‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਣਜੀਤ ਸਿੰਘ ਢੱਡਰੀਆਂ ਵਾਲੇ ਨੇ 15 ਅਕਤੂਬਰ ਨੂੰ ਸਿੰਘੂ ਬਾਰਡਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਲਖਬੀਰ ਸਿੰਘ ਦਾ ਨਿਹੰਗ ਸਿੰਘਾਂ ਵੱਲੋਂ ਕੀਤੇ ਗਏ ਕ ਤਲ ‘ਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਦੋਸ਼ੀ ਲਖਬੀਰ ਸਿੰਘ ਦੀ ਤਰਫਦਾਰੀ ਕਰਦਿਆਂ ਕਿਹਾ ਕਿ ਜੋ ਬੇਅਦਬੀ ਕੀਤੀ ਗਈ ਹੈ, ਉਹ ਸਰਬ ਲੋਹ ਗ੍ਰੰਥ ਦੀ ਪੋਥੀ ਦੀ ਬੇਅਦਬੀ ਕਰਨ ਲੱਗਿਆ ਸੀ, ਜਿਸਨੂੰ ਅੱਧੇ ਤੋਂ ਵੱਧ ਸਿੱਖ ਮੰਨਦੇ ਹੀ ਨਹੀਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤਾਂ ਹੋਈ ਹੀ ਨਹੀਂ। ਪਰ ਕਮਾਲ ਦੀ ਗੱਲ ਹੈ ਕਿ ਨਿਹੰਗ ਸਿੰਘਾਂ ਨੇ ਪਹਿਲੀਆਂ ਵੀਡੀਓ ਵਿੱਚ ਇਹ ਦਾਅਵਾ ਕੀਤਾ ਕਿ ਉਹ ਸਰਬ ਲੋਹ ਗ੍ਰੰਥ ਦੀ ਪੋਥੀ ਨੂੰ ਲੈ ਕੇ ਭੱਜਣ ਲੱਗਾ ਸੀ ਪਰ ਹੁਣ ਸਾਰੇ ਸਿੱਖਾਂ ਵਿੱਚ ਇਹ ਬਣਾਇਆ ਜਾ ਰਿਹਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਭੱਜ ਚੱਲਿਆ ਸੀ। ਹੁਣ ਅੱਜਕੱਲ੍ਹ ਦੇ ਸਿੱਖ, ਲੋਕ ਕਹਿ ਰਹੇ ਹਨ ਕਿ ਜੇ ਕੋਈ ਤੁਹਾਡੇ ਪਿਉ ਦੀ ਦਾੜੀ, ਪੱਗ ਨੂੰ ਹੱਥ ਲਾ ਲਵੇ ਤਾਂ ਤੁਸੀਂ ਕੀ ਕਰੋਗੇ, ਤੁਸੀਂ ਪਹਿਲਾਂ ਇਹ ਤਾਂ ਤੈਅ ਕਰ ਲਉ ਕਿ ਤੁਹਾਡਾ ਪਿਉ ਕਿਹੜਾ ਹੈ : ਗੁਰੂ ਗ੍ਰੰਥ ਸਾਹਿਬ ਜਾਂ ਸਰਬ ਲੋਹ ਗ੍ਰੰਥ ਸਾਹਿਬ ਹੈ।
ਢੱਡਰੀਆਂ ਵਾਲੇ ਨੇ ਸਾਰੇ ਲੋਕਾਂ ਨੂੰ ਸਾਰੀਆਂ ਵੀਡੀਓ ਦੁਬਾਰਾ ਵੇਖਣ ਲਈ ਕਿਹਾ ਅਤੇ ਨਿਹੰਗ ਸਿੰਘਾਂ ਦੇ ਬਿਆਨਾਂ ਵਿੱਚ ਅੰਤਰ ਮਹਿਸੂਸ ਕਰਨ ਲਈ ਕਿਹਾ। ਢੱਡਰੀਆਂ ਵਾਲੇ ਨੇ ਗੁਰੂ ਘਰਜਾਣ ਵਾਲੇ ਲੋਕਾਂ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਪਤਿਤ ਸਿੱਖ ਗੁਰੂ ਘਰ ਸੋਚ ਸਮਝ ਕੇ ਜਾਣ, ਕਿਤੇ ਇਹ ਬੇਅਦਬੀ ਦੇ ਇਲਜਾਮ ਵਿੱਚ ਤਹਾਨੂੰ ਵੀ ਵੱਢ ਨਾ ਦੇਣ। ਦਾੜੀ ਕੱਟਣ ਵਾਲੇ ਸਿੱਖਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ ਜਾਉ ਤਾਂ ਪਹਿਲਾਂ ਵੇਖ ਲਿਉ ਕਿ ਅੰਦਰ ਪੰਜ-ਚਾਰ ਬੰਦੇ ਹਨ ਕਿ ਨਹੀਂ, ਇਕੱਲਾ ਨਾ ਅੰਦਰ ਵੜ ਜਾਇਉ, ਬਦਲਾ ਲੈਣ ਵਾਲੇ ਬੰਦੇ ਹੋ ਸਕਦਾ ਤੁਹਾਨੂੰ ਵੱਢ ਦੇਣ ਅਤੇ ਬਾਅਦ ਵਿੱਚ ਕਹਿ ਦੇਣ ਕਿ ਇਹ ਤਾਂ ਬੇਅਦਬੀ ਕਰਨ ਚੱਲਿਆ ਸੀ। ਜਿੰਨੇ ਵੀ ਰੁਮਾਲਾਂ ਵਾਲੇ ਹੋ, ਜੋ ਸਿਰ ‘ਤੇ ਬੰਨ੍ਹ ਕੇ ਜਾਂਦੇ ਹੋ, ਸੋਚ ਕੇ ਗੁਰਦੁਆਰਾ ਸਾਹਿਬ ਵਿਖੇ ਜਾਇਆ ਕਰੋ। ਜਿਹੜੇ ਗੁਰਦੁਆਰਾ ਸਾਹਿਬਾਨਾਂ ਵਿਖੇ ਕੈਮਰੇ ਲੱਗੇ ਹਨ, ਉੱਥੇ ਜਾਉ, ਜਿੱਥੇ ਨਹੀਂ ਲੱਗੇ, ਉੱਥੇ ਵੀ ਲਗਾਉ ਕਿਉਂਕਿ ਕਿਤੇ ਬੇਅਦਬੀਆਂ ਦੇ ਨਾਂ ‘ਤੇ ਲੋਕ ਆਪਣੀ ਦੁਸ਼ਮਣੀ ਨਾ ਕੱਢ ਲੈਣ, ਬੇਅਦਬੀਆਂ ਦੇ ਨਾਂ ‘ਤੇ ਬੰਦੇ ਕਿਤੇ ਟੁੱਕੇ ਨਾ ਜਾਣ। ਕੀ ਇਸ ਨਾਲ ਕਿਸਾਨੀ ਮੋਰਚੇ ਨੂੰ ਢਾਹ ਨਹੀਂ ਲੱਗੇਗੀ। ਸੁਪਰੀਮ ਕੋਰਟ ਵਿੱਚ ਮਾਮਲਾ ਪਹੁੰਚ ਗਿਆ ਹੈ ਕਿ ਇਹ ਮੋਰਚੇ ਵਿੱਚ ਤਾਂ ਬੰਦੇ ਵੱਢ ਰਹੇ ਹਨ, ਇਨ੍ਹਾਂ ਨੂੰ ਕੱਢੋ। ਕਰੇ ਕੋਈ ਤੇ ਭਰੇ ਕੋਈ। ਢੱਡਰੀਆਂਵਾਲੇ ਨੇ ਕਿਸਾਨਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇੱਦਾਂ ਦੇ ਬੰਦਿਆਂ ਦੀ ਜਿੰਨੀ ਵੀ ਭੀੜ ਇਕੱਠੀ ਕਰੋਗੇ, ਇਹ ਆਪਣਾ ਵੀ ਅਤੇ ਤੁਹਾਡਾ ਵੀ ਨੁਕਸਾਨ ਕਰਨਗੇ।
