‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਭਾਰਤੀ ਕ੍ਰਿਕਟਰ ਅਤੇ ਭਾਰਤ ਰਤਨ ਸਚਿਨ ਤੈਂਦੂਲਕਰ ਅਤੇ ਗਾਇਕਾ ਲਤਾ ਮੰਗੇਸ਼ਵਰ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘ਸਰਕਾਰ ਨੂੰ ਉਨ੍ਹਾਂ ਨੂੰ ਟਵੀਟ ਕਰਨ ਲਈ ਨਹੀਂ ਕਹਿਣਾ ਚਾਹੀਦਾ ਸੀ। ਆਪਣੇ ਮਕਸਦ ਦੀ ਪੂਰਤੀ ਲਈ ਉਹ ਅਜਿਹੇ ਲੋਕਾਂ ਨੂੰ ਇਸਤੇਮਾਲ ਨਹੀਂ ਕਰ ਸਕਦੀ। ਇਹ ਕੰਮ ਅਕਸ਼ੇ ਕੁਮਾਰ ਨੂੰ ਕਰਨ ਦਿਉ ਪਰ ਭਾਰਤ ਰਤਨ ਕੋਲੋਂ ਇਹ ਨਹੀਂ ਕਰਵਾਉਣਾ ਚਾਹੀਦਾ’।

ਰਾਜ ਠਾਕਰੇ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ ‘ਲਤਾ ਮੰਗੇਸ਼ਕਰ ਅਤੇ ਸਚਿਨ ਇੱਕ ਵਾਰ ਜਨਮ ਲੈਂਦੇ ਹਨ ਅਤੇ ਕਿਸੇ ਵੀ ਸਰਕਾਰ ਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇਹ ਸਾਧਾਰਣ ਦਿਲ ਦੇ ਮਾਲਕ ਹਨ ਪਰ ਇਨ੍ਹਾਂ ਦੇ ਯੋਗਦਾਨ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਇਸ ਲਈ ਇਨ੍ਹਾਂ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ।’

ਰਾਜ ਠਾਕਰੇ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਸੀ ਕਿ ‘ਰਿਹਾਨਾ ਦੇ ਇੱਕ ਟਵੀਟ ਨਾਲ ਸਰਕਾਰ ਹਿੱਲ ਗਈ ਹੈ। ਰਿਹਾਨਾ ਕੌਣ ਹੈ? ਉਹ ਸਾਡੇ ਦੇਸ਼ ਦੇ ਕੰਮ ਵਿੱਚ ਦਖਲ ਨਹੀਂ ਦੇ ਰਹੀ। ਜੇ ਇਸ ਤਰ੍ਹਾਂ ਹੈ ਤਾਂ ‘ਅਗਲੀ ਵਾਰ ਟਰੰਪ ਸਰਕਾਰ’ ਵਾਲਾ ਭਾਸ਼ਣ ਵੀ ਉਚਿੱਤ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮੁੱਦੇ ਨੂੰ ਸੁਲਝਾਏ।’

ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕੁੱਝ ਵਿਦੇਸ਼ੀ ਹਸਤੀਆਂ ਦੇ ਆਉਣ ‘ਤੇ ਮੋਦੀ ਸਰਕਾਰ ਨੇ ਆਲੋਚਨਾ ਕਰਨੀ ਸ਼ੁਰੂ ਕੀਤੀ ਸੀ ਅਤੇ ਸਰਕਾਰ ਨੇ #IndiaTogether ਅਤੇ #IndiaAgainstPropaganda ਨਾਲ ਟਵੀਟ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਨ੍ਹਾਂ ਹੀ ਹੈਸ਼ਟੈਗਾਂ ਦਾ ਇਸਤੇਮਾਲ ਕਰਦੇ ਹੋਏ ਸਚਿਨ ਤੈਂਦੂਲਕਰ ਅਤੇ ਲਤਾ ਮੰਗੇਸ਼ਕਰ ਨੇ ਵੀ ਟਵੀਟ ਕੀਤੇ ਸੀ। ਸਚਿਨ ਨੇ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਭਾਰਤ ਆਪਣੇ ਅੰਦਰੂਨੀ ਮੁੱਦਿਆਂ ਨੂੰ ਸੁਲਝਾਉਣ ਵਿੱਚ ਕਾਬਲ ਹੈ।

ਲਤਾ ਮੰਗੇਸ਼ਕਰ ਨੇ ਵੀ ਟਵੀਟ ਕਰਕੇ ਕਿਹਾ ਸੀ ਕਿ ਭਾਰਤ ਦੇ ਲੋਕ ਆਪਣੀਆਂ ਚੀਜ਼ਾਂ ਖੁਦ ਹੀ ਸੁਲਝਾ ਲੈਣਗੇ।

ਇਨ੍ਹਾਂ ਦੋਵਾਂ ਹਸਤੀਆਂ ਦੇ ਟਵੀਟਾਂ ਨੂੰ ਲੈ ਕੇ ਆਲੋਚਨਾ ਹੋਣੀ ਸ਼ੁਰੂ ਹੋ ਗਈ ਸੀ ਮਨੁੱਖੀ ਅਧਿਕਾਰ ਅਤੇ ਜਮਹੂਰੀ ਕਦਰਾਂ ਕੀਮਤਾਂ ਭਾਰਤ ਦੀ ਬਹਿਸ ਨਹੀਂ ਹੈ, ਬਲਕਿ ਇਹ ਅੰਤਰਰਾਸ਼ਟਰੀ ਕਦਰਾਂ ਕੀਮਤਾਂ ਦਾ ਮੁੱਦਾ ਹੈ।