Punjab

ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਸਵਾਲ

‘ਦ ਖਾਲਸ ਬਿਊਰੋ:ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦੇ ਹੋਏ ਉਹਨਾਂ ਨੂੰ  ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।

ਅੱਜ ਸਿੱਧੂ ਦੇ ਨਾਂ ‘ਤੇ ਬਣੀ ਸੜਕ ਦਾ ਉਦਘਾਟਨ ਕਰਦੇ ਹੋਏ ਉਸ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਸਰਕਾਰ  ਨੇ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਆ ਵਿੱਚ ਗੰਭੀਰ ਕੁਤਾਹੀ ਵਰਤੀ ਹੈ,ਜਿਸ ਕਾਰਨ ਉਸ ਦੀ ਜਾਨ ਗਈ ਹੈ ।

ਰੰਧਾਵਾ ਨੇ ਮੂਸੇਵਾਲਾ ਦੇ ਕਤਲ ਦੀ ਜਾਂਚ ਦੀ ਸੁਸਤ ਰਫ਼ਤਾਰ ’ਤੇ ਵੀ ਪੂਰੀ ਤਰ੍ਹਾਂ ਅਸੰਤੁਸ਼ਟੀ ਪ੍ਰਗਟਾਈ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਦੀ ਜਾਂਚ ਪੂਰੀ ਤਰ੍ਹਾਂ ਸੁਰਾਗ ਹੀਣ ਜਾਪਦੀ ਹੈ ਅਤੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ‘ਤੇ ਹੀ ਨਿਰਭਰ ਹੈ।

ਬਲਕੌਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਜੋ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਵੀ ਜਾਰੀ ਰਹੀਆਂ। ਪਰ ਮਾਨ ਸਰਕਾਰ ਨੇ ਉਸਦੀ ਸੁਰੱਖਿਆ ਵਧਾਉਣ ਦੀ ਬਜਾਏ, ਉਸਨੂੰ ਘਟਾ ਦਿੱਤਾ ਅਤੇ ਉਨ੍ਹਾਂ ਦੇ ਪੁੱਤਰ ਨੂੰ ਅਪਰਾਧੀਆਂ ਦੁਆਰਾ ਨਿਸ਼ਾਨਾ ਬਣਾਉਣ ਲਈ ਪੇਸ਼ ਕੀਤਾ, ਜਿਸ ਕਾਰਨ 29 ਮਈ ਨੂੰ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਰੰਧਾਵਾ ਨੇ ਬਲਕੌਰ ਸਿੰਘ ਦੇ ਇਹਨਾਂ ਦੋਸ਼ਾਂ ਦਾ ਸਮਰਥਨ ਕੀਤਾ ਹੈ ਤੇ  ਮੂਸੇਵਾਲਾ ਦੀ ਸੁਰੱਖਿਆ ਨੂੰ ਘੱਟ ਕਰਨ ਦਾ ਫੈਸਲਾ ਕਰਨ ਵਾਲਿਆਂ ਲਈ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ।  ਉਨ੍ਹਾਂ ਨੇ ਇਸਨੂੰ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੀ ਵੱਡੀ ਨਾਕਾਮੀ ਦੱਸਿਆ ਹੈ।

ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਹਮਲਾਵਰ ਉਨ੍ਹਾਂ ਦੇ ਪਿੰਡ ਦੇ ਅੰਦਰ ਪਹੁੰਚ ਕੇ ਸਿੱਧੂ ਦੇ ਘਰ ਦੀ ਰੇਕੀ ਕਰ ਰਹੇ ਸਨ ਤੇ ਮਾਨ ਸਰਕਾਰ ਨੇ ਵੀ ਉਸੇ ਸਮੇਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਰੰਧਾਵਾ ਨੇ ਸਵਾਲ ਖੜਾ ਕੀਤਾ ਹੈ ਕਿ ਖੁਫੀਆ ਏਜੰਸੀਆਂ ਨੂੰ ਇੰਨੇ ਗੰਭੀਰ ਖਤਰੇ ਬਾਰੇ ਪਤਾ ਕਿਉਂ ਨਹੀਂ ਲੱਗਾ? ਹੋ ਸਕਦਾ ਹੈ ਕਿ  ਹਮਲਾਵਰ ਪਹਿਲਾਂ ਤੋਂ ਹੀ ਕਤਲ ਦੀ ਸਾਜ਼ਿਸ਼ ਰਚ ਰਹੇ ਹੋਣ ਪਰ ਫਿਰ ਵੀ ਸੂਬਾ ਪੁਲਿਸ ਮਰਹੂਮ ਗਾਇਕ ਨੂੰ ਅਸਲ ਖ਼ਤਰੇ ਦਾ ਪਤਾ ਨਹੀਂ ਲਗਾ ਸਕੀ।  ਜੇਕਰ ਸੂਬਾ ਪੁਲਿਸ ਜ਼ਿੰਮੇਵਾਰੀ ਨਾਲ ਕੰਮ ਕਰਦੀ, ਤਾਂ ਉਸ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਸੀ।