International Punjab

13,595 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪੰਜਾਬੀ ਨੇ ਇਮਾਨਦਾਰੀ ਦੀ ਮਿਸਾਲ ਕੀਤਾ ਕਾਇਮ !

punjabi boy return wallet which lost in america

ਬਟਾਲਾ : ਕਹਿੰਦੇ ਨੇ ਇਮਾਨਦਾਰ ਸ਼ਖ਼ਸ ਦਾ ਮੰਨ ਲਾਲਚ ਤੋਂ ਬੇਪਰਵਾ ਹੁੰਦਾ ਹੈ ਅਤੇ ਨੋਟਾਂ ਦੀ ਚਮਕ ਉਸ ਨੂੰ ਬਦਲ ਨਹੀਂ ਸਕਦੀ ਹੈ । ਗੱਲ ਕਰੀਏ ਪੰਜਾਬੀਆਂ ਦੀ ਤਾਂ ਵਿਦੇਸ਼ ਦੀ ਧਰਤੀ ‘ਤੇ ਮਿਹਨਤ ਨੇ ਉਨ੍ਹਾਂ ਨੂੰ ਹੋਰ ਇਮਾਨਦਾਰ ਬਣਾ ਦਿੱਤਾ ਹੈ । ਅਜਿਹਾ ਹੀ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। 6 ਮਹੀਨੇ ਪਹਿਲਾਂ ਅਮਰੀਕਾ ਦੇ ਲਾਸ ਐਂਜੀਲੈਸ ਸ਼ਹਿਰ (Los angeles) ਆਪਣੀ ਧੀ ਦੇ ਘਰ ਗਏ ਡਾ.ਸਤਨਾਮ ਸਿੰਘ ਨਿੱਝਰ ਦਾ ਪਰਸ ਡਿੱਗ ਗਿਆ ਸੀ,ਉਸ ਵਿੱਚ ਜ਼ਰੂਰੀ ਦਸਤਾਵੇਜ਼ ਅਤੇ ਕੈਸ਼ ਸੀ। ਡਾ. ਨਿੱਝਰ ਨੇ ਲਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਮਿਲਿਆ । ਹੁਣ ਜਦੋਂ 6 ਮਹੀਨੇ ਬਾਅਦ ਉਹ ਆਪਣੇ ਬਟਾਲਾ ਵਾਲੇ ਘਰ ਵਿੱਚ ਸਨ ਤਾਂ ਇੱਕ ਸ਼ਖ਼ਸ ਉਨ੍ਹਾਂ ਦਾ ਪਰਸ ਲੈਕੇ ਆਇਆ ਖ਼ਾਸ ਗੱਲ ਇਹ ਸੀ ਕੀ ਸਾਰੇ ਦਸਤਾਵੇਜ਼ਾ ਦੇ ਨਾਲ 40 ਹਜ਼ਾਰ ਰੁਪਏ ਵੀ ਸੀ । ਪਰਸ ਦੇ 13,595 ਕਿਲੋਮੀਟਰ ਦੇ ਸਫਰ ਦੀ ਦਿਲਚਸਪ ਕਹਾਣੀ ਹੈ

