Punjab

ਆਸ਼ੂ ਦੇ ਘਰ ਮੁਲਾਕਾਤ ਕਰਨ ਪਹੁੰਚੇ ਰਾਜਾ ਵੜਿੰਗ, ਉਹਨਾਂ ਦੀ ਗੈਰ ਮੌਜੂਦਗੀ ਕਾਰਨ ਵਾਪਸ ਪਰਤੇ

ਲੁਧਿਆਣਾ ਵਿੱਚ ਉਪ ਚੋਣ ਦੀ ਤਰੀਕ ਦਾ ਐਲਾਨ ਜਲਦੀ ਹੀ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬੀਤੀ ਰਾਤ, ਕਾਂਗਰਸ ਹਾਈਕਮਾਨ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਵਿਸ਼ਵਾਸ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਪੱਛਮੀ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ।

ਬੀਤੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵਿਚਾਲੇ ਮਨਮੁਟਾਵ ਦੀਆਂ ਚਰਚਾਵਾਂ ਸਨ। ਇਸ ਦੌਰਾਨ ਦੇਰ ਸ਼ਾਮ ਵੜਿੰਗ ਆਸ਼ੂ ਦੇ ਘਰ ਪਹੁੰਚੇ, ਪਰ ਆਸ਼ੂ ਦੇ ਘਰ ਨਾ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ।

ਪਾਰਟੀ ਦੇ ਸੂਬਾ ਸਹਿ ਇੰਚਾਰਜ ਰਵਿੰਦਰ ਉੱਤਮਰਾਓ ਦਲਵੀ ਨੇ ਦੱਸਿਆ ਕਿ ਉਹ ਵੀ ਵੜਿੰਗ ਨਾਲ ਸਨ ਅਤੇ ਅੱਧਾ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਵੜਿੰਗ ਚਲੇ ਗਏ। ਦੋਵਾਂ ਆਗੂਆਂ ਵਿਚਾਲੇ ਅਗਲੇ ਦਿਨ ਮੀਟਿੰਗ ਹੋਣੀ ਹੈ। ਵੜਿੰਗ ਨੇ ਕਿਹਾ ਕਿ ਪਾਰਟੀ ਵਿੱਚ ਕੋਈ ਗੁੱਟਬਾਜ਼ੀ ਨਹੀਂ ਅਤੇ ਇਹ ਸੀਟ ਜਿੱਤਣ ਦਾ ਵਧੀਆ ਮੌਕਾ ਹੈ।

ਵੜਿੰਗ ਨੇ ਕਿਹਾ ਕਿ ਪਾਰਟੀ ਜਿਸ ਨੂੰ ਵੀ ਟਿਕਟ ਦੇਵੇ, ਮੈਂ ਉਸ ਦੇ ਨਾਲ ਹਾਂ। ਅੱਜ ਮੈਂ ਆਸ਼ੂ ਨੂੰ ਸੁਨੇਹਾ ਭੇਜਿਆ ਸੀ ਕਿ ਮੈਂ ਉਨ੍ਹਾਂ ਨੂੰ ਮਿਲਣ ਆ ਰਿਹਾ ਹਾਂ, ਪਰ ਮੈਂ ਅੱਜ ਉਨ੍ਹਾਂ ਨੂੰ ਨਹੀਂ ਮਿਲ ਸਕਿਆ ਕਿਉਂਕਿ ਇਹ ਸੰਭਵ ਹੈ ਕਿ ਉਹ ਅੱਜ ਕਿਤੇ ਰੁੱਝੇ ਹੋਣਗੇ। ਅਸੀਂ ਆਸ਼ੂ ਨੂੰ ਪੱਛਮੀ ਹਲਕੇ ਵਿੱਚ ਬਹੁਮਤ ਨਾਲ ਜਿਤਾਵਾਂਗੇ। ਲੋਕ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਹਰਾਉਣਗੇ।

ਬਾਅਦ ਵਿੱਚ ਆਸ਼ੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਉਨ੍ਹਾਂ ਨੂੰ ਵੜਿੰਗ ਦੇ ਆਉਣ ਦੀ ਪਹਿਲਾਂ ਜਾਣਕਾਰੀ ਨਹੀਂ ਸੀ। ਉਨ੍ਹਾਂ ਲਿਖਿਆ, “ਤੁਹਾਡਾ ਮੇਰੇ ਘਰ ਆਉਣਾ ਮੈਨੂੰ ਪਤਾ ਨਹੀਂ ਸੀ, ਪਰ ਤੁਸੀਂ ਆਏ, ਇਸ ਲਈ ਧੰਨਵਾਦ। ਜੇ ਦੱਸਦੇ ਤਾਂ ਮੈਂ ਹਾਜ਼ਰ ਹੁੰਦਾ। ਮੈਨੂੰ ਸਹਿਯੋਗ ਚਾਹੀਦਾ ਹੈ ਅਤੇ ਭਵਿੱਖ ਵਿੱਚ ਤੁਹਾਡੀ ਲੋੜ ਪਈ ਤਾਂ ਸੱਦਾ ਦਿਆਂਗਾ। ਲੁਧਿਆਣਾ ਵੈਸਟ ਮੇਰੇ ਲਈ ਸਿਰਫ਼ ਚੋਣ ਨਹੀਂ, ਸਗੋਂ ਲੋਕਾਂ ਦੀ ਸੇਵਾ ਹੈ। ਇਹ ਚੋਣ ਪੰਜਾਬ ਦੇ ਭਵਿੱਖ ਲਈ ਮਹੱਤਵਪੂਰਨ ਹੈ। ਆਓ ਇਕਜੁਟ ਹੋਈਏ।”