International

Fifa World Cup ਵਿੱਚ ਮਹਿਮਾਨ ਨਿਵਾਜੀ ਨਾਲ ਦਿਲ ਜਿੱਤਣ ਤੋਂ ਬਾਅਦ ਕਤਰ ਨੇ ਇੱਕ ਵਾਰ ਫਿਰ ਦਿਖਾਈ ਦਰਿਆਦਿਲੀ

ਕਤਰ : ਖਾੜੀ ਦੇਸ਼ ਕਤਰ ਨੇ ਫੀਫਾ ਵਿਸ਼ਵ ਕੱਪ ਵਿੱਚ ਆਪਣੀ ਮਹਿਮਾਨ ਨਿਵਾਜ਼ੀ ਨਾਲ ਸਾਰੀ ਦੁਨੀਆ ਤੋਂ ਆਉਣ ਵਾਲੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਇਸ ਸ਼ਾਨਦਾਰ ਖੇਡ ਸਮਾਰੋਹ ਨੂੰ ਆਯੋਜਿਤ ਕਰਨ ਤੋਂ ਬਾਅਦ ਕਤਰ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਕਤਰ ਨੇ ਲਿਬਨਾਨ ਵਿੱਚ ਚੱਲ ਰਹੇ  ਸੰਕਟ ਵਿੱਚ ਮਦਦ ਕਰਨ ਲਈ, ਫੀਫਾ ਫੁਟਬਾਲ ਵਿਸ਼ਵ ਕੱਪ ਦੌਰਾਨ ਦਰਸ਼ਕਾਂ ਦੀ ਆਵਾਜਾਈ ਲਈ ਵਰਤੀਆਂ ਜਾਣ ਵਾਲੀਆਂ ਬੱਸਾਂ ਉਥੇ ਭੇਜਣ ਦੀ ਯੋਜਨਾ ਬਣਾਈ ਹੈ।

ਲਿਬਨਾਨੀ ਸਰਕਾਰ ਦੇ ਮੰਤਰੀ, ਅਲੀ ਹਮੀਯੇਹ ਦੁਆਰਾ ਨਿਊਜ਼ ਵੈੱਬਸਾਈਟ ਅਲ-ਜਦੀਦ  ਨੂੰ ਦਿੱਤੇ ਗਏ ਬਿਆਨਾਂ ਦੇ ਅਨੁਸਾਰ, “ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੇ ਕਤਰ ਦੇ ਆਪਣੇ ਹਾਲੀਆ ਦੌਰੇ ਦੌਰਾਨ ਕਤਰ ਦੇ ਅਧਿਕਾਰੀਆਂ ਨੂੰ ਗ੍ਰਾਂਟ ਦੇਣ ਲਈ ਕਿਹਾ ਸੀ,ਜਿਸ ਦਾ ਕਤਰ ਸਰਕਾਰ ਨੇ ਸਕਾਰਾਤਾਮਕ ਜਵਾਬ ਦਿੱਤਾ ਹੈ ।”  ਹੁਣ ਉਹ ਬੱਸਾਂ,ਜੋ ਕਿ ਕਤਰ ਵਿਸ਼ਵ ਕੱਪ ਦੌਰਾਨ ਦਰਸ਼ਕਾਂ ਤੇ ਯਾਤਰੀਆਂ ਨੂੰ ਲਿਜਾਉਣ ਵਾਸਤੇ ਖਰੀਦੀਆਂ ਗਈਆਂ ਸੀ,ਹੁਣ ਲਿਬਨਾਨ ਨੂੰ ਦਾਨ ਕਰ ਦਿੱਤੀਆਂ ਜਾਣਗੀਆਂ ।

ਮੰਤਰੀ ਹਮੀਯਾਹ ਨੇ ਕਿਹਾ ਕਿ ਮਿਕਾਤੀ ਦੇ ਪ੍ਰਸਤਾਵ ‘ਤੇ ਕਤਰ ਦੀ ਪ੍ਰਤੀਕਿਰਿਆ ਸਕਾਰਾਤਮਕ ਸੀ। ਇਹ ਪ੍ਰਸਤਾਵ ਮੌਜੂਦਾ ਚੁਣੌਤੀਆਂ ਦੇ ਮੱਦੇਨਜ਼ਰ ਬਣਾਇਆ ਗਿਆ ਸੀ,ਜਿਹਨਾਂ ਦਾ ਸਾਹਮਣਾ ਲਿਬਨਾਨ ਇਸ ਵਕਤ ਕਰ ਰਿਹਾ ਹੈ ਤੇ ਉਥੇ ਇਸ ਵੇਲੇ ਜਨਤਕ ਆਵਾਜਾਈ ਦੇ ਵਿਕਲਪਾਂ ਨੂੰ ਬਿਹਤਰ ਬਣਾਉਣ ਦੀ ਲੋੜ ਹੈ।

ਸਟੇਡੀਅਮ ਦੀਆਂ ਹਜ਼ਾਰਾਂ ਸੀਟਾਂ, ਬੱਸਾਂ ਅਤੇ ਇੱਥੋਂ ਤੱਕ ਕਿ ਪੂਰੇ ਫੁੱਟਬਾਲ ਸਟੇਡੀਅਮ ਵੀ ਦਾਨ ਕੀਤੇ ਜਾਣਗੇ। ਕਤਰ ਕੋਲ ਪਹਿਲਾਂ ਤੋਂ ਹੀ 1,000 ਬੱਸਾਂ ਹਨ,ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਪ੍ਰਸ਼ੰਸਕਾਂ ਨੂੰ ਮੁਫਤ ਲਿਜਾਣ ਲਈ ਕਤਰ ਨੇ ਲਗਭਗ 3,000 ਹੋਰ ਬੱਸਾਂ ਵੀ ਖਰੀਦੀਆਂ ਸਨ।

ਕਤਰ ਦੇ ਇੱਕ ਪ੍ਰਮੁਖ ਖ਼ਬਰ ਏਜੰਸੀ ਨੇ ਵੀ ਇੱਕ ਟਵੀਟ ਰਾਹੀਂ ਇਹ ਦਾਅਵਾ ਕੀਤਾ ਹੈ ਕਿ ਦੇਸ਼ 2022 ਦੀ ਵਿਰਾਸਤ ਦੇ ਹਿੱਸੇ ਵਜੋਂ,  ਕਈ ਦੇਸ਼ਾਂ ਨੂੰ ਕੁਝ ਵਿਸ਼ਵ ਕੱਪ-ਸਬੰਧਤ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ, ਖਾਸ ਤੌਰ ‘ਤੇ ਜਿਹੜੇ ਮੁਸ਼ਕਲ ਆਰਥਿਕ ਸਥਿਤੀਆਂ ਨਾਲ ਜੂਝ ਰਹੇ ਹਨ। ਇਸ ਵਿੱਚ ਸਟੇਡੀਅਮ ਦੀਆਂ ਹਜ਼ਾਰਾਂ ਸੀਟਾਂ, ਪੂਰੇ ਫੁੱਟਬਾਲ ਸਟੇਡੀਅਮ ਅਤੇ ਬੱਸਾਂ ਸ਼ਾਮਲ ਹਨ।