‘ਦ ਖ਼ਾਲਸ ਬਿਊਰੋ :- ਪੰਜਾਬੀ ਗਾਇਕ ਹਰਭਜਨ ਮਾਨ ਨੇ ਕਿਸਾਨਾਂ ਦੇ ਸਮਰਥਨ ਲਈ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਸਾਲਾਨਾ ਸ਼੍ਰੋਮਣੀ ਪੁਰਸਕਾਰ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਹਰਭਜਨ ਮਾਨ ਨੇ ਕਿਹਾ ਕਿ ਮੈਂ ਇਸ ਮੁਕਾਮ ‘ਤੇ ਕਿਸਾਨਾਂ, ਮਾਂ-ਬੋਲੀ ਪੰਜਾਬੀ ਅਤੇ ਸਮੂਹ ਪੰਜਾਬੀਆਂ ਕਰਕੇ ਪਹੁੰਚਿਆ ਹਾਂ। ਉਨ੍ਹਾਂ ਨੇ ਕਿਹਾ ਕਿ ‘ਸ਼੍ਰੋਮਣੀ ਗਾਇਕ’ ਐਵਾਰਡ ਲਈ ਮੇਰੀ ਚੋਣ ਹੋਈ ਹੈ। ਇਸ ਐਵਾਰਡ ਦੀ ਚੋਣ ਲਈ ਮੈਂ ਸਲਾਹਕਾਰ ਬੋਰਡ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਵੱਲੋਂ ਅਪਲਾਈ ਕੀਤੇ ਬਿਨਾਂ ਹੀ ਮੈਨੂੰ ਇਸ ਵੱਕਾਰੀ ਪੁਰਸਕਾਰ ਲਈ ਚੁਣਿਆ।
ਅੱਜ ਮੈਂ ਜਿਸ ਵੀ ਮੁਕਾਮ ‘ਤੇ ਪਹੁੰਚਿਆ ਹਾਂ, ਉਹ ਕਿਸਾਨਾਂ, ਮਾਂ ਬੋਲੀ ਪੰਜਾਬੀ ਅਤੇ ਸਮੂਹ ਪੰਜਾਬੀਆਂ ਦੀ ਬਦੌਲਤ ਹੀ ਹੈ। ਕਿਸਾਨੀ ਪਰਿਵਾਰ ਵਿੱਚ ਜਨਮ ਲੈਣ ਤੋਂ ਲੈ ਕੇ ਹੁਣ ਤੱਕ ਮੇਰੇ ਜੀਵਨ ਦਾ ਹਰ ਸਾਹ ਕਿਸਾਨਾਂ ਦਾ ਕਰਜ਼ਦਾਰ ਹੈ ਅਤੇ ਮੇਰਾ ਰੋਮ-ਰੋਮ ਕਿਸਾਨਾਂ ਦਾ ਕਰਜ਼ਈ ਹੈ। ਮੇਰੀ ਗਾਇਕੀ ਨੂੰ ਵੀ ਕਿਸਾਨਾਂ ਵੱਲੋਂ ਪਿਆਰ ਕੀਤਾ ਗਿਆ, ਜਿਸ ਸਦਕਾ ਮੈਂ ਅੱਜ ਇਹ ਐਵਾਰਡ ਹਾਸਲ ਕਰਨ ਦੇ ਕਾਬਲ ਹੋਇਆ ਹਾਂ।
ਅੱਜ ਜਦੋਂ ਪੰਜਾਬ ਸਣੇ ਸਾਰੇ ਮੁਲਕ ਦਾ ਕਿਸਾਨ ਸੜਕਾਂ ਉੱਤੇ ਹੈ ਅਤੇ ਕਿਸਾਨਾਂ ਦੇ ਹੱਕ ਖੋਹਣ ਵਾਲਿਆਂ ਤੋਂ ਇਨਸਾਫ ਮੰਗਦਾ ਹੋਇਆ ਰੁਲ ਰਿਹਾ ਹੈ। ਉਨ੍ਹਾਂ ਦਾ ਭਵਿੱਖ ਅੰਧਕਾਰ ਵਿੱਚ ਹੈ ਤਾਂ ਇਸ ਮੌਕੇ ਮੈਂ ‘ਸ਼੍ਰੋਮਣੀ ਐਵਾਰਡ’ ਹਾਸਲ ਕਰਦਾ ਸ਼ੋਭਦਾ ਨਹੀਂ ਹਾਂ। ਕਿਸਾਨੀ ਲਈ ਇਸ ਔਖੇ ਚੱਲ ਰਹੇ ਸਮੇਂ ਦੌਰਾਨ ਮੈਂ ਨਿਮਰਤਾ ਅਤੇ ਆਦਰ ਸਹਿਤ ਇਹ ਪੁਰਸਕਾਰ ਨਾ ਲੈਣ ਦਾ ਫੈਸਲਾ ਕੀਤਾ ਹੈ।