‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਡਰਾਮੇਬਾਜ ਚੰਨੀ…ਡਰਾਮੇਬਾਜ ਚੰਨੀ…ਡਰਾਮੇਬਾਜ ਚੰਨੀ…। ਇਹ ਅਸੀਂ ਨਹੀਂ ਕਹਿ ਰਹੇ, ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਕਹਿ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਆਪਣੇ ਅਹਿਮ ਐਲਾਨਾਂ ਵਾਲੀ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਪੰਜਾਬੀਆਂ ਦੇ ਦਿਲ ਦੀਆਂ ਤਾਰਾਂ ਬਿਜਲੀ ਦੇ ਮੀਟਰਾਂ ਨਾਲ ਜੋੜਨ ਵੇਲੇ ਕਿਹਾ ਕਿ ਉਹ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੇ ਵਾਂਗ ਬਿਜਲੀ ਮੁਫਤ ਦੇਣ ਦਾ ਡਰਾਮਾ ਨਹੀਂ ਕਰ ਰਹੇ ਸਗੋਂ, ਪੰਜਾਬ ਸਰਕਾਰ ਸੱਚਮੁੱਚ ਹੀ ਇਸ ਮਸਲੇ ਪ੍ਰਤੀ ਸੰਜੀਦਾ ਹੈ। ਸ਼ਾਇਦ ਇਹੀ ਅਰਵਿੰਦ ਕੇਜਰੀਵਾਲ ਦੇ ਕਾਰਜ ਨੂੰ ਡਰਾਮਾ ਕਹਿਣਾ ਰਾਘਵ ਚੱਢਾ ਨੂੰ ਚੰਗਾ ਨਹੀਂ ਲੱਗਾ ਤੇ ਉਨ੍ਹਾਂ ਨੇ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਸੀਐੱਮ ਚੰਨੀ ਨੂੰ ਇਕ ਵਾਰ ਨਹੀਂ ਪੰਜ-ਸੱਤ ਵਾਰ ਡਰਾਮੇ ਕਰਨ ਵਾਲਾ ਸੀਐੱਮ ਐਲਾਨ ਦਿੱਤਾ।
ਪੰਜਾਬ ਸਰਕਾਰ ਦੇ ਬਿਜਲੀ ਸਸਤੀ ਕਰਨ ਦੇ ਐਲਾਨ ਉੱਤੇ ਰਾਘਵ ਚੱਢਾ ਨੇ ਕਿਹਾ ਕਿ ਡਰਾਮੇਬਾਜ ਚੰਨੀ ਦਾ ਵੋਟਾਂ ਤੋਂ ਪਹਿਲਾ ਇੱਕ ਚੋਣ ਸਟੰਟ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਅਗਲੇ ਪੰਜ ਮਹੀਨਿਆਂ ਲਈ ਹੈ ਤੇ ਇਹ ਬਿਜਲੀ ਦੀਆਂ ਦਰਾਂ ਅਗਲੇ ਸਾਲ 2022 ਤੋਂ ਫਿਰ ਪਹਿਲਾਂ ਵਾਲੀਆਂ ਹੋ ਜਾਣਗੀਆਂ। ਇਹ ਸਿਰਫ ਲੋਕਾਂ ਦੀਆਂ ਵੋਟਾਂ ਲੈਣ ਲਈ ਹਨ।
ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਸਚੇਤ ਕਰਨਾ ਚਾਹੁੰਦਾ ਹਾਂ ਕਿ ਉਹ ਡਰਾਮੇਬਾਜ ਚੰਨੀ ਦੇ ਝਾਂਸੇ ਤੋਂ ਬਚਣ, ਤਾਂ ਜੋ ਇਹ ਆਪਣੀ ਨਿਕੰਮੀ ਸਰਕਾਰ ਦੇ ਸਾਢੇ ਚਾਰ ਸਾਲ ਦੇ ਦਾਗ ਲੁਕੋ ਨਾ ਸਕਣ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦਾ ਕੋਈ ਵਿਜਨ ਹੁੰਦਾ ਤਾਂ ਛੱਤੀਗੜ੍ਹ ਜਾਂ ਮਹਾਂਰਾਸ਼ਟਰ ਵਿਚ ਵੀ ਬਿਜਲੀ ਦੀਆਂ ਦਰਾਂ ਘਟਾਈਆਂ ਜਾਂਦੀਆਂ, ਪਰ ਉੱਥੇ ਅਜਿਹਾ ਨਹੀਂ ਹੋਵੇਗਾ, ਕਿਉਂ ਕਿ ਉੱਥੇ ਵੋਟਾਂ ਨਹੀਂ ਹਨ। ਸਾਢੇ ਚਾਰ ਸਾਲ ਇਕ ਨਿਕੰਮੀ ਸਰਕਾਰ ਚਲਾਉਣ ਤੋਂ ਬਾਅਦ ਲੋਕਾਂ ਨੇ ਇਹ ਬਦਲਣ ਦਾ ਹੁਣ ਮਨ ਬਣਾ ਲਿਆ ਹੈ। ਲੋਕਾਂ ਦਾ ਫੈਸਲਾ ਹੋ ਚੁੱਕਾ ਹੈ ਤੇ ਕਾਂਗਰਸ ਦਾ ਇਹ ਜਹਾਜ ਡੁੱਬਣ ਤੋਂ ਚੰਨੀ ਨਹੀਂ ਬਚਾ ਸਕਣਗੇ।
ਉਨ੍ਹਾਂ ਕਿਹਾ ਕਿ ਚੰਨੀ ਰੋਜ ਹੀ ਕਈ-ਕਈ ਕੈਮਰੇ ਲੈ ਕੇ ਕਿਤੇ ਨਾ ਕਿਤੇ ਪਹੁੰਚ ਜਾਂਦੇ ਹਨ। ਕਿਤੇ ਗੱਡੀ ਰੋਕ ਕੇ ਫੋਟੋ ਕਰਵਾ ਲੈਂਦੇ ਹਨ, ਕਿਤੇ ਸ਼ਗਨ ਦੇ ਕੇ ਭੰਗੜਾ ਪਾ ਕੇ ਫੋਟੋਆਂ ਕਰਵਾ ਕੇ ਲੋਕਾਂ ਦੇ ਖਾਸ ਬਣਨ ਦੇ ਡਰਾਮੇ ਕਰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਉੱਤੇ ਤਿੰਨ ਲੱਖ ਕਰੋੜ ਦਾ ਕਰਜਾ ਹੈ। ਕਾਂਗਰਸ ਪਾਰਟੀ ਇਹ ਡਰਾਮੇ ਬੰਦ ਬਿਨਾਂ ਦੇਰੀ ਬੰਦ ਕਰ ਦੇਵੇ। ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਲੋਕਾਂ ਨੂੰ ਬੇਵਕੂਫ ਨਾ ਬਣਾਓ। ਉਨ੍ਹਾਂ ਕਿਹਾ ਕਿ ਮੈਂ ਚੈਲੰਜ ਕਰਦਾ ਕਿ ਜਿਥੇ ਵੀ ਤੁਹਾਡੀਆਂ ਸਰਕਾਰਾਂ ਹਨ, ਉੱਥੇ ਬਿਜਲੀ ਸਸਤੀ ਕਰੋ। ਜੇਕਰ ਵੋਟਾਂ ਤੁਹਾਡਾ ਮਕਸਦ ਨਹੀਂ ਤਾਂ ਇਹ ਕਰਕੇ ਦਿਖਾਓ।
ਚੱਢਾ ਨੇ ਕਿਹਾ ਕਿ ਪਹਿਲਾਂ ਤੁਹਾਡੇ ਮੁੱਖ ਮੰਤਰੀ ਨੇ ਸਹੁੰ ਖਾਧੀ ਕਿ ਸਰਕਾਰੀ ਨੌਕਰੀਆਂ ਦੇਣਗੇ, ਜਿਸ ਨਾਲ ਮੁਹਿੰਮ ਵਿੱਚ ਫੋਟੋ ਖਿਚਵਾਈ ਉਹ ਬੰਦਾ ਵੀ ਬੇਰੁਜ਼ਗਾਰ ਹੈ। ਉਨ੍ਹਾਂ ਕਿਹਾ ਕਿ 31 ਮਾਰਚ 2022 ਤੱਕ ਇਹ ਸਾਰੇ ਡਰਾਮੇ ਸਾਹਮਣੇ ਆ ਜਾਣਗੇ ਤੇ ਸਸਤੀ ਬਿਜਲੀ ਫਿਰ ਪਹਿਲਾਂ ਵਾਂਗ ਹੋ ਜਾਵੇਗੀ।
ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੂੰ 24 ਘੰਟੇ 7 ਦਿਨ ਬਿਜਲੀ ਦੇਣ ਦਾ ਵਾਅਦਾ ਜੇ ਕੋਈ ਪੁਗਾ ਸਕਦਾ ਹੈ, ਉਹ ਹੈ ਅਰਵਿੰਦ ਕੇਜਰੀਵਾਲ। ਦਿੱਲੀ ਵਿਚ ਵੀ ਬਿਜਲੀ ਕੱਟ ਲੱਗਦੇ ਸਨ, ਪਰ ਹੁਣ ਸੱਤ ਦਿਨ 24 ਘੰਟੇ ਬਿਜਲੀ ਆਉਂਦੀ ਹੈ।