ਚੰਡੀਗੜ੍ਹ : ਲੰਘੇ ਕੱਲ੍ਹ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਬ੍ਰਿਟੇਨ ਨਹੀਂ ਜਾਣ ਦਿੱਤਾ ਗਿਆ। ਕਿਰਨਦੀਪ ਕੌਰ ਨੂੰ ਲੰਮੀ ਪੁਛਗਿੱਛ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਤੋਂ ਵਾਪਸ ਪਿੰਡ ਭੇਜ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਸਰਨਾ ਨੇ ਕਿਹਾ ਕਿ ਜੋ ਭਾਈ ਅਮ੍ਰਿੰਤਪਾਲ ਸਿੰਘ ਦੀ ਸਿੰਘਣੀ ਬੀਬੀ ਕਿਰਨਦੀਪ ਕੌਰ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਏਅਰਪੋਰਟ ਤੇ ਗੈਰ ਕਾਨੂੰਨੀ ਤਰੀਕੇ ਨਾਲ ਰੋਕਿਆ ਗਿਆ ਹੈ , ਇਹ ਬਹੁਤ ਮੰਦਭਾਗੀ ਤੇ ਪੰਥ ਅਤੇ ਪੰਜਾਬ ਨੂੰ ਵੰਗਾਰਨ ਵਾਲੀ ਗੱਲ ਹੈ। ਕਿਉਂਕੇ ਜਦੋਂ ਤੋਂ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਉਤੇ ਕਾਰਵਾਈ ਆਰੰਭੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਉਦੋਂ ਤੋਂ ਕਈ ਵਾਰ ਪੁਲਿਸ ਇਸ ਬੱਚੀ ਤੋਂ ਸੁਆਲ ਜੁਆਬ ਕਰਕੇ ਜਾਂਚ ਕਰ ਚੁੱਕੀ ਹੈ ਪਰ ਸਰਕਾਰ ਨੂੰ ਇਹਨਾਂ ਤੋਂ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਸਾਬਤ ਨਹੀਂ ਹੋਈ।
ਉਨ੍ਹਾਂ ਨੇ ਕਿਹਾ ਕਿ ਕਦੇ ਗੁਰੂ ਪੰਥ ਸਾਰੇ ਦੇਸ਼ ਦੀਆਂ ਧੀਆਂ ਭੈਣਾਂ ਨੂੰ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਵਰਗੇ ਜਰਵਾਣਿਆਂ ਦੇ ਚੁੰਗਲ ਤੋਂ ਛੁਡਵਾ ਕਿ ਬਾਇੱਜ਼ਤ ਘਰੋਂ ਘਰੀ ਪਹੁੰਚਾਉਂਦਾ ਰਿਹਾ ਹੈ, ਅੱਜ ਉਸ ਪੰਥ ਦੀਆਂ ਧੀਆਂ ਨੂੰ ਜਲੀਲ ਕਰਨ ਵਾਲੇ ਅੱਜ ਦੇ ਜ਼ਕਰੀਆ ਖਾਨ ਨੂੰ ਸਿੱਖ ਕੌਮ ਕਦੇ ਨਹੀਂ ਭੁਲੇਗੀ।
