Punjab

2 ਦਿਨ ਮੀਂਹ ਦਾ ਵੱਡਾ ਅਲਰਟ ! ਪ੍ਰਸ਼ਾਸਨ ਦੀਆਂ ਸਖਤ ਹਦਾਇਤਾਂ, ਇਨ੍ਹਾਂ ਸੜਕਾਂ ‘ਤੇ ਜਾਉਗੇ ਤਾਂ ਮੁਸੀਬਤ ‘ਚ ਫਸੋਗੇ !

ਚੰਡੀਗੜ੍ਹ : 3 ਦਿਨ ਦੀ ਸ਼ਾਂਤੀ ਤੋਂ ਬਾਅਦ ਮੌਸਮ ਵਿਭਾਗ ਨੇ ਇੱਕ ਵਾਰ ਮੁੜ ਤੋਂ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ । ਚੰਡੀਗੜ੍ਹ,ਮੋਹਾਲੀ,ਪੰਚਕੂਲ ਵਿੱਚ ਅਗਲੇ 24 ਘੰਟਿਆਂ ਦੇ ਅੰਦਰ ਮੀਂਹ ਹੋ ਸਕਦਾ ਹੈ । ਹਾਲਾਂਕਿ ਹੁਣ ਤੱਕ ਮੌਸਮ ਸਾਫ ਹੈ । ਸ਼ਹਿਰ ਵਿੱਚ ਤਾਪਮਾਨ 32.6 ਡਿਗਰੀ ਹੈ । ਪਿਛਲੇ 24 ਘੰਟਿਆਂ ਤੱਕ ਸਿਰਫ਼ 3 MM ਬਾਰਿਸ਼ ਹੋਈ ਹੈ । ਜੇਕਰ ਮੁੜ ਤੋਂ ਮੀਂਹ ਪਿਆ ਤਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਨਾਲ ਨੁਕਸਾਨ ਦੀ ਹੁਣ ਤੱਕ ਭਰਪਾਈ ਨਹੀਂ ਹੋ ਸਕੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਮਾਨਸੂਨ ਦੇ ਮੁਤਾਬਿਕ ਪੰਜਾਬ,ਹਰਿਆਣਾ ਵਿੱਚ ਮੀਂਹ ਹੁੰਦਾ ਰਹੇਗਾ ।

ਸੰਗਰੂਰ ਤੋਂ 2 ਹਾਈਵੇਅ ਬੰਦ

ਸੰਗਰੂਰ ਵਿੱਚ ਘੱਗਰ ਦੇ 2 ਥਾਵਾਂ ਤੋਂ ਪਾੜ ਦੀ ਵਜ੍ਹਾ ਕਰਕੇ ਤਬਾਹੀ ਮੱਚ ਗਈ ਹੈ । ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਣੀ ਤਾਂ ਭਰ ਗਿਆ ਹੈ ਹਾਈਵੇਅ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ । ਟਰੱਕ ਪਾਣੀ ਵਿੱਚ ਫਸ ਗਏ ਹਨ । ਉਨ੍ਹਾਂ ਨੂੰ NDRF ਦੀ ਮਦਦ ਨਾਲ ਬਾਹਰ ਕੱਢਿਆ ਗਿਆ । ਉਧਰ ਸੰਗਰੂਰ ਤੋਂ ਖਨੌਰੀ,ਕੈਥਰ,ਦਿੱਲੀ ਹਾਈਵੇਅ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ । ਹਿਸਾਰ ਲਈ ਚੱਲਣ ਵਾਲੀ PRTC ਅਤੇ ਰੋਡਵੇਜ ਦੇ ਰੂਟ ਬੰਦ ਕਰ ਦਿੱਤੇ ਗਏ ਹਨ। ਖਨੌਰੀ ਵਿਖੇ ਲੰਘਦੇ NH-52 ਉੱਪਰ ਪਾਣੀ ਆਉਣ ਕਾਰਨ ਇਸ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਲੁਧਿਆਣਾ-ਹਿਸਾਰ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ।

ਚੰਡੀਗੜ੍ਹ ਤੋਂ ਅੰਬਾਲਾ ਹੁੰਦੇ ਹੋਏ ਦਿੱਲੀ ਜਾਣ ਤੋਂ ਬਚੋ

ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਰਸਤੇ ‘ਤੇ ਹੁਣ ਵੀ ਟਰੈਫਿਕ ਜਾਮ ਹੈ । ਅੰਬਾਲਾ ਤੱਕ ਰਸਤਾ ਠੀਕ ਹੈ ਪਰ ਇਸ ਦੇ ਬਾਅਦ ਘੱਗਰ ਨਦੀ ਦਾ ਪ੍ਰਭਾਵ ਤੁਹਾਨੂੰ ਨਜ਼ਰ ਆ ਜਾਵੇਗਾ । GT ਰੋਡ ਨੂੰ ਇੱਕ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਥਾਂ-ਥਾਂ ਜਾਮ ਦੇ ਹਾਲਾਤ ਹਨ । ਜੇਕਰ ਦਿੱਲੀ ਜਾਣਾ ਹੈ ਤਾਂ ਇਸ ਰਸਤੇ ਦੀ ਵਰਤੋਂ ਨਾ ਕਰੋ । ਉਧਰ ਦਿੱਲੀ ਸਰਕਾਰ ਨੇ ਯਮੁਨਾ ਦਾ ਪਾਣੀ ਸੜਕਾਂ ਤੱਕ ਪਹੁੰਚਣ ਦੀ ਵਜ੍ਹਾ ਕਰਕੇ ਪੰਜਾਬ ਅਤੇ ਹਰਿਆਣਾ ਦੀ ਬੱਸਾਂ ਨੂੰ ਸਿਰਫ਼ ਸਿੰਘੂ ਸਰਹੱਦ ਤੱਕ ਆਉਣ ਦੀ ਇਜਾਜ਼ਤ ਹੀ ਦਿੱਤੀ ਹੈ ।