India

ਚੂਹਿਆਂ ਨੂੰ ਲੱਗੀ ਗਾਂਜੇ ਦੀ ਲਤ , ਝਟ ਗਏ 581 ਕਿਲੋ ਨਸ਼ਾ

Rats ate 581 kg of ganja in Mathura, police said in the court - we are helpless...

ਇੱਕ ਪਾਸੇ ਜਿੱਥੇ ਨਸ਼ਾ ਨੇ ਦੇਸ਼ ਦੀ ਨੌਜਵਾਨੀ ਨੂੰ ਬਰਬਾਦ ਕਰ ਰਿਹਾ ਹੈ ਉੱਥੇ ਹੀ ਗਾਂਜੇ ਨੂੰ ਲੈ ਕੇ ਉੱਤਰ ਪ੍ਰਦੇਸ਼ ਤੋਂ ਇੱਕ ਅਜੀਬੋ- ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਹ ਅਜੀਬੋ-ਗਰੀਬ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਦਰਅਸਲ ਨਸ਼ੇੜੀ ਚੂਹਿਆਂ ਵੱਲੋਂ 500 ਕਿਲੋ ਗਾਂਜਾ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਅਦਾਲਤ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਗਾਂਜਾ ਚੂਹਿਆਂ ਨੇ ਖਾਧਾ ਸੀ। ਮਥੁਰਾ ਪੁਲਸ ਨੇ ਅਦਾਲਤ ‘ਚ ਪੇਸ਼ ਕੀਤੀ ਰਿਪੋਰਟ ‘ਚ ਕਿਹਾ ਹੈ ਕਿ ਗੋਦਾਮ ‘ਚ ਰੱਖੇ 581 ਕਿਲੋਗ੍ਰਾਮ ਜ਼ਬਤ ਗਾਂਜਾ ਚੂਹਿਆਂ ਨੇ ਖਾ ਲਿਆ ਹੈ। ਦੱਸ ਦੇਈਏ ਕਿ ਇਸ ਦੀ ਕੀਮਤ 60 ਲੱਖ ਰੁਪਏ ਸੀ।

ਜਾਣਕਾਰੀ ਅਨੁਸਾਰ  ਮਾਲਖਾਨੇ ਵਿੱਚ ਰੱਖੇ 581 ਕਿਲੋ ਗਾਂਜੇ ਨੂੰ ਵੀ ਚੂਹੇ ਡਕਾਰ ਗਏ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਦਾਲਤ ਨੇ ਇਸ ਸਬੰਧੀ ਪੁਲਿਸ ਤੋਂ ਜਵਾਬ ਮੰਗਿਆ। ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਚੂਹਿਆਂ ਦੀ ਦਹਿਸ਼ਤ ਨਾਲ ਨਜਿੱਠਣ ਵਿੱਚ ਆਪਣੀ ਬੇਵੱਸੀ ਜ਼ਾਹਰ ਕੀਤੀ ਹੈ। ਦਰਅਸਲ ਸ਼ੇਰਗੜ੍ਹ ਅਤੇ ਹਾਈਵੇ ਥਾਣੇ ਦੀ ਪੁਲਿਸ ਵੱਲੋਂ ਜ਼ਬਤ ਕੀਤੇ ਗਏ 581 ਕਿਲੋ ਗਾਂਜੇ ਦੀ ਖੇਪ ਮਾਲਖਾਨੇ ਜਮ੍ਹਾਂ ਕਰਵਾਈ ਸੀ।

ਇਹ ਸਾਰਾ ਮਾਮਲਾ ਸ਼ੇਰਗੜ੍ਹ ਅਤੇ ਹਾਈਵੇ ਥਾਣੇ ਦੀ ਪੁਲਿਸ ਵੱਲੋਂ ਸਾਲ 2018 ਵਿਚ 386 ਅਤੇ 195 ਕਿਲੋ ਗਾਂਜੇ ਸਮੇਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸਬੂਤ ਵਜੋਂ ਗਾਂਜੇ ਦੇ ਨਮੂਨੇ ਅਦਾਲਤ ਵਿੱਚ ਪੇਸ਼ ਕੀਤੇ ਸਨ।

ਇਸ ਮਾਮਲੇ ਵਿੱਚ ਜੱਜ ਨੇ ਪੁਲਿਸ ਨੂੰ ਗਾਂਜੇ ਦੇ ਪੈਕੇਟ ਨੂੰ ਸੀਲ ਸਮੇਤ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਜਵਾਬ ਵਿੱਚ ਪੁਲਿਸ ਨੇ ਕਿਹਾ ਕਿ ਮਾਲਖਾਨੇ ਵਿੱਚ ਰੱਖੇ ਗਾਂਜੇ ਨੂੰ ਚੂਹੇ ਖਾ ਗਏ ਸਨ। ਇਸ ਲਈ ਗਾਂਝੇ ਦੀ ਖੇਪ ਅਦਾਲਤ ਵਿੱਚ ਪੇਸ਼ ਨਹੀਂ ਕੀਤੀ ਜਾ ਸਕਦੀ।

ਇਸ ਦੇ ਨਾਲ ਹੀ ਪੁਲਿਸ ਵੱਲੋਂ ਅਦਾਲਤ ਅੱਗੇ ਬੇਵਸੀ ਵੀ ਜ਼ਾਹਰ ਕੀਤੀ ਗਈ ਹੈ। ਪੁਲਿਸ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਮਾਲਖਾਨੇ ਵਿੱਚ ਅਜਿਹੀ ਕੋਈ ਥਾਂ ਨਹੀਂ ਹੈ ਜਿੱਥੇ ਮਾਲ ਨੂੰ ਚੂਹਿਆਂ ਤੋਂ ਬਚਾਇਆ ਜਾ ਸਕੇ।

ਪੁਲਿਸ ਵੱਲੋਂ ਦਿੱਤੇ ਜਵਾਬ ਵਿੱਚ ਕਿਹਾ ਗਿਆ ਕਿ ਜੋ ਵੀ ਗਾਂਜਾ ਬਚਿਆ ਸੀ, ਉਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਦਾਲਤ ਨੇ ਥਾਣਾ ਮਾਲਖਾਨੇ ਵਿੱਚ ਵਧ ਰਹੇ ਚੂਹਿਆਂ ਨੂੰ ਠੱਲ੍ਹ ਪਾਉਣ ਲਈ ਐਸਐਸਪੀ ਨੂੰ ਕਾਰਗਰ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ ਨੂੰ ਹੋਵੇਗੀ। ਇਸ ਮਾਮਲੇ ਵਿੱਚ ਜਦੋਂ ਇਸਤਗਾਸਾ ਪੱਖ ਵੱਲੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਜਵਾਬ ਨਹੀਂ ਮਿਲਿਆ।