ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣੇ ਦੋ ਦਿਨਾਂ ਦੌਰੇ ਲਈ ਮਨੀਪੁਰ ਪੁੱਜ ਗਏ। ਇਸ ਦੌਰਾਨ ਮਨੀਪੁਰ ਪੁਲੀਸ ਨੇ ਹਿੰਸਾ ਦੇ ਡਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਚੂਰਾਚੰਦਪੁਰ ਜਾ ਰਹੇ ਕਾਫ਼ਲੇ ਨੂੰ ਬਿਸ਼ਨੂਪੁਰ ਵਿਖੇ ਰੋਕ ਲਿਆ। ਉਹ ਸੂਬੇ ਵਿੱਚ ਰਾਹਤ ਕੈਂਪਾਂ ‘ਚ ਜਾਤੀ ਹਿੰਸਾ ਕਾਰਨ ਬੇਘਰ ਹੋਏ ਲੋਕਾਂ ਨੂੰ ਮਿਲਣ ਜਾ ਰਹੇ ਸਨ। ਰਾਹੁਲ ਨੇ ਨਾਗਰਿਕ ਸੰਗਠਨਾਂ ਨਾਲ ਗੱਲਬਾਤ ਵੀ ਕਰਨੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 3 ਮਈ ਨੂੰ ਮਨੀਪੁਰ ‘ਚ ਹਿੰਸਾ ਭੜਕਣ ਤੋਂ ਬਾਅਦ ਕਾਂਗਰਸ ਨੇਤਾ ਦਾ ਉੱਤਰ-ਪੂਰਬੀ ਰਾਜ ਦਾ ਇਹ ਪਹਿਲਾ ਦੌਰਾ ਹੈ।
ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਰਾਹੁਲ ਗਾਂਧੀ ਦੀ ਕਾਰ ਨੂੰ ਅੱਗੇ ਨਹੀਂ ਵਧਣ ਦੇ ਰਹੀ ਸੀ, ਜਦੋਂ ਕਿ ਪਾਸੇ ਖੜੇ ਲੋਕ ਉਨ੍ਹਾਂ ਨੂੰ ਹੱਥ ਹਿਲਾ ਰਹੇ ਸਨ। ਉਨ੍ਹਾਂ ਕਿਹਾ ਕਿ “ਸਾਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੇ ਸਾਨੂੰ ਕਿਉਂ ਰੋਕਿਆ ਹੈ।”
ਮਨੀਪੁਰ ਕਾਂਗਰਸ ਪ੍ਰਧਾਨ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਸ ਦੋ ਦਿਨਾਂ ਦੌਰੇ ‘ਤੇ ਰਾਹੁਲ ਗਾਂਧੀ ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ, ਬੁੱਧੀਜੀਵੀਆਂ ਅਤੇ ਹੋਰਾਂ ਨਾਲ ਮੁਲਾਕਾਤ ਕਰਨਗੇ।
ਮਈ ਵਿੱਚ ਸ਼ੁਰੂ ਹੋਏ ਮਨੀਪੁਰ ਵਿੱਚ ਮੀਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਸੰਘਰਸ਼ ਕਾਰਨ 50,000 ਲੋਕ ਅਜੇ ਵੀ 300 ਤੋਂ ਵੱਧ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਇਸ ਹਿੰਸਾ ਵਿੱਚ ਹੁਣ ਤੱਕ 100 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮਨੀਪੁਰ ਦਾ ਦੌਰਾ ਕਰ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਮਨੀਪੁਰ ਦੇ ਹਾਲਾਤ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਵੀ ਬੁਲਾਈ।