ਸਰਨਾ ਨੇ ਕਿਹਾ ਕਿ ਅੱਜ ਭਗਵੰਤ ਮਾਨ ਦੀ ਇਹ ਕਾਲੀ ਕਰਤੂਤ ਸਿੱਖਾਂ ਦੇ ਦਿਲਾਂ ਤੇ ਉਕਰ ਗਈ ਹੈ, ਜਿੰਨਾਂ ਪੰਜਾਬ ਦੇ ਲੋਕਾਂ ਨੇ ਆਪਣੀਆਂ ਵੋਟਾਂ ਰਾਹੀਂ ਇਸ ਝਾੜੂ ਮਾਰਕਾ ਸਰਕਾਰ ਨੂੰ ਚੁਣਿਆ ਸੀ, ਉਹੀ ਪੰਜਾਬ ਦੇ ਲੋਕ ਇਸ ਜ਼ਾਲਮ ਤੇ ਬੇਕਿਰਕੀ ਭਗਵੰਤ ਮਾਨ ਸਰਕਾਰ ਨੂੰ ਜੜਾਂ ਤੋਂ ਪੁੱਟਣ ਲਈ ਤਿਆਰ ਹਨ, ਜਿਸਦੀ ਸ਼ੁਰੂਆਤ ਜਲੰਧਰ ਦੀ ਜਿਮਨੀ ਚੋਣ ਤੋਂ ਹੋਣ ਦੇ ਸਿਆਸੀ ਮਾਹਰਾਂ ਵੱਲੋਂ ਕੀਤੇ ਜਾ ਰਹੇ ਹਨ।
ਸਰਨਾ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ ਪੰਥ ਦੀ ਧੀ ਹੈ। ਪੰਥ ਆਪਣੀ ਧੀ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਣ ਦੇਵੇਗਾ। ਭਗਵੰਤ ਮਾਨ ਸਰਕਾਰ ਨੂੰ ਸੱਤਾ ਦੇ ਗ਼ਰੂਰ ‘ਚ ਏਨਾ ਨਹੀਂ ਗਿਰਨਾ ਚਾਹੀਦਾ ਕਿ ਉਸਨੂੰ ਸਾਡੀ ਤਹਿਜ਼ੀਬ ਵੀ ਯਾਦ ਨਾ ਰਹੇ। ਸਾਡੇ ਸਮਾਜ ਵਿੱਚ ਹਰ ਧੀ ਭੈਣ ਨੂੰ ਆਪਣੀ ਸਮਝਿਆ ਜਾਂਦਾ ਹੈ ਪਰ ਮੌਜੂਦਾ ਹਾਕਮ ਸੱਤਾ ਦੇ ਨਸ਼ੇ ‘ਚ ਚੂਰ ਹੁੰਦਿਆਂ ਆਪਣੇ ਸਾਰੇ ਹੱਦ ਬੰਨੇ ਟੱਪ ਰਹੇ ਹਨ। ਪੰਜਾਬ ਦੇ ਲੋਕ ਇਹੋ ਜਿਹੀਆਂ ਹੋਛੀਆਂ ਕਾਰਵਾਈਆਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ ਅਤੇ ਸਬਕ ਸਿਖਾਉਣਗੇ ਭਗਵੰਤ ਮਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਰਾਜ ਭਾਗ ਸਦਾ ਨਹੀਂ ਰਹਿੰਦੇ ਉਹ ਸਿਆਸੀ ਰੋਟੀਆਂ ਸੇਕਣ ਲਈ ਏਨਾ ਵੀ ਨਾ ਡਿੱਗੇ ਕਿ ਮੁੜ ਲੋਕਾਂ ‘ਚ ਜਾਣ ਜੋਗਾ ਵੀ ਨਾ ਰਹੇ ਕਿਉਂਕੇ ਅੱਤ ਨਾਲ ਖੁਦਾ ਦਾ ਵੈਰ ਹੁੰਦਾ ਹੈ।
ਦੂਜੇ ਪਾਸੇ ਕਾਂਗਰਸ ਦੀ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਮਾਮਲੇ ਨੂੰ ਲੈ ਕੇ ਮਾਨ ਸਰਕਾਰ ‘ਤੇ ਤੰਜ ਕੱਸਿਆ ਹੈ। ਫਿਲੌਰ ਵਿੱਚ ਜਲੰਧਰ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇਹੱਕ ਵਿੱਚ ਚੌਣ ਪ੍ਰਚਾਰ ਕਰਦਿਆਂ ਚੰਨੀ ਨੇ ਕਿਹਾ “ਅੱਜ ਏਅਰਪੋਰਟ ਤੇ ਅੰਮ੍ਰਿਤਪਾਲ ਦੀ ਪਤਨੀ ਨੂੰ ਰੋਕ ਕੇ ਵਾਪਿਸ ਭੇਜ ਦਿੱਤਾ, ਉਸਨੇ ਆਪਣੇ ਘਰਦਿਆਂ ਨੂੰ ਮਿਲਣ ਜਾਣਾ ਸੀ। ਚੰਨੀ ਨੇ ਕਿਹਾ ਕਿ ਉਹ ਇਕ ਮਹੀਨੇ ਤੋਂ ਘਰ ਸੀ, ਜੇ ਕੋਈ ਗੱਲ ਸੀ ਤਾਂ ਉਸਨੇ ਫੜ੍ਹ ਲੈਂਦੇ, ਹੁਣ ਕਿਉਂ ਵਾਪਿਸ ਮੋੜੀ ਹੈ।
ਉਨਾਂ ਨੇ ਕਿਹਾ ਕਿ ‘ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਬੰਦਿਆਂ ਦੀ ਲੜਾਈ ਹੈ ਤੇ ਬੰਦਿਆਂ ਵਾਂਗੂ ਲੜ ਲੋ, ਉਸਦੀ ਘਰਵਾਲੀ ਨੂੰ ਕਿਸ ਵਾਸਤੇ ਤੰਗ ਕਰਦੇ ਹੋ, ਉਸਦਾ ਕਿਆ ਕਸੂਰ ਹੈ ਵਿਚਾਰੀ ਦਾ, ਉਹ ਤਾਂ ਬਾਹਰ ਦੀ ਸੀ, ਵਿਆਹ ਕਰਵਾਉਣਾ ਹੀ ਕਸੂਰ ਹੋ ਗਿਆ। ਸਾਨੂੰ ਸੱਚ ਨਾਲ ਖੜਨਾ ਪਏਗਾ ਤੇ ਸੱਚ ਬੋਲਣਾ ਪਏਗਾ।’
ਦੱਸ ਦਈਏ ਕਿ ਕੱਲ ਕਿਰਨਦੀਪ ਕੌਰ 11:30 ਵਜੇ ਯੂਕੇ ਜਾਣ ਲਈ ਏਅਰਪੋਰਟ ਉੱਤੇ ਆਈ ਸੀ ਅਤੇ ਦੁਪਹਿਰ 2:30 ਵਜੇ ਫਲਾਇਟ ਵਿੱਚ ਯੂਕੇ ਜਾਣਾ ਸੀ। ਕਿਰਨਦੀਪ ਨੂੰ ਯੂਕੇ ਨਹੀਂ ਜਾਣ ਦਿੱਤਾ ਗਿਆ ਅਤੇ ਵਾਪਸ ਪਿੰਡ ਭੇਜ ਦਿੱਤਾ ਗਿਆ ਸੀ।
ਪੁਲਿਸ ਨੇ ਸਾਫ ਕੀਤਾ ਹੈ ਕਿ ਕਿਰਨਦੀਪ ਕੌਰ ਨੂੰ ਡਿਟੇਨ ਨਹੀਂ ਕੀਤਾ ਗਿਆ ਸੀ। ਸਿਰਫ ਇਮੀਗਰੇਸ਼ਨ ਵਿਭਾਗ ਵੱਲੋਂ ਪੁੱਛਪੜਤਾਲ ਕੀਤੀ ਗਈ। ਉਨ੍ਹਾਂ ਦੀ ਢਾਈ ਵਜੇ ਦੀ ਬਰਮਿੰਘਮ ਦੀ ਫਲਇਟ ਸੀ ਪਰ ਉਨ੍ਹਾਂ ਨੂੰ ਬੋਰਡਿੰਗ ਨਹੀਂ ਕੀਤਾ ਗਿਆ।