Punjab

PAU ਦੇ VC ਦੀ ਨਿਯੁਕਤੀ ਰੱਦ ਕਰਨ ‘ਤੇ ਪੰਜਾਬ ਜਮਹੂਰੀ ਮੋਰਚੇ ਦਾ ਕੇਂਦਰ ‘ਤੇ ਵੱਡਾ ਇਲਜ਼ਾਮ

Punjab zamoori morcha put question on pau vc appointment

ਬਿਊਰੋ ਰਿਪੋਰਟ : ਪੰਜਾਬ ਜਮਹੂਰੀ ਮੋਰਚਾ ਨੇ ਗਵਰਨਰ ਪੰਜਾਬ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਦੇ ਹੁਕਮ ਰੱਦ ਕਰਨ ਦੇ ਫੈਸਲੇ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ । ਇਸ ਤੋਂ ਇਲਾਵਾ ਮੋਰਚੇ ਨੇ ਰਾਜ ਦੇ ਅਧਿਕਾਰਾਂ ਵਿਚ ਬੇਲੋੜੀ ਦਖਲ ਅੰਦਾਜੀ ਦੱਸਿਆ ਹੈ । ਗਵਰਨਰ ਪੰਜਾਬ ਦੇ ਅਜਿਹੇ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਮੋਰਚਾ ਦੇ ਸੂਬਾ ਕਨਵੀਨਰ ਜੁਗਰਾਜ ਸਿੰਘ ਟੱਲੇਵਾਲ ਅਤੇ ਸੂਬਾ ਆਗੂ ਜਸਵੰਤ ਸਿੰਘ ਪੱਟੀ ਹਰਜਿੰਦਰ ਸਿੰਘ ਅਤੇ ਸੁੱਚਾ ਸਿੰਘ ਪਟਿਆਲਾ ਨੇ ਕਿਹਾ ਕਿ ਗਵਰਨਰ ਪੰਜਾਬ ਰਾਜ ਦੇ ਸੰਵਿਧਾਨਕ ਮੁੱਖੀ ਦੀ ਥਾਂ ਕੇਂਦਰ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ।

ਕੇਂਦਰ ਦੀ ਬੀ ਜੇ ਪੀ ਸਰਕਾਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ਲਈ ਗਵਰਨਰਾਂ ਨੂੰ ਵਰਤ ਰਹੀ ਹੈ। ਇਸ ਤੋਂ ਪਹਿਲਾਂ ਅਜਿਹਾ ਵਰਤਾਰਾ ਪੱਛਮੀ ਬੰਗਾਲ ਵਿੱਚ ਵੇਖਣ ਨੂੰ ਮਿਲਿਆ ਹੈ। ਕੇਂਦਰ ਸਰਕਾਰ ਵਲੋਂ BSF ਦਾ ਘੇਰਾ 50 ਕਿਲੋਮੀਟਰ ਤੱਕ ਵਧਾ ਕੇ ਹਰਿਆਣਾ ਨੂੰ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਭਵਨ ਬਣਾਉਣ ਦੀ ਮਨਜ਼ੂਰੀ ਵਰਗੇ ਫੈਸਲਿਆਂ ਨਾਲ ਪੰਜਾਬ ਦੇ ਅਧਿਕਾਰਾਂ ਨੂੰ ਸੀਮਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਐਨ ਆਈ ਏ ਦੇ ਨਿਯਮਾਂ ਵਿਚ ਸੋਧ ਕਰਕੇ ਉਸ ਨੂੰ ਰਾਜ ਸਰਕਾਰ ਦੀ ਆਗਿਆ ਬਗੈਰ ਹੀ ਰਾਜਾਂ ਵਿੱਚ ਕਿਸੇ ਵੀ ਥਾਂ ਛਾਪੇਮਾਰੀ ਕਰਨ ਦੀ ਆਗਿਆ ਦੇ ਕੇ ਦੇਸ਼ ਦੇ ਫੈਡਰਲ ਢਾਂਚੇ ਉਪਰ ਕਰਾਰੀ ਸੱਟ ਮਾਰੀ ਹੈ।

ਕੇਂਦਰੀ ਫੰਡਾਂ ