Punjab

ਮਈ ਦੇ ਇਸ ਦਿਨ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਨੂੰ ਕਰੇਗਾ ਕੂਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਵੱਲੋਂ 5 ਮਈ ਨੂੰ ਦਿੱਲੀ ਵਿੱਚ ਕਿਸਾਨ ਮੋਰਚੇ ਲਈ ਜਥਾ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਜਥਾ ਅੰਮ੍ਰਿਤਸਰ ਜ਼ਿਲ੍ਹੇ ਤੋਂ ਦਿੱਲੀ ਨੂੰ ਕੂਚ ਕਰੇਗਾ। ਇਸ ਜਥੇ ਨੂੰ ਦਿੱਲੀ ਭੇਜਣ ਲਈ ਜਥੇਬੰਦੀ ਵੱਲੋਂ ਵੱਖ-ਵੱਖ ਜ਼ੋਨਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਦਿੱਲੀ ਕੂਚ ਕਰਨ ਲਈ ਇਕੱਠਾ ਕੀਤਾ ਜਾ ਰਿਹਾ ਹੈ।

ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੰਮ੍ਰਿਤਸਰ ਜ਼ਿਲ੍ਹੇ ਦੇ 4 ਜ਼ੋਨਾਂ ਜੰਡਿਆਲਾ ਗੁਰੂ, ਜ਼ੋਨ ਟਾਂਗਰਾ , ਜ਼ੋਨ ਬਾਬਾ ਬਕਾਲਾ ਸਾਹਿਬ ਅਤੇ ਜ਼ੋਨ ਬਾਬਾ ਨੌਧ ਸਿੰਘ ਦੀ ਹੰਗਾਮੀ ਮੀਟਿੰਗ ਪਿੰਡ ਭੰਗਵਾ ਦੇ ਗੁਰਦਵਾਰਾ ਸਾਹਿਬ ਵਿਖੇ ਹੋਈ।

ਇਸ ਮੀਟਿੰਗ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਤਿੰਨ ਨਵੇਂ ਖੇਤੀ ਕਾਨੂੰਨ ਲਿਆ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਕਰੋਨਾ ਇੱਕ ਆਮ ਵਾਇਰਸ ਹੈ, ਜਿਸਦਾ ਵਿਗਿਆਨਕ ਹੱਲ ਕਰਨ ਦੀ ਲੋੜ ਹੈ ਨਾ ਕਿ ਕਾਰੋਬਾਰੀ, ਦਿਹਾੜੀਦਾਰ, ਦੁਕਾਨਦਾਰਾਂ ਨੂੰ ਅੰਦਰ ਡੱਕ ਕੇ, ਮਨ ਮਰਜ਼ੀ ਦੇ ਚਲਾਨ, ਪਰਚੇ ਕੱਟ ਕੇ ਲੋਕਾਂ ‘ਤੇ ਦਬਾਅ ਬਣਾਇਆ ਜਾਵੇ। ਇਹ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ ਕਿ ਲੋਕ ਸਹਿਮ ਜਾਣ ਅਤੇ ਘਰਾਂ ਤੋਂ ਬਾਹਰ ਨਾ ਆਉਣ ਅਤੇ ਦਿੱਲੀ ਵਿੱਚ ਚੱਲਦਾ ਅੰਦੋਲਨ ਫੇਲ ਕੀਤਾ ਜਾ ਸਕੇ। ਪੰਧੇਰ ਨੇ ਕਿਹਾ ਕਿ ਕੇਂਦਰ ਦੀ ਭਾਈਵਾਲ ਕੈਪਟਨ ਸਰਕਾਰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀ ਹੈ।