Punjab

1 ਮਈ ਨੂੰ ਕਰੋਨਾ ਵੈਕਸੀਨੇਸ਼ਨ ਲਈ ਪੰਜਾਬ ਦੀ ਕਿੰਨੀ ਕੁ ਤਿਆਰੀ ਹੈ, ਇੱਥੇ ਪੜ੍ਹੋ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕਰੋਨਾ ਵੈਕਸੀਨ ਅਤੇ ਆਕਸੀਜਨ ਦੀ ਘਾਟ ਕਾਰਨ ਕਰੋਨਾ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਹੋ ਰਿਹਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਈ ਵਾਰ ਸੂਬੇ ਵਿੱਚ ਆਕਸੀਜਨ ਅਤੇ ਕਰੋਨਾ ਵੈਕਸੀਨ ਦੀ ਸਪਲਾਈ ਜਲਦ ਕਰਨ ਦੀ ਅਪੀਲ ਕੀਤੀ ਸੀ ਅਤੇ ਦੋ ਵਾਰ ਕੇਂਦਰ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ। ਇਸ ਤੋਂ ਬਾਅਦ ਵੀ ਕਰੋਨਾ ਟੀਕੇ ਦੀ ਖੇਪ ਅਜੇ ਤੱਕ ਪੰਜਾਬ ਵਿੱਚ ਨਹੀਂ ਪਹੁੰਚੀ, ਜਿਸ ਕਾਰਨ 18 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ 1 ਮਈ ਤੋਂ ਟੀਕੇ ਲਗਾਉਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ, ਕੇਂਦਰ ਸਰਕਾਰ ਨੇ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਐਂਟੀ ਕੋਵਿਡ ਟੀਕਾ ਲਗਾਉਣ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਟੀਕਾ ਮੁਹੱਈਆ ਨਹੀਂ ਕਰਵਾਇਆ ਗਿਆ ਹੈ। ਪੰਜਾਬ ਸਰਕਾਰ ਨੇ ਵੀ ਆਪਣੇ ਪੱਧਰ ’ਤੇ 30 ਲੱਖ ਟੀਕਿਆਂ ਦਾ ਆਰਡਰ ਦਿੱਤਾ ਹੈ, ਪਰ ਕੇਂਦਰ ਸਰਕਾਰ ਤੋਂ ਟੀਕੇ ਦੇ ਮਿਲਣ ਦੀ ਉਮੀਦ ਘੱਟ ਹੈ। ਦੋ ਦਿਨਾਂ ਬਾਅਦ, 18 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਉਣ ਲਈ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ, ਜੋ ਕਿ ਸਿਰੇ ਚੜ੍ਹਦਾ ਨਹੀਂ ਜਾਪ ਰਿਹਾ।

ਪੰਜਾਬ ਵਿੱਚ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਕਰੋਨਾ ਵੈਕਸੀਨ ਲਗਵਾਉਣੀ ਲਾਜ਼ਮੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਹਰ ਮੁਲਾਜ਼ਮ ਲਈ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਉਣੀਆਂ ਲਾਜ਼ਮੀ ਕੀਤੀਆਂ ਹਨ।

ਹਦਾਇਤ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਕਰੋਨਾ ਪੀੜਤ ਪਾਇਆ ਜਾਂਦਾ ਹੈ, ਤਾਂ ਇਸ ਨਾਲ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਪਹੁੰਚਾਉਣ ਵਿੱਚ ਰੁਕਾਵਟ ਆ ਸਕਦੀ ਹੈ, ਇਸ ਲਈ ਸਾਰੇ ਮੁਲਾਜ਼ਮਾਂ ਦਾ ਕਰੋਨਾ ਟੀਕਾਕਰਨ ਜ਼ਰੂਰੀ ਕੀਤਾ ਗਿਆ ਹੈ।