International

ਪੰਜਾਬੀ ਨੌਜਵਾਨ ਦੀ ਨਿਊਜ਼ੀਲੈਂਡ ‘ਚ ਭੇਦਭਰੀ ਹਾਲਤ ‘ਚ ਹੋਈ ਮੌਤ

‘ਦ ਖ਼ਾਲਸ ਬਿਊਰੋ ( ਨਿਊਜ਼ੀਲੈਂਡ ) :- ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌਤਾਂ ਦੇ ਸਿਲਸਿਲੇ ਵੱਧਦੇ ਹੀ ਜਾ ਰਹੇ ਹਨ। ਜਿਸ ਦੇ ਚਲਦਿਆਂ ਅੱਜ ਫਿਰ ਨਿਊਜ਼ੀਲੈਂਡ ‘ਚ ਇੱਕ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ (ਗਗਨ) ਦੀ ਮੌਤ ਦੀ ਦੁਖਦਾਈ ਖ਼ਬਰ ਆਈ ਹੈ। ਹਾਲਾਂਕਿ ਗਗਨਦੀਪ ਦੀ ਮੌਤ ਅਜੇ ਤੱਕ ਭੇਦਭਰੀ ਬਣੀ ਹੋਈ ਹੈ ਅਤੇ ਪੁਲਿਸ ਮ੍ਰਿਤਕ ਦੇ ਪਰਿਵਾਰ ਦਾ ਸਹਿਯੋਗ ਕਰ ਰਹੀ ਹੈ।

ਦੱਸਣਯੋਗ ਕਿ ਇਹ ਨੌਜਵਾਨ ਇੱਕ ਬਹੁਤ ਵਧੀਆ ਕਬੱਡੀ ਖਿਡਾਰੀ ਸੀ ਅਤੇ ਰੈਸਲਿੰਗ (65 ਕਿਲੋ ਵਰਗ) ਦਾ ਗੋਲਡ ਮੈਡਲਿਸਟ ਵੀ ਰਿਹਾ ਹੈ। ਇਸ ਨੌਜਵਾਨ ਦਾ ਜੱਦੀ ਪਿੰਡ ਖੁਰਦਾਂ (ਦਸੂਹਾ) ਜ਼ਿਲ੍ਹਾ ਹੁਸ਼ਿਆਰਪੁਰ ਸੀ। ਗਗਨਦੀਪ 2011 ‘ਚ ਨਿਊਜ਼ੀਲੈਂਡ ਪੜ੍ਹਨ ਆਇਆ ਸੀ, ਅਤੇ ਬਿਜ਼ਨਸ ਦਾ ਕੋਰਸ ਕੀਤਾ ਹੋਇਆ ਸੀ। ਇਸ ਵੇਲੇ ਉਹ ਚੰਗੀ ਮਿਹਨਤ ਅਤੇ ਨੌਕਰੀ ਕਰਕੇ ਦੇਸ਼ ਦਾ ਨਾਗਰਿਕ ਵੀ ਬਣ ਚੁੱਕਾ ਸੀ। ਪਿੱਛੇ ਪਰਿਵਾਰ ਦੇ ਵਿੱਚ ਇਸਦੇ ਸਤਿਕਾਰਯੋਗ ਪਿਤਾ ਸ. ਕਸ਼ਮੀਰ ਸਿੰਘ-ਮਾਤਾ ਜੋਗਿੰਦਰ ਕੌਰ, ਦਾਦਾ ਸ. ਕਿਸ਼ਨ ਸਿੰਘ ਤੇ ਦਾਦੀ ਸ੍ਰੀਮਤੀ ਦਰਸ਼ਨ ਕੌਰ ਹਨ, ਜਦਕਿ ਛੋਟਾ ਭਰਾ ਅਮਰੀਕਾ ਦੇ ਵਿੱਚ ਅਤੇ ਛੋਟੀ ਭੈਣ ਕੈਨੇਡਾ ‘ਚ ਰਹਿੰਦੀ ਹੈ। ਸਾਰਾ ਪਰਿਵਾਰ ਇਸ ਵੇਲੇ ਗਹਿਰੇ ਸਦਮੇ ਵਿੱਚ ਹੈ। ਗਗਨਦੀਪ ਸਿੰਘ ਅਜੇ ਕੁਆਰਾ ਸੀ, ਅਤੇ ਇਸੇ ਸਾਲ ਦੇ ਸ਼ੁਰੂ ਵਿੱਚ ਆਪਣੇ ਪਿੰਡ ਜਾ ਕੇ ਵੀ ਆਇਆ ਸੀ।

ਇਸ ਨੌਜਵਾਨ ਦੇ ਫੁੱਫੜ ਸ. ਅਮਰ ਸਿੰਘ ਲਾਹੌਰੀਆ ਤੇ ਉਨ੍ਹਾਂ ਦਾ ਬੇਟਾ ਐਸ.ਪੀ. ਸਿੰਘ ਇਸ ਨੌਜਵਾਨ ਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਐਸ. ਪੀ. ਸਿੰਘ ਦੇ ਮਾਮੇ ਦਾ ਇਹ ਮੁੰਡਾ ਬਹੁਤ ਹੀ ਫੁਰਤੀਲਾ ਤੇ ਵਧੀਆ ਖਿਡਾਰੀ ਸੀ ਜਿਸ ਕਾਰਨ ਸਾਰੇ ਖਿਡਾਰੀਆਂ ਤੇ ਖੇਡ ਕਲੱਬਾਂ ਨੂੰ ਬਹੁਤ ਸਦਮਾ ਪੁੱਜਾ ਹੈ।

