ਚੰਡੀਗੜ੍ਹ : ਅਕਾਸ਼ਵਾਣੀ ਵੱਲੋਂ ਦੇਸ਼ ਅਤੇ ਪੰਜਾਬ ਦੀ ਰਾਜਧਾਨੀ ਤੋਂ ਪੰਜਾਬੀ ਬੁਲੇਟਿਨ ਨੂੰ ਬੰਦ ਕਰਨ ਦਾ ਹੁਣ ਚਾਰੇ ਪਾਸੇ ਤੋਂ ਵਿਰੋਧ ਸ਼ੁਰੂ ਹੋ ਗਿਆ ਹੈ। ਪੰਜਾਬੀ ਸੱਥ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਪੰਜਾਬ ਨਾਲ ਇੱਕ ਹੋਰ ਧੱਕਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਚੱਕਣ ਦੀ ਗੱਲ ਕਹੀ ਹੈ।
ਸੰਤ ਬਲਬੀਰ ਸਿੰਘ ਨੇ ਕਿਹਾ ਉਹ ਪੰਜਾਬ ਸਰਕਾਰ ਨੂੰ ਇਹ ਮੁੱਦਾ ਕੇਂਦਰ ਸਰਕਾਰ ਕੋਲ ਚੁੱਕਣ ਦੀ ਆਖਣਗੇ। ਇਸ ਦੇ ਨਾਲ ਹੀ ਉਹ ਖੁਦ ਵੀ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਇਹ ਮੁੱਦਾ ਉਠਾਉਣਗੇ
ਪੰਜਾਬੀ ਸੱਥ ਦੇ ਪ੍ਰਧਾਨ ਡਾ. ਨਿਰਮਲ ਸਿੰਘ ਲਾਂਬੜਾ ਤੇ ਮੋਤਾ ਸਿੰਘ ਸਰਾਏ ਨੇ ਕਿਹਾ ਕਿ ਪੰਜਾਬੀ ਦੇ ਬੁਲੇਟਿਨ ਬੰਦ ਕਰਕੇ ਕੇਂਦਰ ਨੇ ਪੰਜਾਬੀ ਭਾਸ਼ਾ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਦਿੱਲੀ ਵਿੱਚ ਮਾਂ ਬੋਲੀ ਨੂੰ ਉੱਥੋਂ ਰੁਖ਼ਸਤ ਕਰਨਾ ਦੇਸ਼ ਦੇ ਲੋਕਤੰਤਰ ਨਾਲ ਕੋਝਾ ਮਜ਼ਾਕ ਹੈ।
ਕੀ ਹੈ ਸਾਰਾ ਮਾਮਲਾ
ਅਸਲ ਵਿੱਚ ਚੰਡੀਗੜ੍ਹ ਅਤੇ ਦਿੱਲੀ ਤੋਂ ਕਈ ਦਹਾਕਿਆਂ ਤੋਂ ਚੱਲ ਰਹੇ ਪੰਜਾਬੀ ਭਾਸ਼ਾ ਵਿੱਚ ਖ਼ਬਰਾਂ ਦੇ ਬੁਲੇਟਿਨ ਨੂੰ ਬੰਦ ਕਰਕੇ ਜਲੰਧਰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਕਾਇਦਾ ਰੂਪ ਵਿੱਚ ਦਿੱਲੀ ਤੇ ਚੰਡੀਗੜ੍ਹ ਵਿੱਚ ਪੰਜਾਬੀ ਸੈਕਸ਼ਨ ਵਿੱਚ ਕੰਮ ਕਰਦੇ ਸਟਾਫ਼ ਨੂੰ ਜਲੰਧਰ ਅਕਾਸ਼ਵਾਣੀ ਕੇਂਦਰ ਭੇਜਣ ਦੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ ਚੱਲਦੇ ਪ੍ਰਸਾਰ ਭਾਰਤੀ ਨੇ ਸਬੰਧਿਤ ਸਟਾਫ ਨੂੰ ਜਲੰਧਰ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਸ ਫ਼ੈਸਲੇ ਨਾਲ ਸਟਾਫ਼ ਦੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਅਕਾਸ਼ਵਾਣੀ ’ਤੇ ਪਿਛਲੇ 70 ਸਾਲ ਤੋਂ ਵੱਧ ਸਮੇਂ ਅਤੇ ਚੰਡੀਗੜ੍ਹ ਵਿੱਚ 55 ਸਾਲ ਤੋਂ ਵੱਧ ਸਮੇਂ ਤੋਂ ਪੰਜਾਬੀ ਦੀਆਂ ਖ਼ਬਰਾਂ ਪੜ੍ਹੀਆਂ ਜਾਂਦੀਆਂ ਸਨ।