Punjab

ਪੰਜਾਬ ਦੇ 7 ਜ਼ਿਲਿਆਂ ‘ਚ ਮੀਂਹ ਦਾ ਅਲਰਟ: ਅੰਮ੍ਰਿਤਸਰ ਸਮੇਤ 7 ਸ਼ਹਿਰਾਂ ‘ਚ ਸਵੇਰ ਤੋਂ ਮੌਸਮ ਖ਼ਰਾਬ

Rain alert in 7 districts of Punjab: Bad weather in 7 cities including Amritsar since morning

ਪੰਜਾਬ ਦੇ ਮਾਲਵਾ ਅਤੇ ਦੋਆਬਾ ਜ਼ਿਲ੍ਹਿਆਂ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ 7 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਜਿੱਥੇ ਅਗਲੇ ਤਿੰਨ ਘੰਟਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਵੀ 50 ਫ਼ੀਸਦੀ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਰਾਤ ਦੇ ਮੀਂਹ ਤੋਂ ਬਾਅਦ ਸੂਬੇ ਦੇ ਔਸਤ ਤਾਪਮਾਨ ਵਿੱਚ 2.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪਟਿਆਲਾ, ਮੁਹਾਲੀ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿੱਚ ਅਗਲੇ ਤਿੰਨ ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਜਦੋਂਕਿ ਕਪੂਰਥਲਾ, ਤਰਨਤਾਰਨ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਸਵੇਰੇ ਮੀਂਹ ਪਿਆ।

ਇਸ ਦੇ ਨਾਲ ਹੀ ਪੰਜਾਬ ‘ਚ ਇਸ ਵਾਰ ਮਾਨਸੂਨ ਆਮ ਵਾਂਗ ਰਿਹਾ ਹੈ ਪਰ ਹੁਣ ਤੱਕ ਸਤੰਬਰ ਮਹੀਨੇ ‘ਚ ਆਮ ਨਾਲੋਂ 12 ਫ਼ੀਸਦੀ ਘੱਟ ਬਾਰਸ਼ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਜੂਨ ਮਹੀਨੇ ਤੋਂ ਹੁਣ ਤੱਕ 404.5 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 4 ਫ਼ੀਸਦੀ ਘੱਟ ਹੈ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਐਤਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ 50-60 ਫ਼ੀਸਦੀ ਹੈ। ਐਤਵਾਰ ਨੂੰ ਲੁਧਿਆਣਾ, ਰੂਪਨਗਰ, ਐੱਸ.ਏ.ਐੱਸ ਨਗਰ, ਫ਼ਤਿਹਗੜ੍ਹ ਸਾਹਿਬ, ਪਟਿਆਲਾ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਵੀਰਵਾਰ ਤੱਕ ਪੰਜਾਬ ‘ਚ ਮੀਂਹ ਦਾ ਅਲਰਟ ਨਹੀਂ ਹੈ ਪਰ ਵੀਰਵਾਰ ਤੋਂ ਇਕ ਵਾਰ ਫਿਰ ਤੋਂ ਮੌਸਮ ‘ਚ ਬਦਲਾਅ ਹੋਵੇਗਾ।