Punjab

ਪੰਜਾਬ ‘ਚ ਮੀਂਹ ਨੇ 21 ਸਾਲਾਂ ਅਤੇ ਚੰਡੀਗੜ੍ਹ ਵਿੱਚ 11 ਸਾਲਾਂ ਦਾ ਰਿਕਾਰਡ ਤੋੜਿਆ

ਦ ਖ਼ਾਲਸ ਬਿਊਰੋ : ਮੌਸਮ ਵਿਭਾਗ ਦੀ ਭਰਵੀਂ ਮੌਨਸੂਨ ਦੀ ਭਵਿੱਖਬਾਣੀ ਇਸ ਵਾਰ ਸੱਚ ਸਾਬਿਤ ਹੋਈ ਹੈ ਅਤੇ ਪੰਜਾਬ ਵਿੱਚ ਮੀਂਹ ਨੇ ਪਿਛਲੇ 21 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜੁਲਾਈ ਵਿੱਚ 2001 ਤੋਂ ਬਾਅਦ ਹੁਣ 220 ਮਿਲੀਮੀਟਰ ਰਿਕਾਰਡ ਮੀਂਹ ਪਿਆ ਹੈ। ਜੁਲਾਈ ਵਿੱਚ ਆਮ ਕਰਕੇ ਔਸਤਨ 60 ਮਿਲੀਮੀਟਰ ਮੀਂਹ ਪੈਂਦਾ ਹੈ। ਚੰਡੀਗੜ੍ਹ ਵਿੱਚ ਵੀ 11 ਸਾਲਾਂ ਦਾ ਰਿਕਾਰਡ ਟੁੱਟਿਆ ਹੈ, ਜਿੱਥੇ 576.5 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਮੌਸਮ ਵਿਭਾਗ ਨੇ 4 ਤੋਂ 7 ਅਗਸਤ ਤੱਕ ਭਰਵੇਂ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਉਸ ਤੋਂ ਬਾਅਦ ਮੌਨਸੂਨ ਪਹਿਲਾਂ ਜਿੰਨਾ ਐਕਟਿਵ ਨਹੀਂ ਰਹੇਗਾ।

ਪਟਿਆਲਾ ਦੇ ਨਾਲ ਲੱਗਦੇ ਦਰਿਆ ਅਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਪਾਣੀ ਵਧਣ ਦਾ ਮੁੱਖ ਕਾਰਨ ਲਗਾਤਾਰ ਹੋ ਰਹੀ ਬਰਸਾਤ ਹੈ। ਪਟਿਆਲਾ ‘ਚ ਹੜ੍ਹ ਵਰਗੀ ਸਥਿਤੀ ਨੂੰ ਦੇਖਦਿਆਂ ਪ੍ਰਸਾਸ਼ਨ ਅਲਰਟ ਜਾਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਭਾਰੀ ਮੀਂਹ ਦੇ ਮੱਦੇਨਜ਼ਰ ਸਰਕਾਰੀ ਵਿਭਾਗਾਂ ਨੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਭੋਜਨ, ਬਚਾਅ ਅਤੇ ਮੈਡੀਕਲ ਸਪਲਾਈ ਦੇ ਹੋਰ ਪ੍ਰਬੰਧ ਕਰਨ ਲਈ ਕਿਹਾ ਹੈ।

ਸੂਤਰਾਂ ਮੁਤਾਬਕ ਬਦੀ ਨਦੀ ਨੇ 2019 ਵਿੱਚ ਗੋਪਾਲ ਕਲੋਨੀ ਨੂੰ ਪ੍ਰਭਾਵਿਤ ਕੀਤਾ ਸੀ, ਜਿਸ ਤੋਂ ਬਾਅਦ ਨਿਵਾਸੀਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲਿਜਾਣਾ ਪਿਆ ਸੀ। ਬਦੀ ਨਦੀ ਇੱਕ ਮੌਸਮੀ ਡਰੇਨ ਹੈ, ਜੋ ਫਤਹਿਗੜ੍ਹ ਸਾਹਿਬ ਦੇ ਜਲਗਾਹ ਖੇਤਰ ਵਿੱਚੋਂ ਨਿਕਲਦੀ ਹੈ।

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਝ ਦਰਿਆ ਤੋਂ ਅੱਜ 1.5 ਤੋਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਰਾਵੀ ਦਰਿਆ ਵਿਚ 2 ਘੰਟੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਜਾਵੇਗਾ। ਇਸ ਲਈ ਰਾਵੀ ਦਰਿਆ ਨੇੜਲੇ ਡੇਰਿਆਂ/ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੁਰੰਤ ਸੁਰੱਖਿਅਤ ਸਥਾਨਾਂ ਵੱਲ ਚਲੇ ਜਾਣ।

ਪਠਾਨਕੋਟ ਦੀ ਬਮਿਆਲ ਸਰਹੱਦ ਦੇ ਨਾਲ ਵਹਿਣ ਵਾਲੀ ਉੱਜ ਨਦੀ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਜੰਮੂ-ਕਸ਼ਮੀਰ ਤੋਂ ਡੇਢ ਲੱਖ ਕਿਊਸਿਕ ਬਰਸਾਤੀ ਪਾਣੀ ਉੱਜ ਨਦੀ ਵਿੱਚ ਪਹੁੰਚ ਗਿਆ ਹੈ। ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਦਰਿਆ ਕਿਨਾਰੇ ਲੱਗਦੇ ਪਿੰਡਾਂ ਵਿੱਚ ਗੁੱਜਰਾਂ ਦੇ ਡੇਰਿਆਂ ਨੂੰ ਵਿਸ਼ੇਸ਼ ਨੁਕਸਾਨ ਪਹੁੰਚਾਇਆ ਹੈ ਅਤੇ ਪ੍ਰਸ਼ਾਸਨ ਵੱਲੋਂ ਦਰਿਆ ਦੇ ਕੰਢੇ ਉੱਤੇ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ।

