ਮੁਹਾਲੀ : ਰਾਜ ਸਭਾ ਸਾਂਸਦ ਰਾਘਵ ਚੱਢਾ ਨੂੰ 25 ਜਨਵਰੀ 2023 ਨੂੰ ਲੰਡਨ ਵਿੱਚ ਵੱਕਾਰੀ ਇੰਡੀਆ ਯੂਕੇ ਅਚੀਵਰਜ਼ ਆਨਰਜ਼ ਵਿੱਚ “ਆਊਟਸਟੈਂਡਿੰਗ ਅਚੀਵਰ” ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਰਾਘਵ ਨੂੰ “ਸਰਕਾਰ ਅਤੇ ਰਾਜਨੀਤੀ” ਸ਼੍ਰੇਣੀ ਲਈ “ਆਊਟਸਟੈਂਡਿੰਗ ਅਚੀਵਰ” ਵਜੋਂ ਚੁਣਿਆ ਗਿਆ ਹੈ।
ਇਹ ਸਨਮਾਨ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜੋ ਲੋਕਤੰਤਰ ਅਤੇ ਨਿਆਂ ਨੂੰ ਅਨੁਭਵ ਕਿਵੇਂ ਕੀਤਾ ਜਾਂਦਾ ਹੈ ਅਤੇ ਲੋਕਾਂ ਦੀ ਭਲਾਈ ਲਈ ਇੱਕੱਠੇ ਚੁਨੌਤੀਪੂਰਨ ਸਮਾਜਿਕ ਸਮੱਸਿਆਵਾਂ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ, ਇਸ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਐਵਾਰਡ ਸਮਾਰੋਹ 25 ਜਨਵਰੀ 2023 ਨੂੰ ਲੰਦਨ ਵਿੱਚ ਆਯੋਜਿਤ ਕੀਤਾ ਜਾਏਗਾ।
ਇਹ ਸਮਾਰੋਹ (ਐੱਨ.ਆਈ.ਐੱਸ.ਏ.ਯੂ. ਯੂਕੇ) ਵੱਲੋਂ ਭਾਰਤ ਵਿੱਚ ਬ੍ਰਿਟਿਸ਼ ਕਾਊਂਸਲ ਦੇ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਕੀਤਾ ਗਿਆ ਹੈ। ਸਮਾਰੋਹ ਯੋਕੇ ਸਰਕਾਰ ਦੇ ਕੌਮਾਂਤਰੀ ਵਪਾਰ ਵਿਭਾਗ ਅਤੇ ਯੂਕੇ ਦੇ ਉੱਚ ਸਿੱਖਿਆ ਖੇਤਰ ਵੱਲੋਂ ਸਮਰਥਿਤ ਹੈ। ਇਕ ਸਾਲ ਅੰਦਰ ਚੱਢਾ ਨੂੰ ਇਹ ਦੂਜਾ ਕੌਮਾਂਤਰੀ ਸਨਮਾਨ ਮਿਲਣ ਜਾ ਰਿਹਾ ਹੈ। ਪਿਛਲੇ ਸਾਲ, ਉਨ੍ਹਾਂ ਨੂੰ ਸਭ ਤੋਂ ਮੰਨੇ-ਪ੍ਰਮੰਨੇ ਵਿਸ਼ਵ ਆਰਥਿਕ ਮੰਚ ਵੱਲੋਂ ਯੰਗ ਗਲੋਬਲ ਲੀਡਰ ਵਜੋਂ ਸਨਮਾਨਤ ਕੀਤਾ ਗਿਆ ਸੀ।
ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਅਵਾਰਡ ਪ੍ਰਾਪਤ ਕਰਨ ‘ਤੇ ਰਾਘਵ ਚੱਢਾ ਨੇ ਕਿਹਾ ਕਿ ਇਹ ਐਵਾਰਡ ਕਿਸੇ ਵਿਅਕਤੀ ਦੀਆਂ ਪ੍ਰਾਪਤੀਆਂ ਦੀ ਮਾਨਤਾ ਨਹੀਂ ਹੈ, ਸਗੋਂ ਮੇਰੇ ਨੇਤਾ ਅਰਵਿੰਦ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਗਈ ਰਾਜਨੀਤੀ ਦਾ ਇੱਕ ਨਵਾਂ ਬ੍ਰਾਂਡ ਦੀ ਮਾਨਤਾ ਹੈ। ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਸਿਆਸੀ ਸਟਾਰ ਅਪ, ਆਮ ਆਦਮੀ ਪਾਰਟੀ, ਸੱਚਮੁੱਚ ਆਪਣੇ ਲੋਕਾਂ ਦਾ ਨੁਮਾਇੰਦਾ ਹੈ।
ਚੱਢਾ ਨੇ ਕਿਹਾ ਕਿ ਮੈਂ ਇਹ ਐਵਾਰਡ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਜੀ ਅਤੇ ਉਨ੍ਹਾਂ ਲੋਕਾਂ ਨੂੰ ਸਮਰਪਿਤ ਕਰਦਾ ਹਾਂ ਜਿਨ੍ਹਾਂ ਨੇ ਇਸ ਪਾਰਟੀ ਨੂੰ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ। ਇਹ ਐਵਾਰਡ ਮੈਨੂੰ ਹੋਰ ਸਖ਼ਤ ਮਿਹਨਤ ਕਰਨ ਅਤੇ ਆਪਣੀ ਸਮਰੱਥਾ ਮੁਤਾਬਕ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ।