Punjab

ਜਨਮ ਦਿਨ ਵਾਲੇ ਦਿਨ ਵਾਪਰਿਆ ਵਿਦੇਸ਼ ਰਹਿ ਰਹੇ ਪੰਜਾਬੀ ਨੌਜਵਾਨ ਨਾਲ ਹਾਦਸਾ,ਘਰ ਵਿਛ ਗਿਆ ਸਥਰ

ਨਵਾਂਸ਼ਹਿਰ : ਵਿਦੇਸ਼ੀ ਧਰਤੀ ‘ਤੇ ਰਹਿੰਦੇ ਹੋਏ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਾਰਨ ਕੁਝ ਵੀ ਬਣੇ ਪਰ ਇਸ ਤਰਾਂ ਦੀਆਂ ਖ਼ਬਰਾਂ ਜਿਥੇ ਦਿਲ ਨੂੰ ਦੁਖੀ ਕਰਦੀਆਂ ਹਨ,ਉਥੇ ਪਰਿਵਾਰ ਲਈ ਵੀ ਨਾ ਸਹਿਣ ਵਾਲਾ ਸਦਮਾ ਬਣ ਜਾਂਦੀਆਂ ਹਨ।

ਸਿਡਨੀ ,ਆਸਟਰੇਲੀਆ ਤੋਂ ਇੱਕ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ । ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਸੋਨਾ ਨਾਲ ਸੰਬੰਧ ਰੱਖਣ ਵਾਲੇ ਮਨਜੋਤ ਸਿੰਘ ਦੀ ਆਸਟ੍ਰੇਲੀਆ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਥੋਂ +2 ਦੀ ਪੜ੍ਹਾਈ ਪੂਰੀ ਕਰਕੇ ਡੇਢ ਸਾਲ ਪਹਿਲਾਂ ਆਸਟ੍ਰੇਲੀਆ ਗਏ ਮਨਜੋਤ ਨਾਲ ਇਹ ਹਾਦਸਾ ਉਸ ਦੇ ਜਨਮ ਦਿਨ ਵਾਲੇ ਦਿਨ ਹੀ ਵਾਪਰਿਆ।

ਸਿਡਨੀ ਸ਼ਹਿਰ ‘ਚ ਰਾਤ ਨੂੰ ਟਰਾਲਾ ਚਲਾਉਂਦੇ ਸਮੇਂ ਹਾਦਸਾ ਇਹ ਹਾਦਸਾ ਪੇਸ਼ ਆਇਆ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਿੰਡ ਪਹੁੰਚੀ ਤਾਂ ਉਥੇ ਸੋਗ ਦੀ ਲਹਿਰ ਫੈਲ ਗਈ।

ਦਰਅਸਲ ਇਹ ਹਾਦਸਾ ਬੀਤੀ ਇੱਕੀ ਮਾਰਚ ਨੂੰ ਵਾਪਰਿਆ ਸੀ।ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਪਿੰਡ ਪੁੱਜਣ ਉਤੇ ਉਸ ਦਾ ਅੰਤਿਮ ਸੰਸਕਾਰ ਹੁਣ ਕੀਤਾ ਗਿਆ।ਇਸ ਦੌਰਾਨ ਹਾਜਰ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਮਨਜੋਤ ਨੂੰ ਅੰਤਿਮ ਵਿਦਾਇਗੀ ਦਿੱਤੀ।

ਪਿੰਡ ਵਾਲਿਆਂ ਅਨੁਸਾਰ ਮਨਜੋਤ ਸਿੰਘ ਪੁੱਤਰ ਮੁਖਤਿਆਰ ਸਿੰਘ ਬਹੁਤ ਹੀ ਹੋਣਹਾਰ ਬੱਚਾ ਸੀ। ਕਰੀਬ 15 ਮਹੀਨੇ ਪਹਿਲਾਂ ਉਸ ਨੇ ਆਈਲੈਟਸ ਵਿੱਚ 7.5 ਬੈਂਡ ਪ੍ਰਾਪਤ ਕੀਤੇ ਸਨ ਤੇ ਆਪਣਾ ਭਵਿੱਖ ਬਣਾਉਣ ਲਈ ਆਸਟ੍ਰੇਲੀਆ ਚਲਾ ਗਿਆ ਸੀ। ਹੁਣ ਉਸ ਦੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਦੋ ਮਹੀਨੇ ਪਹਿਲਾਂ ਹੀ ਉਹ ਆਸਟਰੇਲੀਆ ਦੇ ਸ਼ਹਿਰ ਸਿਡਨੀ ਆਇਆ ਸੀ ਅਤੇ ਉੱਥੇ ਲਾਇਸੈਂਸ ਲੈ ਕੇ ਟਰਾਲਾ ਚਲਾਉਂਦਾ ਸੀ।

ਘਟਨਾ ਵਾਲੇ ਦਿਨ ਜਦੋਂ ਉਹ ਸਾਮਾਨ ਉਤਾਰ ਕੇ ਵਾਪਸ ਆ ਰਿਹਾ ਸੀ ਤਾਂ ਟਰਾਲੇ ਦਾ ਸੰਤੁਲਨ ਵਿਗੜ ਗਿਆ,ਜਿਸ ਕਾਰਨ ਉਹ ਪਲਟ ਗਿਆ। ਇਸ ਦੌਰਾਨ ਮਨਜੋਤ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਪੰਜਾਬ ਵਾਪਸ ਲਿਆਂਦਾ ਗਿਆ ਤੇ ਇਥੇ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।