ਸਰਬਜੀਤ ਸਿੰਘ ਦੇ ਹੱਥ ਲੱਗਿਆ ਸੀ ਪਰਸ

ਡਾ. ਸਤਨਾਮ ਸਿੰਘ ਨਿੱਚਰ ਜਦੋਂ ਫਰਵਰੀ ਵਿੱਚ ਲਾਸ ਐਂਜੀਲੈਸ ਸ਼ਹਿਰ ਵਿੱਚ ਸਨ ਤਾਂ ਸਵੇਰ ਦੀ ਸੈਰ ਕਰਦੇ ਵਕਤ ਉਨ੍ਹਾਂ ਦਾ ਪਰਸ ਹੇਠਾਂ ਡਿੱਗ ਗਿਆ ਸੀ। ਇੱਕ ਗੋਰੇ ਸ਼ਖ਼ਸ ਸਕੋਟ ਸਮਿਥ ( Scott.c.smith) ਨੂੰ ਪਰਸ ਡਿੱਗਿਆ ਹੋਇਆ ਮਿਲਿਆ। ਪਰਸ ਦੇ ਅੰਦਰ ਦਸਤਾਵੇਜ਼ਾਂ ਨੂੰ ਵੇਖਣ ਉਸ ਨੇ ਪਛਾਣ ਲਿਆ ਕਿ ਇਹ ਇੱਕ ਸਿੱਖ ਦਾ ਪਰਸ ਹੈ। ਉਸ ਨੇ ਨਜ਼ਦੀਕ ਨਾਰਥ ਵੈਰਮੋਟ ਗੁਰਦੁਆਰੇ ( Norht vermont Gurdwara) ਵਿੱਚ ਦੇ ਦਿੱਤਾ,ਗੁਰੂ ਘਰ ਦੇ ਗ੍ਰੰਥੀ ਸਰਬਜੀਤ ਨੇ ਹਰ ਰੋਜ਼ ਆਉਣ ਵਾਲੀ ਸੰਗਤਾਂ ਤੋਂ ਦਸਤਾਵੇਜ਼ ਨੂੰ ਵਿਖਾ ਕੇ ਪਰਸ ਦੇ ਮਾਲਿਕ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ । ਹੁਣ ਜਦੋਂ ਗ੍ਰੰਥੀ ਸਿੰਘ ਸਰਬਜੀਤ ਸਿੰਘ ਜਲੰਧਰ ਆਪਣੇ ਘਰ ਪਹੁੰਚਿਆ ਤਾਂ ਉਹ ਸਭ ਤੋਂ ਪਹਿਲਾਂ ਸਥਾਨਕ Income tax ਵਿਭਾਗ ਦੇ ਦਫ਼ਤਰ ਗਿਆ । ਡਾ.ਸਤਨਾਮ ਸਿੰਘ ਨਿੱਚਰ ਦੇ ਘਰ ਦਾ ਪਤਾ ਕਢਵਾਇਆ ਫਿਰ ਆਪਣੇ ਭਰਾ ਗੁਰਪ੍ਰੀਤ ਸਿੰਘ ਨੂੰ ਡਾ. ਨਿੱਝਰ ਦੇ ਘਰ ਪਰਸ ਵਾਪਸ ਕਰਨ ਲਈ ਭੇਜਿਆ। 6 ਮਹੀਨੇ ਪਹਿਲਾਂ ਗਵਾਚਿਆ ਹੋਇਆ ਪਰਸ ਮਿਲਣ ਤੋਂ ਬਾਅਦ ਡਾ.ਸਤਨਾਮ ਸਿੰਘ ਕਾਫੀ ਖੁਸ਼ ਹਨ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ।

ਡਾ. ਨਿੱਝਰ ਨੇ ਇਸ ਤਰ੍ਹਾਂ ਕੀਤਾ ਧੰਨਵਾਦ

ਅਮਰੀਕਾ ਵਿੱਚ ਦਸਤਾਵੇਜ਼ ਗਵਾਉਣ ਤੋਂ ਬਾਅਦ ਹਾਲਾਂਕਿ ਪੰਜਾਬ ਆਕੇ ਡਾ.ਨਿੱਝਰ ਨੇ ਨਵੇਂ ਦਸਤਾਵੇਜ਼ ਬਣਾ ਲਏ ਸਨ । ਪਰ ਜਦੋਂ ਉਨ੍ਹਾਂ ਦਾ ਪਰਸ ਗਵਾਚਿਆ ਸੀ ਤਾਂ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ । ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਕਿ ਉਹ ਅਕਸਰ ਪਰਿਵਾਰ ਨੂੰ ਕਹਿੰਦੇ ਹਨ ਕਿ ‘ਜੇਕਰ ਤੁਹਾਡੀ ਜਾਇਦਾਦ ਘੱਟ ਹੁੰਦੀ ਹੈ ਤਾਂ ਇੰਨਾਂ ਨੁਕਸਾਨ ਨਹੀਂ ਹੁੰਦਾ,ਜੇਕਰ ਸਿਹਤ ‘ਤੇ ਅਸਰ ਪੈਂਦਾ ਹੈ ਤਾਂ ਤੁਸੀਂ ਕੁਝ ਗਵਾਉਂਦੇ ਹੋ, ਪਰ ਜੇਕਰ ਤੁਸੀਂ ਆਪਣੇ ਦਸਤਾਵੇਜ਼ ਗਵਾਉਂਦੇ ਹੋ ਤਾਂ ਤੁਸੀਂ ਆਪਣਾ ਸਬ ਕੁਝ ਗਵਾ ਦਿੰਦੇ ਹੋ’। ਦਸਤਾਵੇਜ਼ ਮਿਲਣ ਤੋਂ ਬਾਅਦ ਡਾ. ਨਿੱਝਰ ਖੁਸ਼ ਹਨ ਅਤੇ ਉਨ੍ਹਾਂ ਨੇ ਪਰਸ ਵਾਪਸ ਕਰਨ ਪਹੁੰਚੇ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਭਰਾ ਸਰਬਜੀਤ ਦਾ ਧੰਨਵਾਦ ਕੀਤਾ ਅਤੇ ਫੋਟੋ ਵੀ ਖਿਚਵਾਈ ।