Punjab

ਅਵਤਾਰ ਸਿੰਘ ਖੰਡਾ ਦੀ ਅੰਤਿਮ ਇੱਛਾ ਪੂਰੀ ਕਰਨ ਦੇ ਲਈ ਭੈਣ ਪੰਜਾਬ ਹਰਿਆਣਾ ਹਾਈਕੋਰਟ ਪਹੁੰਚੀ !

ਬਿਊਰੋ ਰਿਪੋਰਟ : ਅਵਤਾਰ ਸਿੰਘ ਖੰਡਾ ਦੀ ਭੈਣ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰ ਕੇ ਭਰਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਇਜਾਜ਼ਤ ਮੰਗੀ ਹੈ ਤਾਂ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਮੋਗਾ ਵਿੱਚ ਕੀਤਾ ਜਾ ਸਕੇ । 15 ਜੂਨ ਨੂੰ ਇੰਗਲੈਂਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਅਵਤਾਰ ਸਿੰਘ ਖੰਡਾ ਦਾ ਦੇਹਾਂਤ ਹੋਇਆ ਸੀ । ਅਵਤਾਰ ਸਿੰਘ ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਹਾਈਕੋਰਟ ਵਿੱਚ ਦਾਖਲ ਪਟੀਸ਼ਨ ਵਿੱਚ ਦੱਸਿਆ ਹੈ ਕਿ ਭਰਾ ਦੀ ਅੰਤਿਮ ਇੱਛਾ ਸੀ ਕਿ ਉਸ ਦਾ ਅੰਤਿਮ ਸਸਕਾਰ ਮੋਗਾ ਵਿੱਚ ਹੋਵੇ,ਅਤੇ ਫੁੱਲ ਸ੍ਰੀ ਕੀਰਤਪੁਰ ਸਾਹਿਬ ਵਿੱਚ ਪ੍ਰਵਾਹ ਕੀਤੀਆਂ ਜਾਣ, ਇਸ ਲਈ ਖੰਡਾ ਦੀ ਅੰਤਿਮ ਇੱਛਾ ਪੂਰੀ ਕਰਨ ਦੇ ਲਈ ਮ੍ਰਿਤਕ ਦੇਹ ਨੂੰ ਇੰਗਲੈਂਡ ਤੋਂ ਭਾਰਤ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ।

ਪਟੀਸ਼ਨ ਵਿੱਚ ਵਿਦੇਸ਼ ਮੰਤਰਾਲਾ,ਕੇਂਦਰੀ ਗ੍ਰਹਿ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਵੀ ਪਾਰਟੀ ਬਣਾਇਆ ਹੈ । ਇਸ ਪਟੀਸ਼ਨ ‘ਤੇ ਹਾਈਕੋਰਟ ਸੋਮਵਾਰ ਨੂੰ ਸੁਣਵਾਈ ਕਰੇਗਾ । ਅਵਤਾਰ ਸਿੰਘ ਖੰਡਾ ਦੇ ਦੇਹਾਂਤ ਦੀ ਵਜ੍ਹਾ ਕੈਂਸਰ ਦੱਸਿਆ ਜਾ ਰਿਹਾ ਸੀ ਪਰ ਕੁੱਝ ਸਿੱਖ ਜਥੇਬੰਦੀਆਂ ਅਤੇ ਪਰਿਵਾਰ ਨੇ ਉਸ ਦੀ ਮੌਤ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ ।

