Punjab

CM ਸਾਬ੍ਹ ! ਤੁਸੀਂ ਕਿਹਾ ਮੈਂ ਵਿਦਿਆ ਕਰਜ਼ਈ ਨਹੀਂ ਹੋਣ ਦੇਣੀ! ਪੰਜਾਬੀ ਯੂਨੀਵਰਸਿਟੀ ਖਤਮ ਹੋ ਜਾਵੇਗੀ !

Punjabi university budget fund

ਬਿਊਰੋ ਰਿਪੋਰਟ: ਮਾਨ ਸਰਕਾਰ ਨੇ ਆਪਣੇ ਦੂਜੇ ਬਜਟ ਵਿੱਚ ਸੂਬੇ ਦੀ ਯੂਨੀਵਰਸਿਟੀਆਂ ਦੇ ਲਈ 990 ਕਰੋੜ ਦਾ ਬਜਟ ਰੱਖਿਆ ਹੈ । ਇਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ,PAU,ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ,ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਅਤੇ ਹੋਰ ਯੂਨੀਵਰਸਿਟੀਆਂ ਸ਼ਾਮਲ ਹਨ। ਇਸ ਬਜਟ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖਾਤੇ ਵਿੱਚ 164 ਕਰੋੜ ਆਉਣਗੇ ਜਿਸ ਨੂੰ ਲੈਕੇ ਵੀਸੀ ਪ੍ਰੋਫੈਸਰ ਅਰਵਿੰਦ ਸਰਕਾਰ ਤੋਂ ਕਾਫੀ ਨਰਾਜ਼ ਹਨ । ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਸਾਲ 29 ਮਾਰਚ ਨੂੰ ਯੂਨੀਵਰਸਿਟੀ ਵਿੱਚ ਕੀਤਾ ਵਾਅਦਾ ਯਾਦ ਕਰਵਾਉਂਦੇ ਹੋਏ ਕਿਹਾ ਤੁਸੀਂ ਕਿਹਾ ਸੀ ਕਿ ਵਿਦਿਆ ਕਰਜ਼ਈ ਨਹੀਂ ਹੋਣ ਦਿੱਤੀ ਜਾਏਗੀ ਪਰ ਜਿਹੜਾ ਬਜਟ ਤੁਸੀਂ ਯੂਨੀਵਰਸਿਟੀ ਦੇ ਲਈ ਦਿੱਤਾ ਹੈ ਉਸ ਨਾਲ ਯੂਨੀਵਰਸਿਟੀ ਮਰ ਜਾਵੇਗੀ। ਇਸ ਦਾ ਮਰਨਾ ਪੰਜਾਬ ਅਤੇ ਪੰਜਾਬੀਅਤ ਦਾ ਮਰਨਾ ਹੋਵੇਗਾ । ਉਨ੍ਹਾਂ ਨੇ ਸਰਕਾਰ ਨੂੰ ਵੱਡੀ ਚਿਤਾਵਨੀ ਵੀ ਦਿੱਤੀ ਹੈ।।

29 ਮਾਰਚ 20022 ਨੂੰ ਸੀਐੱਮ ਮਾਨ ਦਾ ਵਾਅਦਾ

ਸਰਕਾਰ ਬਣਨ ਤੋਂ 15 ਦਿਨ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਸਨ ਤਾਂ ਉਨ੍ਹਾਂ ਨੇ ਭਾਸ਼ਣ ਦਿੰਦੇ ਹੋਏ ਵਾਅਦਾ ਕੀਤਾ ਸੀ ਕਿ ਯੂਨੀਵਰਸਿਟੀ ਨੂੰ ਕਰਜ਼ਈ ਨਹੀਂ ਹੋਣ ਦੇਣਗੇ । ਸੀਐੱਮ ਨੇ ਕਿਹਾ ਸੀ ਕਿ ‘ਕਿਸਾਨ ਕਰਜ਼ਈ ਹਨ, ਸਨਅਤਕਾਰ ਕਰਜ਼ਈ ਹੈ ਹੁਣ ਸਿੱਖਿਆ ਵੀ ਕਰਜ਼ਈ ਹੈ,ਸਾਡੀ ਵਿਦਿਆ ਵੀ ਕਰਜ਼ਈ,ਕਰਜ਼ਈ ਵਿਦਿਆ ਤੋਂ ਅਸੀਂ ਕੀ ਭਾਲਾਗੇ, ਮੈ ਤੁਹਾਨੂੰ ਗਰੰਟੀ ਦਿੰਦਾ ਹਾਂ, ਵਿਦਿਆ ਜਿਹੜੀ ਹੈ ਕਰਜ਼ਾ ਮੁਕਤ ਹੋ ਜਾਵੇਗੀ। ਮੁੱਖ ਮੰਤਰੀ ਦੇ ਇਸ ਬਿਆਨ ਦਾ ਹਵਾਲਾ ਦਿੰਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਮੁੱਖ ਮੰਤਰੀ ਤੋਂ ਸਵਾਲ ਕਰ ਰਹੇ ਹਨ।