ਨਿਊਜ਼ੀਲੈਂਡ ਸਿੱਖ ਗੇਮਜ਼ ਦੇ ਸਾਰੇ ਮੈਂਬਰਜ਼ ਵੱਲੋਂ ਇਸ ਦੁੱਖ ਦੀ ਘੜੀ ਮ੍ਰਿਤਕ ਦੇ ਪਰਿਵਾਰ ਅਤੇ ਉਸਦੇ ਫੁੱਫੜ ਜੀ ਸਮੇਤ ਸਾਰੇ ਲਾਹੌਰੀਆ ਪਰਿਵਾਰ ਦੇ ਨਾਲ ਡੂੰਘਾ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ। ਵਾਈਕਾਟੋ ਸ਼ਹੀਦੇ-ਆਜ਼ਮ-ਭੱਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮੈਲਟਿੱਨ ਦੇ ਪ੍ਰਧਾਨ ਤੇ ਕਬੱਡੀ ਕੁਮੈਂਟੇਟਰ ਜਰਨੈਲ ਸਿੰਘ ਰਾਹੋਂ, ਮੀਤ ਪ੍ਰਧਾਨ ਕਮਲਜੀਤ ਕੌਰ ਸੰਘੇੜਾ, ਵਰਿੱਦਰ ਸਿੱਧੂ, ਗੁਰਵਿੰਦਰ ਬੁੱਟਰ, ਖੁਸ਼ਮੀਤ ਕੌਰ ਸਿੱਧੂ, ਵਾਈਕਾਟੋ ਮਲਟੀਕਲਚਰਲ ਕੌਂਸਲ ਦੇ ਪ੍ਰਧਾਨ ਰਵਿੰਦਰ ਸਿੰਘ ਪੁਵਾਰ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਅ ਕੀਤਾ।

ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ: ਤੋਂ ਸ. ਤੀਰਥ ਸਿੰਘ ਅਟਵਾਲ ਨੇ ਸਮੂਹ ਫੈਡਰੇਸ਼ਨ ਮੈਂਬਰਜ਼ ਅਤੇ ਸਹਿਯੋਗੀ ਖੇਡ ਕੱਲਬਾਂ ਵੱਲੋਂ ਗਗਨਦੀਪ ਸਿੰਘ ਮੌਤ ਉਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਲਾਹੌਰੀਆ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦਿਲੋਂ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਬਹੁਤ ਹੀ ਵਧੀਆ ਖਿਡਾਰੀ ਸੀ ਅਤੇ ਵਧੀਆ ਸੁਭਾਅ ਦਾ ਮਾਲਕ ਸੀ। ਇਸ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਅਕਹਿ ਅਤੇ ਅਸਹਿ ਦੁੱਖ ਪੁੱਜਾ ਹੈ।

ਯੰਗਬਹਾਦਰ ਸਿੰਘ ਕੈਨੇਡਾ ਜੋ ਕਿ ਗਗਨ ਦੇ ਰਿਸ਼ਤੇਦਾਰ ਵੀ ਹਨ ਅਤੇ ਕੈਨੇਡਾ ਦੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਦੇ ਹਨ, ਨੇ ਵੀ ਗਹਿਰੇ ਅਫਸੋਸ ਦਾ ਪ੍ਰਗਟ ਕੀਤਾ ਹੈ। ਆਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਮੁੱਚੇ ਤੌਰ ‘ਤੇ ਗਗਨਦੀਪ ਸਿੰਘ ਦੀ ਹੋਈ ਇਸ ਮੌਤ ਉਤੇ ਬਹੁਤ ਅਫਸੋਸ ਪ੍ਰਗਟ ਕੀਤਾ ਹੈ। ਇਹ ਨੌਜਵਾਨ ਇਸ ਕਲੱਬ ਦੇ ਲਈ ਕਬੱਡੀ ਖੇਡਦਾ ਰਿਹਾ ਹੈ ਅਤੇ ਇਕ ਵਧੀਆ ਸਟਾਪਰ  ਸੀ। ਸ਼ਾਨਾ ਗਰੁੱਪ ਖੁਰਦਾਂ ਦੇ ਸਮੂਹ ਨੌਜਵਾਨਾਂ ਨੇ ਪੰਜਾਬ ਤੋਂ ਇਸ ਮੁੰਡੇ ਦੀ ਅਚਨਚੇਤ ਹੋਈ ਮੌਤ ਉਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਹ ਨੌਜਲਾਨ ਸ਼ਾਨਾ ਗਰੁੱਪ ਦੇ ਮੈਂਬਰ ਵੀ ਸੀ ਅਤੇ ਅਕਸਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦਾ ਸੀ।