Punjab

‘ਆਪ ਤੇ ਕਾਂਗਰਸ ਦਾ ਗਠਜੋੜ ਹੋ ਚੁੱਕਾ ਹੈ’!’ਨਹੀਂ ਪਸੰਦ ਤਾਂ ਪਾਰਟੀ ਛੱਡੋ’! ਵੜਿੰਗ ਤੇ ਬਾਜਵਾ ਨੂੰ ਨਸੀਹਤ!

 

ਬਿਉਰੋ ਰਿਪੋਰਟ : INDIA ਗਠਜੋੜ ਅਧੀਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲਕੇ ਪੰਜਾਬ ਵਿੱਚ ਲੋਕਸਭਾ ਚੋਣਾਂ ਲੜਨ ਇਸ ਨੂੰ ਲੈਕੇ ਕਾਂਗਰਸ ਹੁਣ 2 ਹਿੱਸਿਆਂ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ । ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਲੁਧਿਆਣਾ ਤੋਂ ਐੱਮਪੀ ਰਵਨੀਤ ਸਿੰਘ ਬਿੱਟੂ ਦਾ ਵੀ ਗਠਜੋੜ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਦਾਅਵਾ ਕੀਤਾ ਪੰਜਾਬ ਵਿੱਚ ਆਪ ਅਤੇ ਕਾਂਗਰਸ ਦਾ ਗਠਜੋੜ ਹੋ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਰੈਲੀਆਂ ਵੀ ਸ਼ੁਰੂ ਹੋ ਜਾਣਗੀਆਂ। ਇਸ ਲਈ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਇੱਕ ਦੂਜੇ ਦੇ ਖਿਲਾਫ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਿੱਟੂ ਨੇ ਇਸ਼ਾਰਿਆਂ ਇਸ਼ਾਰਿਆਂ ਵਿੱਚ ਆਪ ਨਾਲ ਗਠਜੋੜ ਨੂੰ ਲੈਕੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੇ ਜਾ ਰਹੇ ਵਿਰੋਧ ‘ਤੇ ਉਨ੍ਹਾਂ ਨੂੰ ਨਸੀਹਤ ਵੀ ਦਿੱਤੀ ਹੈ । ਸਿਆਸੀ ਜਾਣਕਾਰ ਬਿੱਟੂ ਦੇ ਇਸ ਬਿਆਨ ਦੇ ਕਈ ਮਾਇਨੇ ਕੱਢ ਰਹੇ ਹਨ ।

‘ਕਾਂਗਰਸ ਦੇ ਨਿਸ਼ਾਨ ‘ਤੇ ਅਹੁਦੇ ਮਿਲੇ’