ਪ੍ਰਸ਼ਾਸਨ ਮੌਕੇ ‘ਤੇ ਮੌਜੂਦ ਹੈ ਅਤੇ ਸਾਰਿਆਂ ਨੂੰ ਇੱਥੋਂ ਹਟਣ ਲਈ ਕਿਹਾ ਜਾ ਰਿਹਾ ਹੈ। ਗੁੱਜਰ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਉੱਜ ਨਦੀ ਵਿੱਚ ਆਏ ਹੜ੍ਹਾਂ ਕਾਰਨ ਉਨ੍ਹਾਂ ਦੇ ਡੇਰੇ ਨੂੰ ਨੁਕਸਾਨ ਪਹੁੰਚਦਾ ਹੈ, ਅੱਜ ਵੀ ਉਹ ਆਪਣਾ ਸਮਾਨ ਅਤੇ ਪਸ਼ੂ ਲੈ ਕੇ ਕਿਸੇ ਹੋਰ ਜਗ੍ਹਾ ਜਾਣ ਲਈ ਮਜਬੂਰ ਹਨ, ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰੇ ਪ੍ਰਬੰਧ ਕਰ ਲਏ ਗਏ ਹਨ, ਭਾਰੀ ਮੀਂਹ ਕਾਰਨ ਉੱਜ ਨਦੀ ‘ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਪਰ ਪ੍ਰਸ਼ਾਸਨ ਚੌਕਸ ਹੈ ਅਤੇ ਸਭ ਕੁਝ ਕੰਟਰੋਲ ‘ਚ ਹੈ।

ਉੱਝ ਦਰਿਆ ਵਿੱਚ ਪਾਣੀ ਛੱਡਣ ਦੇ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਲੈਵਲ ਵੱਧ ਰਿਹਾ ਹੈ ਕਿਉਂਕ ਉੱਝ ਦਰਿਆ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਵਿੱਚ ਮਕੋੜਾ ਪਤਨ ਦੇ ਕੋਲ ਆ ਕੇ ਰਾਵੀ ਵਿੱਚ ਮਿਲ ਜਾਂਦਾ ਹੈ, ਜਿਸ ਕਾਰਨ ਮਕੋੜਾ ਪਤਨ ਦੇ ਰਾਵੀ ਪਾਰ ਪੈਂਦੇ 7 ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਹੈ ਕਿਉਂਕਿ ਪਾਣੀ ਵਧਣ ਕਾਰਨ ਬੇੜੀ ਵੀ ਰੋਕ ਦਿੱਤੀ ਗਈ ਹੈ ਅਤੇ ਕੱਚਾ ਪੁੱਲ ਪਹਿਲਾਂ ਹੀ ਚੁੱਕ ਦਿਤਾ ਗਿਆ ਸੀ। ਹੁਣ ਜਦੋਂ ਤੱਕ ਪਾਣੀ ਦਾ ਲੈਵਲ ਘੱਟ ਨਹੀਂ ਹੁੰਦਾ, ਬੇੜੀ ਚੱਲ ਨਹੀਂ ਸਕਦੀ। ਬੋਲ ਬਿਰਲਾ ਭਾਰ ਪੈਣ ਦੇ ਸੱਤ ਪਿੰਡਾਂ ਦੇ ਲੋਕ ਆਪਣੇ ਪਿੰਡਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ ਅਤੇ ਬਾਕੀ ਭਾਰਤ ਤੋਂ ਪੂਰੀ ਤਰ੍ਹਾਂ ਕੱਟ ਗਏ ਹਨ।

ਆਮ ਆਦਮੀ ਪਾਰਟੀ ਦੇ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਦਰਿਆ ਦੇ ਕੋਲ ਪਹੁੰਚ ਕੇ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੂੰ ਮਿਲਣ ਪਹੁੰਚੇ ਅਤੇ ਦਰਿਆ ਦੇ ਹਾਲਾਤ ਦਾ ਜਾਇਜ਼ਾ ਲਿਆ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੱਕੇ ਪੁੱਲ ਲਈ 100 ਕਰੋੜ ਦਾ ਫੰਡ ਜਾਰੀ ਹੋ ਗਿਆ ਹੈ ਅਤੇ ਸਾਲ ਦੇ ਵਿੱਚ ਵਿੱਚ ਪੱਕਾ ਪੁਲ ਬਣ ਜਾਵੇਗਾ, ਜਿਸ ਨਾਲ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ।

ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਜਿੱਥੇ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਵੀ ਦਰਿਆ ਵਿੱਚ ਪਾਣੀ ਵਧਣ ਨਾਲ ਨੇੜਲੇ ਡੇਰਿਆਂ ਅਤੇ ਦਰਿਆ ਦੇ ਨਾਲ ਲੱਗਦੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ, ਉੱਥੇ ਹੀ ਡੇਰਾ ਬਾਬਾ ਨਾਨਕ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਲਾਤਾਂ ਉੱਤੇ ਲਗਾਤਾਰ ਅਤੇ ਪੂਰੀ ਤਰ੍ਹਾਂ ਨਜ਼ਰ ਬਣਾਏ ਹੋਏ ਹਨ।