾੜਾ, ਟੋਂਕ, ਅਲਵਰ ਸਮੇਤ ਜ਼ਿਆਦਾਤਰ ਜ਼ਿਲਿਆਂ ‘ਚ ਐਤਵਾਰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਭਰਤੀ ਪ੍ਰੀਖਿਆ ਦਾ ਆਯੋਜਨ ਕਰ ਰਹੇ ਰਾਜਸਥਾਨ ਸਟਾਫ਼ ਸਿਲੈਕਸ਼ਨ ਬੋਰਡ ਨੇ ਪ੍ਰੀਖਿਆ ਦੌਰਾਨ ਇੰਟਰਨੈੱਟ ਬੰਦ ਕਰਨ ਲਈ ਸਰਕਾਰ ਨੂੰ ਪੱਤਰ ਵੀ ਲਿਖਿਆ ਸੀ।
ਇਹ ਪ੍ਰੀਖਿਆਂ ਦੋ ਸ਼ਿਫਟਾਂ ਵਿੱਚ ਹੋਵੇਗੀ। ਇਸ ਤੋਂ ਬਾਅਦ ਦੀਆਂ ਪ੍ਰੀਖਿਆਵਾਂ 27 ਫਰਵਰੀ, 28 ਅਤੇ 1 ਮਾਰਚ ਨੂੰ ਜੈਪੁਰ ਜ਼ਿਲ੍ਹੇ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਹੀ ਹੋਣਗੀਆਂ। 12 ਘੰਟੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਆਨਲਾਈਨ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
25 ਫਰਵਰੀ ਨੂੰ ਦੋ ਸ਼ਿਫਟਾਂ ‘ਚ ਹੋਈ ਪ੍ਰੀਖਿਆ ਦੌਰਾਨ ਭਰਤਪੁਰ, ਕੋਟਾ, ਅਜਮੇਰ, ਉਦੈਪੁਰ ਸਮੇਤ ਕਈ ਜ਼ਿਲਿਆਂ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ। ਸੂਬੇ ਵਿੱਚ ਲਗਾਤਾਰ ਪੇਪਰ ਲੀਕ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ‘ਚ ਇਸ ਪ੍ਰੀਖਿਆ ਨੂੰ ਸਫਲਤਾਪੂਰਵਕ ਕਰਵਾਉਣਾ ਸਰਕਾਰ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।