ਰਵਨੀਤ ਸਿੰਘ ਬਿੱਟੂ ਨੇ ਆਪ ਨਾਲ ਪੰਜਾਬ ਵਿੱਚ ਗਠਜੋੜ ਦਾ ਵਿਰੋਧ ਕਰ ਰਹੇ ਆਪਣੀ ਪਾਰਟੀ ਦੇ ਵੱਡੇ ਆਗੂਆਂ ਨੂੰ ਬਿਨਾਂ ਨਾਂ ਲਏ ਨਸੀਹਤ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਅੱਜ ਸੂਬਾ ਪ੍ਰਧਾਨ ਹੋ ਜਾਂ ਆਗੂ ਵਿਰੋਧੀ ਧਿਰ ਤਾਂ ਤੁਹਾਨੂੰ ਇਹ ਅਹੁਦਾ ਕਾਂਗਰਸ ਦੇ ਨਿਸ਼ਾਨ ‘ਤੇ ਮਿਲਿਆ ਹੈ । ਜੇਕਰ ਹਾਈਕਮਾਂਡ ਨੇ ਕੋਈ ਫੈਸਲਾ ਕਰ ਲਿਆ ਹੈ ਤਾਂ ਤੁਸੀਂ ਇਸ ਤੋਂ ਪਿੱਛੇ ਨਹੀਂ ਹੱਟ ਸਕਦੇ ਹੋ। ਜੇਕਰ ਤੁਹਾਨੂੰ ਫੈਸਲੇ ‘ਤੇ ਇਤਰਾਜ਼ ਹੈ ਤਾਂ ਤੁਸੀਂ ਹਾਈਕਮਾਂਡ ਦੇ ਸਾਹਮਣੇ ਆਪਣੀ ਗੱਲ ਰੱਖ ਸਕਦੇ ਹੋ। ਜੇਕਰ ਫਿਰ ਵੀ ਤੁਹਾਨੂੰ ਮਨਜ਼ੂਰ ਨਹੀਂ ਹੁੰਦਾ ਤਾਂ ਤੁਸੀਂ ਪਾਰਟੀ ਛੱਡ ਸਕਦੇ ਹੋ। ਪਰ ਪਾਰਟੀ ਵਿੱਚ ਰਹਿੰਦੇ ਹੋਏ ਹਾਈਕਮਾਨ ਦੇ ਫੈਸਲੇ ਖਿਲਾਫ ਨਹੀਂ ਜਾਣਾ ਚਾਹੀਦੀ ਹੈ । ਬਿੱਟੂ ਨੇ ਕਿਹਾ ਪਾਰਟੀ ਵਿੱਚ ਰਹਿੰਦੇ ਹੋਏ 2 ਗੱਲਾਂ ਨਹੀਂ ਹੋ ਸਕਦੀਆਂ ਹਨ,ਤੁਸੀਂ ਪਾਰਟੀ ਵਰਕਰਾਂ ਨੂੰ ਹਨੇਰੇ ਵਿੱਚ ਨਹੀਂ ਰੱਖ ਸਕਦੇ ਹੋ ਤੁਹਾਨੂੰ ਇੱਕ ਲਾਈਨ ਚੁਣਨੀ ਹੋਵੇਗੀ। ਦਰਅਸਲ ਰਵਨੀਤ ਬਿੱਟੂ ਦੇ ਇਸ ਬਿਆਨ ਨੂੰ ਇੱਕ ਤੀਰ ਨਾਲ ਤਿੰਨ ਸ਼ਿਕਾਰ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ।

ਇੱਕ ਤੀਰ ਨਾਲ ਤਿੰਨ ਸ਼ਿਕਾਰ

ਸਿਆਸੀ ਮਾਹਿਰ ਰਵਨੀਤ ਸਿੰਘ ਬਿੱਟੂ ਦੇ ਇਸ ਬਿਆਨ ਨੂੰ ਤਿੰਨ ਤਰ੍ਹਾਂ ਨਾਲ ਵੇਖ ਰਹੇ ਹਨ । ਦਰਅਸਲ ਰਵਨੀਤ ਬਿੱਟੂ ਇਸ ਬਿਆਨ ਦੇ ਜ਼ਰੀਏ ਕਾਂਗਰਸ ਹਾਈਕਮਾਨ ਨੂੰ ਦੱਸ ਰਹੇ ਹਨ ਕਿ ਉਹ ਪਾਰਟੀ ਲਾਈਨ ‘ਤੇ ਪੈਰਾ ਦੇ ਰਹੇ ਹਨ । ਜੇਕਰ ਪਾਰਟੀ ਦੇ ਅੰਦਰ ਗਠਜੋੜ ਨੂੰ ਲੈਕੇ ਵਿਰੋਧ ਹੁੰਦਾ ਹੈ ਤਾਂ ਉਹ ਕਮਾਨ ਸੰਭਾਲਣ ਲਈ ਤਿਆਰ ਹਨ । ਉਨ੍ਹਾਂ ਦੀ ਨਜ਼ਰ ਕਿਧਰੇ ਨਾ ਕਿਧਰੇ ਸੂਬਾ ਪ੍ਰਧਾਨ ਦੀ ਕੁਰਸੀ ‘ਤੇ ਹੈ । ਮੁੱਖ ਮੰਤਰੀ ਭਗਵੰਤ ਮਾਨ ਨਾਲ ਬਿੱਟੂ ਦੇ ਨਿੱਜੀ ਰਿਸ਼ਤੇ ਕਾਫੀ ਚੰਗੇ ਹਨ ਉਹ ਇਸ ਦਾ ਕਈ ਵਾਰ ਜ਼ਿਕਰ ਵੀ ਕਰ ਚੁੱਕੇ ਹਨ । ਜੇਕਰ ਗਠਜੋੜ ਹੁੰਦਾ ਹੈ ਤਾਂ ਲੁਧਿਆਣਾ ਦੀ ਸੀਟ ਬਿੱਟੂ ਭਗਵੰਤ ਮਾਨ ਦੇ ਜ਼ਰੀਏ ਆਪਣੇ ਯਾਨੀ ਕਾਂਗਰਸ ਦੇ ਖਾਤੇ ਵਿੱਚ ਰੱਖ ਸਕਦੇ ਹਨ,ਯਾਨੀ ਤੀਜੀ ਵਾਲ ਲੁਧਿਆਣਾ ਸੀਟ ਤੋ ਬਿੱਟੂ ਆਪਣੀ ਦਾਅਵੇਦਾਰੀ ਪੱਕੀ ਕਰਨ ਦੇ ਚੱਕਰ ਵਿੱਚ ਹਨ । ਸਿਆਸੀ ਗਲਿਆਰਿਆਂ ਵਿੱਚ ਬਿੱਟੂ ਨੂੰ ਲੈਕੇ ਇੱਕ ਹੋਰ ਚਰਚਾ ਵੀ ਬਹੁਤ ਸਰਗਰਮ ਰਹਿੰਦੀ ਹੈ ਕਿ ਉਹ ਬੀਜੇਪੀ ਦੇ ਦਿੱਗਜ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰੀਬੀ ਹਨ ।

