Punjab

ਅਧਿਆਪਕਾਂ ਦੀਆਂ 4161 ਅਸਾਮੀਆਂ ਲਈ ਭਰਤੀ ਸ਼ੁਰੂ, 83 ਕੇਂਦਰਾਂ ‘ਤੇ ਹੋਵੇਗੀ ਪ੍ਰੀਖਿਆ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੁਜ਼ਗਾਰ ਦੇਣ ਲਈ ਪਹਿਲਕਦਮੀ ਕੀਤੀ ਹੈ। ਇਸ ਤਹਿਤ ਸਿੱਖਿਆ ਵਿਭਾਗ ਵਿੱਚ 4161 ਅਸਾਮੀਆਂ ਲਈ ਭਰਤੀ ਪ੍ਰੀਖਿਆ ਅੱਜ 21 ਅਗਸਤ, 2022 ਤੋਂ ਕਰਵਾਈ ਜਾ ਰਹੀ ਹੈ।

ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਮਾਜਿਕ ਸਿੱਖਿਆ ਅਤੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ 21 ਅਗਸਤ, 2022 ਨੂੰ ਚੰਡੀਗੜ੍ਹ ਅਤੇ ਮੁਹਾਲੀ ਸਥਿਤ 83 ਪ੍ਰੀਖਿਆ ਕੇਂਦਰਾਂ ਵਿੱਚ ਲਈ ਜਾ ਰਹੀ ਹੈ। ਇਨ੍ਹਾਂ ਕੇਂਦਰਾਂ ਵਿੱਚ ਪ੍ਰੀਖਿਆ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਸਵੇਰੇ 48 ਕੇਂਦਰਾਂ ਵਿੱਚ ਹੋਵੇਗੀ ਜਦੋਂਕਿ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੁਪਹਿਰ ਵੇਲੇ 35 ਕੇਂਦਰਾਂ ਵਿੱਚ ਲਈ ਜਾਵੇਗੀ।

ਬੈਂਸ ਨੇ ਦੱਸਿਆ ਕਿ ਸਮਾਜਿਕ ਸਿੱਖਿਆ ਵਿਸ਼ੇ ਦੀਆਂ 633 ਅਸਾਮੀਆਂ ਲਈ 23858 ਉਮੀਦਵਾਰ ਅਤੇ ਪੰਜਾਬੀ ਵਿਸ਼ੇ ਦੀਆਂ 534 ਅਸਾਮੀਆਂ ਲਈ 15914 ਉਮੀਦਵਾਰ ਪ੍ਰੀਖਿਆ ਦੇਣਗੇ। ਉਨ੍ਹਾਂ ਦੱਸਿਆ ਕਿ ਇਹ ਭਰਤੀ ਪ੍ਰੀਖਿਆ ਪਿਛਲੇ ਸਮੇਂ ਵਿੱਚ ਜਾਰੀ ਇਸ਼ਤਿਹਾਰਾਂ ਅਨੁਸਾਰ 4161 ਅਸਾਮੀਆਂ ਲਈ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ 28 ਅਗਸਤ 2022 ਨੂੰ ਗਣਿਤ ਅਤੇ ਹਿੰਦੀ ਵਿਸ਼ਿਆਂ ਲਈ, 4 ਸਤੰਬਰ 2022 ਨੂੰ ਸਰੀਰਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ਿਆਂ ਲਈ ਜਦਕਿ 11 ਸਤੰਬਰ 2022 ਨੂੰ ਸਾਇੰਸ ਅਤੇ ਸੰਗੀਤ ਵਿਸ਼ੇ ਦੀ ਪ੍ਰੀਖਿਆ ਲਈ ਜਾਵੇਗੀ।

How to Become a Math Teacher: Salary and Education Info | Resilient Educator

ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਸਾਰੇ ਪ੍ਰੀਖਿਆ ਕੇਂਦਰਾਂ ‘ਤੇ ਜੈਮਰ ਲਗਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੀ ਸਮੁੱਚੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਬਾਇਓਮੈਟ੍ਰਿਕ ਵਿਧੀ ਵੀ ਵਰਤੀ ਜਾਵੇਗੀ।

ਉਨ੍ਹਾਂ ਨੇ ਇਸੇ ਸ਼ਹਿਰ ਵਿੱਚ ਭਰਤੀ ਪ੍ਰੀਖਿਆ ਕਰਵਾਉਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਭਰਤੀ ਪ੍ਰੀਖਿਆ ਦੀ ਸਹੀ ਨਿਗਰਾਨੀ ਕੀਤੀ ਜਾ ਸਕੇਗੀ ਅਤੇ ਜੇਕਰ ਕੋਈ ਤਕਨੀਕੀ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਬਿਨਾਂ ਸਮਾਂ ਬਰਬਾਦ ਕੀਤੇ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਪ੍ਰਕਿਰਿਆ ਦਾ ਮਕਸਦ ਸਿਰਫ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਉਮੀਦਵਾਰ ਪਿੱਛੇ ਨਾ ਰਹਿ ਜਾਵੇ।