Punjab

ਪੱਤਰਕਾਰ ਤੱਗੜ ਦੇ ਹੱਕ ’ਚ ਉੱਤਰੇ ਡਾ. ਧਰਮਵੀਰ ਗਾਂਧੀ! ਪੰਜਾਬ ਸਰਕਾਰ ਤੇ ਪੁਲਿਸ ਨੂੰ ਕੀਤੀ ਸਖ਼ਤ ਤਾੜਨਾ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ) – ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸਾਂਸਦ ਚੁਣੇ ਗਏ ਡਾ. ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਉਹ ਬਟਾਲਾ ਦੇ ਪੰਜਾਬ ਦਸਤਾਵੇਜ਼ ਚੈਨਲ ਦੇ ਖੋਜੀ ਪੱਤਰਕਾਰ ਰਾਜਿੰਦਰ ਸਿੰਘ ਤੱਗੜ ਨੂੰ ਕਥਿਤ ਤੌਰ ’ਤੇ ਝੂਠੇ ਕੇਸ ਵਿੱਚ ਫਸਾਉਣ ਦੀਆਂ ਕੋਸ਼ਿਸ਼ਾਂ ਬੰਦ ਕਰਨ, ਨਹੀਂ ਤਾਂ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ।

ਡਾ. ਗਾਂਧੀ ਨੇ ਆਪਣੇ ਐਕਸ ਹੈਂਡਲ ਤੋਂ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਤੱਗੜ ਵਰਗੇ ਖੋਜੀ ਪੱਤਰਕਾਰ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਕਾਰਵਾਈ ਬਹੁਤ ਨਿੰਦਣਯੋਗ ਹੈ। ਰਾਜਿੰਦਰ ਸਿੰਘ ਤੱਗੜ ਨੇ ਪਿਛਲੇ ਇੱਕ ਸਾਲ ਦੌਰਾਨ ਅਮਦੂਰ ਬਾਗ਼ ਸਕੈਮ, ਭਰਤੀ ਸਕੈਮ ਤੇ ਮੁਹਾਲੀ ਵਿੱਚ ਹੋਰ ਬਹੁਤ ਸਾਰੇ ਮਹੱਤਵਪੂਰਨ ਮਸਲਿਆਂ ਤੋਂ ਪਰਦਾ ਚੁੱਕਿਆ ਹੈ। ਆਪਣੀ ਖੋਜੀ ਪੱਤਰਕਾਰੀ ਰਾਹੀਂ ਉਨ੍ਹਾਂ ਇਹੋ ਜਿਹੇ ਜ਼ਰੂਰੀ ਮਸਲੇ ਜਨਤਾ ਸਾਹਮਣੇ ਲਿਆਂਦੇ ਜੋ ਕਿ ਬਹੁਤ ਸਲਾਹੁਣਯੋਗ ਕਾਰਵਾਈ ਹੈ। ਪਰ ਪੰਜਾਬ ਸਰਕਾਰ ਉਨ੍ਹਾਂ ਖ਼ਿਲਾਫ਼ ਬਦਲਾਖੋਰੂ ਕਾਰਵਾਈਆਂ ਕਰ ਰਹੀ ਹੈ ਜੋ ਬੇਹੱਦ ਨਿੰਦਰਯੋਗ ਹੈ।

ਉਨ੍ਹਾਂ ਮੁਹਾਲੀ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਪੱਤਰਕਾਰ ਰਾਜਿੰਦਰ ਸਿੰਘ ਤੱਗੜ ਦੀ ਸ਼ਾਨਦਾਰ ਪੱਤਰਕਾਰੀ ਨੂੰ ਨਕਾਰ ਕੇ ਜੋ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਨੂੰ ਤੁਰੰਤ ਬੰਦ ਕੀਤਾ ਜਾਵੇ। ਡਾ. ਗਾਂਧੀ ਨੇ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਤੱਗੜ ਖ਼ਿਲਾਫ਼ ਪੁਲਿਸ ਕਾਰਵਾਈਆਂ ਮਹਿਜ਼ ਉਨ੍ਹਾਂ ਨੂੰ ਸਬਕ ਸਿਖਾਉਣ ਵਾਸਤੇ ਕੀਤੀਆਂ ਜਾ ਰਹੀਆਂ ਹਨ।

ਡਾ. ਗਾਂਧੀ ਨੇ ਇਲਜ਼ਾਮ ਲਾਇਆ ਹੈ ਕਿ ਪ੍ਰਸ਼ਾਸਨ ਘਪਲਿਆਂ ਦੇ ਦੋਸ਼ੀਆਂ ਨੂੰ ਬਚਾਉਣ ਖ਼ਾਤਰ ਪੱਤਰਕਾਰ ’ਤੇ ਝੂਠੀਆਂ ਕਾਰਵਾਈਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ਤੱਗੜ ਖ਼ਿਲਾਫ਼ ਚੱਲ ਰਹੀਆਂ ਸਾਰੀਆਂ ਕਾਰਵਾਈਆਂ ਤੁਰੰਤ ਰੱਦ ਕਰਕੇ ਉਨ੍ਹਾਂ ਦੀ ਪੱਤਰਕਾਰੀ ਦੀ ਆਜ਼ਾਦੀ ਬਹਾਲ ਕੀਤੀ ਜਾਵੇ ਜੋ ਕਿ ਜਮਹੂਰੀਅਤ, ਪੰਜਾਬ ਤੇ ਭ੍ਰਿਸ਼ਟਾਚਾਰ ਵਾਸਤੇ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ – ਸੁਖਪਾਲ ਖਹਿਰਾ ਨੇ ਕੀਤਾ ਟਵੀਟ, ਇਸ ਮਾਮਲੇ ਨੂੰ ਲੈ ਕੇ PM ਮੋਦੀ ਅਤੇ ਰਵਨੀਤ ਬਿੱਟੂ ‘ਤੇ ਚੁੱਕੇ ਸਵਾਲ