ਵੀਸੀ ਦਾ ਮੁੱਖ ਮੰਤਰੀ ਮਾਨ ਤੋਂ ਸਵਾਲ

ਵੀਸੀ ਪ੍ਰੋਫੈਸਰ ਅਰਵਿੰਦ ਨੇ ਕਿਹਾ ‘ਇਹ ਸਰਕਾਰ ਜਿਹੜੀ ਵਿਦਿਆ ਅਤੇ ਸਿਹਤ ਨੂੰ ਲੈਕੇ ਇੰਨੇ ਵੱਡੇ ਬਿਆਨ ਦਿੰਦੀ ਰਹੀ ਹੈ,ਜਿਸ ਦੇ ਮੁੱਖ ਮਤੰਰੀ ਨੇ 29 ਮਾਰਚ ਨੂੰ ਯੂਨੀਵਰਸਿਟੀ ਵਿੱਚ ਕਿਹਾ ਸੀ ਕਿ ਮੈਨੂੰ ਪਤਾ ਚੱਲਿਆ ਹੈ ਕਿ ਵਿਦਿਆ ਕਰਜ਼ੇ ਥੱਲੇ ਹੈ,ਉਹ ਨਹੀਂ ਰਹੇਗੀ,ਪਰ ਤੁਸੀਂ ਜਿਹੜੀ ਗਰਾਂਟ ਵਿਦਿਆ ਨੂੰ ਚਲਾਉਣਾ ਲਈ ਦਿੱਤੀ ਹੈ ਉਸ ਨਾਲ ਵਿਦਿਆ ਕਰਜ਼ੇ ਵਿੱਚ ਹੀ ਰਹੇਗੀ , ਯੂਨੀਵਰਸਿਟੀ ਦੇ ਸਿਰ ‘ਤੇ 150 ਕਰੋੜ ਦਾ ਕਰਜਾ ਹੈ ਉਸ ਨੂੰ ਵਧਾਉਣਾ ਪਏਗਾ ਅਤੇ ਹੋਰ ਕਰਜ਼ਾ ਲੈਕੇ ਹੀ ਤਨਖਾਹਾਂ ਦੇਣੀਆਂ ਪੈਣਗੀਆਂ । ਇਸ ਲਈ ਯੂਨੀਵਰਸਿਟੀ ਨੂੰ ਚਲਾਉਣਾ ਅਤੇ ਯੋਗ ਵਿੱਤੀ ਗਰਾਂਟ ਦੇਣਾ ਸਰਕਾਰ ਦਾ ਕੰਮ ਹੈ,ਇਹ ਅਸੀਂ ਮੰਗ ਨਹੀਂ ਰਹੇ ਹਾਂ ਉਨ੍ਹਾਂ ਨੂੰ ਆਪਣੀ ਯੋਗ ਡਿਊਟੀ ਪੂਰੀ ਕਰਨ ਲਈ ਹੀ ਬੇਨਤੀ ਕਰ ਰਹੇ ਹਾਂ । ਜੋ ਵੀ ਕੁਝ ਕਰਨਾ ਪਏਗਾ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਪੰਜਾਬੀ ਵਾਸਤੇ,ਪੰਜਾਬੀਆਂ ਨੂੰ ਨਾਲ ਲੈਕੇ ਸਰਕਾਰ ‘ਤੇ ਦਬਾਅ ਪਾਉਣ ਲਈ ਅਸੀਂ ਸਭ ਕੁਝ ਕਰਾਂਗੇ । ਪੰਜਾਬੀ ਯੂਨੀਵਰਸਿਟੀ ਦੇ ਵੀਸੀ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜਿਹੜੀ ਸਾਡੀ 164 ਕਰੋੜ ਰੁਪਏ ਗਰਾਂਟ ਅਲਾਟ ਕੀਤੀ ਗਈ ਹੈ,ਉਸ ਨੂੰ ਬਦਲ ਕੇ 360 ਕਰੋੜ ਕੀਤਾ ਜਾਵੇ,ਇਸ ਦੇ ਬਿਨਾਂ 60 ਸਾਲ ਪੁਰਾਣਾ ਅਧਾਰਾ ਅੱਗੇ ਨਹੀਂ ਵੱਧ ਸਕੇਗਾ ਬਲਕਿ ਮਰ ਜਾਵੇਗਾ । ਇਸ ਦਾ ਮਰਨਾ ਪੰਜਾਬ ਅਤੇ ਪੰਜਾਬੀਅਤ ਦਾ ਮਰਨਾ ਹੋਵੇਗਾ ।

ਪ੍ਰਤਾਪ ਸਿੰਘ ਬਾਜਵਾ ਨੇ ਮੁੱਦਾ ਵਿਧਾਨਸਭਾ ਵਿੱਚ ਚੁੱਕਿਆ

ਪਟਿਆਲਾ ਯੂਨੀਵਰਸਿਟੀ ਦੇ ਵੀਸੀ ਦਾ ਮੁੱਦਾ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨਸਭਾ ਵਿੱਚ ਚੁੱਕਿਆ । ਉਨ੍ਹਾਂ ਕਿਹਾ ਸਰਕਾਰ ਨੇ ਸਿੱਖਿਆ ਦਾ ਬਜਟ ਵਧਾਉਣ ਦਾ ਦਾਅਵਾ ਕੀਤਾ ਸੀ, ਪਰ ਵੀਸੀ ਨੇ ਉਨ੍ਹਾਂ ਦੀ ਪੋਲ ਖੋਲ ਦਿੱਤੀ ਹੈ। ਪੰਜਾਬੀ ਯੂਨੀਵਰਸਿਟੀ ਪੰਜਾਬੀਆਂ ਦੀ ਸ਼ਾਨ ਹੈ ਪਰ ਮਾਨ ਸਰਕਾਰ ਇਸ਼ਤਿਆਰਾਂ ‘ਤੇ 700 ਕਰੋੜ ਦਾ ਬਜਟ ਰੱਖ ਰਹੀ ਹੈ ਜੇਕਰ ਯੂਨੀਵਰਸਿਟੀਆਂ ਨੂੰ ਤੁਸੀਂ ਪੈਸਾ ਦੇ ਦਿਉ ਤਾਂ ਬੱਚਿਆ ਦਾਂ ਭਲਾ ਹੋ ਜਾਵੇਗਾ ।