ਕੁੱਝ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਬਿੱਟੂ ਦਾ INDIA ਗਠਜੋੜ ਦੇ ਹੱਕ ਵਿੱਚ ਆਪ ਅਤੇ ਕਾਂਗਰਸ ਦੇ ਵਿਚਾਲੇ ਗਠਜੋੜ ਦਾ ਦਾਅਵਾ ਕਿਧਰੇ ਨਾ ਕਿਧਰੇ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਦਿੱਤਾ ਗਿਆ ਹੈ । ਜਿਸ ਤਰ੍ਹਾਂ ਬਿੱਟੂ ਨੇ ਗਠਜੋੜ ਦਾ ਵਿਰੋਧ ਕਰਨ ਵਾਲਿਆਂ ਨੂੰ ਪਾਰਟੀ ਛੱਡਣ ਦੀ ਨਸੀਹਤ ਦਿੱਤੀ ਹੈ, ਜੇਕਰ ਪਾਰਟੀ ਵਰਕਰਾਂ ਵਿੱਚ ਇਹ ਸੁਨੇਹਾ ਚੱਲਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਵਿੱਚ ਵੱਡੀ ਬਗਾਵਤ ਹੋ ਸਕਦੀ ਹੈ। ਇਸ ਦਾ ਸਿੱਧਾ ਫਾਇਦਾ ਬੀਜੇਪੀ ਨੂੰ ਹੋ ਸਕਦਾ ਹੈ,ਕਿਉਂਕਿ ਹੁਣ ਤੱਕ ਜ਼ਿਆਦਾਤਰ ਕਾਂਗਰਸੀ ਆਗੂਆਂ ਪਾਲਾ ਬਦਲ ਕੇ ਬੀਜੇਪੀ ਕੋਲ ਹੀ ਗਏ ਹਨ । ਲੋਕਸਭਾ ਅਤੇ ਵਿਧਾਨਸਭਾ ਵਿੱਚ ਮਜ਼ਬੂਤੀ ਦੇ ਲਈ ਬੀਜੇਪੀ ਨੂੰ ਇਸੇ ਦੀ ਟੇਕ ਹੈ । ਸੌ ਕੁੱਲ ਮਿਲਾਕੇ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੇ ਕਈ ਮਾਇਨੇ ਹਨ ਇਸ ਨੂੰ ਸਿਰਫ ਹਾਈਕਮਾਂਡ ਦੀ ਵਫਾਦਾਰੀ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਹੈ ।