ਬਿਊਰੋ ਰਿਪੋਰਟ : ਮਹਾਰਾਸ਼ਟਰ ਦੇ ਚੰਦਰਪੁਰ ਵਿੱਚ ਬੱਲਾਰਸ਼ਾਹ ਰੇਲਵੇ ਸਟੇਸ਼ਨ ਦੇ ਬਣਿਆ ਫੁੱਟ ਓਵਰ ਬ੍ਰਿਜ ਦਾ ਇਕ ਹਿੱਸਾ ਹੇਠਾਂ ਡਿੱਗ ਗਿਆ ਹੈ। ਇਸ ਦੌਰਾਨ ਬ੍ਰਿਜ ਤੋਂ ਗੁਜ਼ਰਨ ਵਾਲੇ ਕੁਝ ਯਾਤਰੀ 60 ਫੁੱਟ ਤੋਂ ਹੇਠਾਂ ਰੇਲਵੇ ਟਰੈਕ ‘ਤੇ ਡਿੱਗ ਗਏ । ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ 20 ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਨ । ਜਿੰਨਾਂ ਵਿੱਚੋਂ 8 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਅਫਰਾਤਫਰੀ ਦਾ ਮਾਹੌਲ ਸੀ । ਸਟੇਸ਼ਨ ‘ਤੇ ਮੌਜੂਦ ਯਾਤਰੀਆਂ ਨੇ ਜ਼ਖ਼ਮੀਆਂ ਨੂੰ ਟਰੈਕ ਤੋਂ ਚੁੱਕਿਆ । ਖ਼ਾਸ ਗੱਲ ਇਹ ਹੈ ਕਿ ਹਾਦਸੇ ਦੇ ਵਕਤ ਟਰੈਕ ‘ਤੇ ਕੋਈ ਟ੍ਰੇਨ ਨਹੀਂ ਸੀ । ਰੇਲਵੇ ਦੇ ਅਧਿਕਾਰੀਆਂ ਨੇ ਵੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫੌਰਨ ਇਸ ਪਲੇਟ ਫਾਰਮ ‘ਤੇ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ । ਇਸ ਦੇ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ।
ਰੇਲਵੇ ਵੱਲੋਂ ਗੰਭੀਰ ਤੌਰ ‘ਤੇ ਜ਼ਖ਼ਮੀਆਂ ਨੂੰ 1-1 ਲੱਖ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ ਜਦਕਿ ਘੱਟ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾਂ ਦੇਣ ਦਾ ਫੈਸਲਾ ਲਿਆ ਗਿਆ ਹੈ ।
ਬੱਲਾਰਸ਼ਾਹ ਸਟੇਸ਼ਨ ‘ਤੇ ਸ਼ਾਮ 5.10 ‘ਤੇ ਇਹ ਹਾਦਸਾ ਹੋਇਆ ਹੈ । ਉਸ ਵਕਤ ਕਾਜੀਪੇਟ- ਪੁਣੇ ਐਕਸਪ੍ਰੈਸ ਵਿੱਚ ਸਵਾਰ ਹੋਣ ਦੇ ਲਈ ਕਈ ਯਾਤਰੀ ਪਲੇਟਫਾਰਮ ਨੰਬਰ 1 ਤੋਂ 4 ‘ਤੇ ਜਾ ਰਹੇ ਸਨ । ਅਚਾਨਕ ਪੁੱਲ ਦੇ ਵਿੱਚੋਂ ਇਕ ਹਿੱਸਾ ਟੁੱਟਿਆਂ ਅਤੇ ਯਾਤਰੀ ਹੇਠਾਂ ਡਿੱਗ ਗਏ। ਤੇਲੰਗਾਨਾ ਸੂਬੇ ਵੱਲ ਜਾਣ ਵਾਲੇ ਰੂਟ ‘ਤੇ ਚੰਦਪੁਰਾ ਜ਼ਿਲ੍ਹੇ ਦਾ ਅਖੀਰਲਾ ਜਨਕਸ਼ਨ ਬੱਲਾਰਸ਼ਾਹ ਰੇਲਵੇ ਸਟੇਸ਼ਨ ਹੈ। 2014 ਵਿੱਚ ਇਸ ਸਟੇਸ਼ਨ ਨੂੰ ਨੰਬਰ 1 ਸਟੇਸ਼ਨ ਦਾ ਦਰਜਾ ਦਿੱਤਾ ਗਿਆ ਸੀ । ਉਸ ਵਕਤ ਮਹਾਰਾਸ਼ਟਰ ਵਿੱਚ ਬੀਜੇਪੀ ਦੀ ਸਰਕਾਰ ਸੀ ।