‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਗੈਂਗਰੇਪ ਜੀ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਗੁੱਸੇ ਦੀ ਲਹਿਰ ਹੈ। ਕਾਂਗਰਸ ਸਰਕਾਰ ਇਸ ਮਾਮਲੇ ‘ਤੇ ਲਗਾਤਾਰ ਯੂ.ਪੂ. ਸਰਕਾਰ ‘ਤੇ ਨਿਸ਼ਾਨੇ ਸਾਧ ਰਹੀ ਹੈ। ਕੱਲ੍ਹ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪੀੜਤ ਪਰਿਵਾਰ ਨੂੰ ਮਿਲਣ ਲਈ ਹਾਥਰਸ ਲਈ ਰਵਾਨਾ ਹੋਏ ਸਨ। ਦੋਵੇਂ ਨੇਤਾ DND ਤੋਂ ਹੁੰਦੇ ਹੋਏ ਤਾਜ ਐਕਸਪ੍ਰੈੱਸਵੇ ਦੇ ਜ਼ਰੀਏ ਹਾਥਰਸ ਦੇ ਲਈ ਰਵਾਨਾ ਹੋਏ ਸੀ ਪਰ ਗ੍ਰੇਟਰ ਨੋਇਡਾ ਦੇ ਕੋਲ ਹੀ ਉਨ੍ਹਾਂ ਦੇ ਕਾਫਲੇ ਨੂੰ ਰੋਕ ਲਿਆ ਗਿਆ।
ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਯੂ.ਪੀ. ਸਰਕਾਰ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ‘ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਗੁੱਸਾ ਚੜ੍ਹਦਾ ਹੈ, ਮੇਰੀ 18 ਸਾਲ ਦੀ ਬੇਟੀ ਹੈ। ਹਰ ਮਹਿਲਾ ਨੂੰ ਗੁੱਸਾ ਚੜ੍ਹਨਾ ਚਾਹੀਦਾ ਹੈ। ਸਾਡੇ ਹਿੰਦੂ ਧਰਮ ਵਿੱਚ ਕਿੱਥੇ ਲਿਖਿਆ ਹੈ ਕਿ ਅੰਤਿਮ ਸਸਕਾਰ ਪਰਿਵਾਰ ਤੋਂ ਬਿਨਾਂ ਹੋਵੇ’।
ਪ੍ਰਿਅੰਕਾ ਗਾਂਧੀ ਨੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ‘ਉੱਤਰ ਪ੍ਰਦੇਸ਼ ਦੀ ਸੁਰੱਖਿਆ ਲਈ ਮੁੱਖ-ਮੰਤਰੀ ਜ਼ਿੰਮੇਦਾਰ ਹਨ ਪਰ ਹਰ ਰੋਜ਼ ਰੇਪ ਦੀਆਂ ਘਟਨਾਵਾਂ ਹੋ ਰਹੀਆਂ ਹਨ। ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਤੁਸੀਂ ਹਿੰਦੂ ਧਰਮ ਦੇ ਰਖਵਾਲੇ ਹੋ ਪਰ ਤੁਸੀਂ ਇਹੋ ਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਇੱਕ ਪਿਤਾ ਆਪਣੀ ਬੇਟੀ ਦੀ ਚਿਤਾ ਵੀ ਜਲਾ ਸਕਦਾ’।
ਰਾਹੁਲ-ਪ੍ਰਿਅੰਕਾ ਗਾਂਧੀ ਦਾ ਹੱਲਾ ਬੋਲ
ਦਿੱਲੀ ਤੋਂ ਕੁੱਝ ਦੂਰੀ ‘ਤੇ ਹੀ ਜਦੋਂ ਦੋਵਾਂ ਨੇਤਾਵਾਂ ਦਾ ਕਾਫਲਾ ਗ੍ਰੇਟਰ ਨੋਇਡਾ ਦੇ ਕਰੀਬ ਪਹੁੰਚਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਰਾਹੁਲ ਅਤੇ ਪ੍ਰਿਅੰਕਾ ਪੈਦਲ ਹੀ ਆਪਣੇ ਵਰਕਰਾਂ ਨਾਲ ਹਾਥਰਸ ਲਈ ਰਵਾਨਾ ਹੋ ਗਏ। ਪ੍ਰਸ਼ਾਸਨ ਨੇ ਹਾਥਰਸ ਦੀਆਂ ਸੀਮਾਵਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਧਾਰਾ 144 ਲਾਗੂ ਕਰ ਦਿੱਤੀ ਹੈ।
ਇਸ ਦੌਰਾਨ ਕਾਂਗਰਸ ਦੇ ਵਰਕਰਾਂ ਅਤੇ ਯੂ.ਪੀ. ਪੁਲਿਸ ਦੇ ਵਿਚਕਾਰ ਝੜਪ ਹੋਈ। ਰਾਹੁਲ ਗਾਂਧੀ ਨੇ ਕਿਹਾ ਕਿ ‘ਮੈਂ ਹਾਥਰਸ ਦੇ ਪੀੜਤ ਪਰਿਵਾਰ ਨੂੰ ਮਿਲਣ ਜਾ ਰਿਹਾ ਹਾਂ ਅਤੇ ਮੈਨੂੰ ਕੋਈ ਨਹੀਂ ਰੋਕ ਸਕਦਾ’। ਇਸ ਦੌਰਾਨ ਯੂਪੀ ਪੁਲਿਸ ਨੇ ਰਾਹੁਲ ਗਾਂਧੀ ਦੇ ਨਾਲ ਧੱਕਾ-ਮੁੱਕੀ ਕੀਤੀ। ਧੱਕਾ-ਮੁੱਕੀ ਦੌਰਾਨ ਰਾਹੁਲ ਗਾਂਧੀ ਜ਼ਮੀਨ ‘ਤੇ ਡਿੱਗ ਪਏ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ ‘ਚ ਹਾਥਰਸ ਜ਼ਰੂਰ ਜਾਣਗੇ। ਨੋਇਡਾ ਪੁਲਿਸ ਨੇ ਦੋਵਾਂ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।