ਨਿਹੰਗ ਸਿੰਘਾਂ ਦਾ ਢੱਡਰੀਆਂਵਾਲੇ ਨੂੰ ਸੱਦਾ
ਨਿਹੰਗਾਂ ਸਿੰਘਾਂ ਨੇ ਢੰਡਰੀਆਂਵਾਲੇ ਨੂੰ ਆ ਕੇ ਸੰਗਤ’ਚ ਬੈਠਣ ਦਾ ਸੱਦਾ ਦਿੱਤਾ ਹੈ ਕਿ ਅਸੀਂ ਸਾਬਤ ਕਰਦੇ ਹਾਂ ਕਿ ਉਸ (ਲਖਬੀਰ ਸਿੰਘ) ਨੇ ਬੇਅਦਬੀ ਕੀਤੀ ਸੀ। ਨਿਹੰਗ ਸਿੰਘਾਂ ਨੇ ਨਾਲ ਇਹ ਵੀ ਕਿਹਾ ਕਿ ਸਾਬਤ ਕਰਨ ਤੋਂ ਬਾਅਦ ਅਸੀਂ ਢੱਡਰੀਆਂਵਾਲੇ ਨੂੰ ਪ੍ਰਮੇਸ਼ਵਰ ਦੁਆਰ ਵਾਪਸ ਨਹੀਂ ਜਾਣ ਦੇਣਾ। ਉਸ ਤੋਂ ਬਾਅਦ ਢੱਡਰੀਆਂਵਾਲੇ ਨੂੰ ਸਾਰੀ ਉਮਰ ਨਿਹੰਗਾਂ ਦੇ ਘੋੜਿਆਂ ਦੀ ਲਿੱਦ ਚੁੱਕਣੀ ਪਵੇਗੀ।
ਦਾਦੂਵਾਲ ਨੇ ਦਿੱਤਾ ਜਵਾਬ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਢੱਡਰੀਆਂ ਵਾਲੇ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਢੱਡਰੀਆਂ ਵਾਲੇ ਦੇ ਬਿਆਨ ਵਿੱਚ ਦੋ-ਤਿੰਨ ਗੱਲਾਂ ਬਹੁਤ ਹੀ ਇਤਰਾਜ਼ਯੋਗ ਹਨ। ਪਹਿਲੀ ਇਤਰਾਜ਼ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਕਿਹਾ ਸੀ ਕਿ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ, ਸਰਬ ਲੋਹ ਗ੍ਰੰਥ ਦੀ ਪੋਥੀ ਦੀ ਹੋਣ ਲੱਗੀ ਸੀ। ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਨਿਹੰਗ ਜਥੇਬੰਦੀਆਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀਆਂ ਹਨ, ਉੱਥੇ ਪਾਲਕੀ ਸਾਹਿਬ ਵਿੱਚ ਦਸਮ ਗ੍ਰੰਥ ਅਤੇ ਸਰਬ ਲੋਹ ਗ੍ਰੰਥ ਦਾ ਵੀ ਪ੍ਰਕਾਸ਼ ਹੁੰਦਾ ਹੈ। ਬੇਅਦਬੀ ਕਰਨ ਵਾਲਾ ਤਾਂ ਬਸ ਇਹੀ ਸਮਝਦਾ ਹੈ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ।