ਪਰਿਵਾਰ ਅਤੇ ਕਰੀਬੀਆਂ ਨੂੰ ਇਹ ਸ਼ੱਕ

ਅਤਵਾਰ ਸਿੰਘ ਖੰਡਾ ਨੂੰ ਜਾਣਨ ਵਾਲਿਆਂ ਨੂੰ ਹੁਣ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ, ਉਹ ਇੰਨੀ ਜਲਦੀ ਚੱਲੇ ਜਾਣਗੇ । 4 ਜੂਨ ਨੂੰ ਟਰਾਫਲਗਰ ਸਕੁਏਅਰ ਵਿੱਚ 1984 ਦੀ ਯਾਦਗਾਰੀ ਰੈਲੀ ਦੌਰਾਨ ਭਾਈ ਖੰਡਾ ਨੂੰ ਸਿੱਖ ਸੰਗਤ ਦੇ ਬਹੁਤ ਸਾਰੇ ਮੈਂਬਰਾਂ ਦੁਆਰਾ ਚੰਗੀ ਸਿਹਤ ਵਿੱਚ ਦੇਖਿਆ ਗਿਆ ਸੀ। ਉਸ ਸਮਾਗਮ ਵਿੱਚ ਅਵਤਾਰ ਸਿੰਘ ਟੀ.ਵੀ. ਚੈਨਲ ਪੀ.ਬੀ.ਸੀ. ਲਈ ਪ੍ਰਸਾਰਣ ਕਰ ਰਹੇ ਸਨ। ਹਾਲਾਂਕਿ ਅਵਤਾਰ ਸਿੰਘ ਖੰਡਾ ਦੇ ਦਿਹਾਂਤ ਦੀ ਵਜ੍ਹਾ ਕੈਂਸਰ ਦੱਸੀ ਗਈ ਸੀ ਪਰ ਪਰਿਵਾਰ ਨੂੰ ਇਸ ‘ਤੇ ਸ਼ੱਕ ਹੈ ਅਤੇ ਉਨ੍ਹਾਂ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਸੀ।

ਪਿਤਾ ਅਤੇ ਚਾਚੇ ਦਾ ਹੋਇਆ ਸੀ ਐਨਕਾਉਂਟਰ

1988 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਰੋਡੇ ਪਿੰਡ ਵਿੱਚ ਅਵਤਾਰ ਸਿੰਘ ਖੰਡਾ ਦਾ ਜਨਮ ਹੋਇਆ ਸੀ । ਕਾਲੇ ਦੌਰ ਵੇਲੇ ਉਸ ਦੇ ਘਰ ਅਕਸਰ ਸੁਰੱਖਿਆ ਏਜੰਸੀਆਂ ਪੁੱਛ-ਗਿੱਛ ਕਰਨ ਦੇ ਲਈ ਆਉਂਦੀਆਂ ਸਨ, ਇਸੇ ਵਜ੍ਹਾ ਕਰ ਕੇ ਪਰਿਵਾਰ ਕਦੇ ਪਟਿਆਲਾ ਅਤੇ ਲੁਧਿਆਣਾ ਤਾਂ ਕਦੇ ਮੋਗਾ ਸ਼ਿਫ਼ਟ ਹੋਇਆ । ਜਿਸ ਸਾਲ ਅਵਤਾਰ ਸਿੰਘ ਖੰਡਾ ਦਾ ਜਨਮ ਹੋਇਆ ਉਸੇ ਸਾਲ ਹੀ ਚਾਚੇ ਬਲਵੰਤ ਸਿੰਘ ਖੁਕਰਾਨਾ ਦਾ ਸਿਰ ਤੋਂ ਹੱਥ ਉੱਠ ਗਿਆ, ਪੁਲਿਸ ਨੇ ਝੂਠੇ ਐਨਕਾਉਂਟਰ ਵਿੱਚ ਉਨ੍ਹਾਂ ਨੂੰ ਮਾਰ ਦਿੱਤਾ । ਫਿਰ ਖੰਡਾ ਦੇ ਜਦੋਂ ਤਿੰਨ ਸਾਲ ਸੀ ਤਾਂ 3 ਮਾਰਚ 1991 ਨੂੰ ਪਿਤਾ ਕੁਲਵੰਤ ਸਿੰਘ ਖੁਕਰਾਨਾ ਦਾ ਵੀ ਐਂਕਾਉਂਟਰ ਕਰ ਦਿੱਤਾ ਗਿਆ। ਬਚਪਨ ਸਿਰਫ਼ ਮਾਂ ਦੀ ਗੋਦ ਵਿੱਚ ਹੀ ਬੀਤਿਆਂ, ਮਾਂ ਸਕੂਲ ਵਿੱਚ ਅਧਿਆਪਕ ਸੀ,ਚੰਗੀ ਜ਼ਿੰਦਗੀ ਦੀ ਤਲਾਸ਼ ਲਈ ਨੌਜਵਾਨ ਅਵਤਾਰ ਸਿੰਘ ਖੰਡਾ 22 ਸਾਲ ਦੀ ਉਮਰ ਵਿੱਚ ਬ੍ਰਿਟੇਨ ਪੜਾਈ ਕਰਨ ਚਲਾ ਗਿਆ ।