Punjab

ਇੱਕ ਹੋਰ ਬੰਦੀ ਸਿੰਘ ਦੀ ਰਿਹਾਈ ! ਸ਼ਮਸ਼ੇਰ ਸਿੰਘ ਤੋਂ ਬਾਅਦ ਹੁਣ ਦਵਿੰਦਰ ਪਾਲ ਸਿੰਘ ਭੁੱਲਰ ਵੀ ਬਾਹਰ ਆਏ

ਬਿਉਰੋ ਰਿਪੋਰਟ : 1993 ਦਿੱਲੀ ਬੰਬ ਧਮਾਕੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਅਦਾਲਤ ਨੇ 8 ਹਫ਼ਤਿਆਂ ਦੀ ਪੈਰੋਲ ਦੇ ਦਿੱਤੀ ਹੈ । ਉਹ ਹੁਣ 17 ਨਵੰਬਰ ਤੱਕ ਬਾਹਰ ਰਹਿਣਗੇ। ਮਾਨਸਿਕ ਹਾਲਤ ਠੀਕ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਕਰੜੀ ਸੁਰੱਖਿਆ ਦੇ ਵਿਚਾਲੇ ਅੰਮ੍ਰਿਤਸਰ ਦੇ ਸੁਆਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਵਿੱਚ ਰੱਖਿਆ ਗਿਆ ਹੈ। ਉੱਥੇ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੀਤੇ ਦਿਨੀਂ 27 ਸਾਲ ਬਾਅਦ ਇੱਕ ਹੋਰ ਬੰਦੀ ਸਿੰਘ ਸ਼ਮਸ਼ੇਰ ਸਿੰਘ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾ ਕੀਤਾ ਗਿਆ ਹੈ।

ਦਵਿੰਦਰ ਭੁੱਲਰ ਪਿੰਡ ਦਿਆਲਪੁਰ ਭਾਈਕਾ ਦੇ ਰਹਿਣ ਵਾਲੇ ਹਨ । ਇਸ ਵਕਤ ਉਹ ਅੰਮ੍ਰਿਤਸਰ ਦੇ ਸੀ ਬਲਾਕ ਰਣਜੀਤ ਐਵਿਨਿਊ ਵਿੱਚ ਰਹਿੰਦੇ ਹਨ । ਪੈਰੋਲ ਦੇ ਦੌਰਾਨ ਭੁੱਲਰ ਉੱਥੇ ਹੀ ਰਹਿਣਗੇ । ਦਵਿੰਦਰ ਪਾਲ ਸਿੰਘ ਭੁੱਲਰ ਨੂੰ ਦਿੱਲੀ ਧਮਾਕੇ ਦੇ ਮਾਮਲੇ ਵਿੱਚ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਸੀ ਪਰ ਬਾਅਦ ਵਿੱਚੋਂ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ।

11 ਸਤੰਬਰ 1993 ਨੂੰ ਦਿੱਲੀ ਦੇ ਰਾਇਸੀਨਾ ਰੋਡ ਸਥਿਤ ਕਾਂਗਰਸ ਹੈੱਡ ਕੁਆਟਰ ਦੇ ਕੋਲ ਹੋਏ ਬੰਬ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 30 ਲੋਕ ਜ਼ਖ਼ਮੀ ਹੋਏ ਸਨ । ਧਮਾਕੇ ਵਿੱਚ ਯੂਥ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ ।

ਦਵਿੰਦਰ ਪਾਲ ਸਿੰਘ ਭੁੱਲਰ ਲੁਧਿਆਣਾ ਦੇ ਸ਼੍ਰੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਡਿਗਰੀ ਹਾਸਲ ਕੀਤੀ ਸੀ । ਉਨ੍ਹਾਂ ਦੇ ਪਿਤਾ ਪੰਜਾਬ ਦੇ ਆਡਿਟ ਵਿਭਾਗ ਵਿੱਚ ਸੈਕਸ਼ਨ ਅਫ਼ਸਰ ਅਤੇ ਮਾਂ ਪੰਜਾਬ ਪੇਂਡੂ ਵਿਕਾਸ ਵਿੱਚ ਸੁਪਰਵਾਈਜ਼ਰ ਸੀ । 29 ਅਗਸਤ 1991 ਵਿੱਚ ਚੰਡੀਗੜ੍ਹ ਦੇ SSP ਸੁਮੇਧ ਸਿੰਘ ਸੈਣੀ ਦੀ ਕਾਰ ਨੂੰ ਧਮਾਕੇ ਨਾਲ ਉਡਾ ਦਿੱਤਾ ਗਿਆ ਸੀ । ਇਸ ਵਿੱਚ ਸੈਨਾ ਦਾ ਸੁਰੱਖਿਆ ਗਾਰਡ ਮਾਰਿਆ ਗਿਆ ਸੀ । ਇਸ ਮਾਮਲੇ ਵਿੱਚ ਵੀ ਭੁੱਲਰ ਦਾ ਨਾਂ ਆਇਆ ਸੀ । ਧਮਾਕੇ ਦੇ ਬਾਅਦ ਭੁੱਲਰ ਜਰਮਨੀ ਚਲਾ ਗਿਆ ਸੀ ਉੱਥੇ ਉਨ੍ਹਾਂ ਦੇ ਸਿਆਸੀ ਸ਼ਰਨ ਮੰਗੀ ਸੀ ਪਰ ਸਰਕਾਰ ਨੇ ਨਾ ਮਨਜ਼ੂਰ ਕਰ ਦਿੱਤੀ । ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਗਿਆ ਸੀ ।