ਦੂਸਰੀ ਮੰਦਭਾਗੀ ਗੱਲ ਉਨ੍ਹਾਂ ਨੇ ਇਹ ਆਖੀ ਹੈ ਕਿ ਰੁਮਾਲਾਂ ਵਾਲੇ ਅਤੇ ਮੋਨੇ ਸੋਚ ਸਮਝ ਕੇ ਗੁਰਦੁਆਰਾ ਸਾਹਿਬਾਨ ਵਿਖੇ ਜਾਣ। ਇਸ ਤਰ੍ਹਾਂ ਰੁਮਾਲਾਂ ਵਾਲੇ ਅਤੇ ਮੋਨੇ ਵੀਰਾਂ ਨੂੰ ਡਰਾਉਣ ਵਰਗੀ ਬਿਆਨਬਾਜ਼ੀ ਕਰਕੇ ਬਹੁਤ ਵੱਡਾ ਪਾੜਾ ਖੜ੍ਹਾ ਕਰਨ ਵਾਲਾ ਬਿਆਨ ਹੈ। ਢੱਡਰੀਆਂਵਾਲੇ ਨੇ ਗੁਰੂ ਘਰ ਜਾਣ ਵਾਲਿਆਂ ਨੂੰ ਡਰਾਉਣ ਦਾ ਯਤਨ ਕੀਤਾ ਹੈ। ਇਨ੍ਹਾਂ ਦੇ ਡੇਰੇ ਕੋਲ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ, ਉਸ ਬਾਰੇ ਕਿਉਂ ਨਹੀਂ ਹਾਲੇ ਤੱਕ ਕੁੱਝ ਕੀਤਾ। ਦਾਦੂਵਾਲ ਨੇ ਕਿਹਾ ਕਿ ਜੇ ਰਣਜੀਤ ਸਿੰਘ ਨੂੰ ਨਿਹੰਗ ਜਥੇਬੰਦੀਆਂ, ਸਿੱਖ ਸੰਪਰਦਾਵਾਂ ਦੇ ਨਾਲ ਕੋਈ ਐਲਰਜੀ ਹੈ ਤਾਂ ਉਹ ਆਪਸ ਵਿੱਚ ਬੈਠ ਕੇ ਸੁਲਝਾ ਲੈਣੀਆਂ ਚਾਹੀਦੀਆਂ ਹਨ, ਇਸ ਤਰ੍ਹਾਂ ਕੌਮ ਵਿੱਚ ਪਾੜਾ ਪਾਉਣ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।
ਢੱਡਰੀਆਂਵਾਲੇ ਵੱਲੋਂ ਵਾਰ-ਵਾਰ ਬੇਅਦਬੀ ਦਾ ਸਬੂਤ ਮੰਗੇ ਜਾਣ ਦਾ ਜਵਾਬ ਦਿੰਦਿਆਂ ਦਾਦੂਵਾਲ ਨੇ ਕਿਹਾ ਕਿ ਹਰ ਬੇਅਦਬੀ ਦਾ ਸਬੂਤ ਨਹੀਂ ਮਿਲਦਾ। ਨਿਹੰਗ ਸਿੰਘਾਂ ਨੂੰ ਇਸਦਾ ਕੀ ਫਾਇਦਾ ਸੀ ਕਿ ਉਹ ਕਿਸੇ ਬੇਕਸੂਰ ਨੂੰ ਮਾਰਦੇ, ਜੇ ਉਸਨੇ ਕੋਈ ਘਟਨਾ ਕੀਤੀ ਹੈ ਤਾਂ ਹੀ ਨਿਹੰਗ ਸਿੰਘਾਂ ਨੇ ਕੋਈ ਕਦਮ ਉਠਾਇਆ ਹੈ। ਬਹੁਤ ਸਾਰੀਆਂ ਬੇਅਦਬੀਆਂ ਹੋਣ ਤੋਂ ਬਾਅਦ ਪਤਾ ਲੱਗਦਾ ਹੈ, ਉਸਦਾ ਸਬੂਤ ਨਹੀਂ ਮਿਲਦਾ।
ਉਨ੍ਹਾਂ ਨੇ ਢੱਡਰੀਆਂਵਾਲੇ ਨੂੰ ਸਲਾਹ ਦਿੰਦਿਆਂ ਕਿਹਾ ਕਿ ਗੁਰਮਤਿ ਦਾ ਪ੍ਰਚਾਰ ਕਰਨ ਨਾ ਕਿ ਸਿੱਖ ਕੌਮ ਵਿੱਚ ਪਾੜਾ ਪਾਉਣ। ਬੇਅਦਬੀ ਮਾਮਲੇ ਵਿੱਚ ਰੁਮਾਲਾਂ, ਮੋਨੇ ਵਿਅਕਤੀਆਂ ਦੀ ਗੱਲ ਕਿੱਥੋਂ ਆ ਗਈ ਹੈ।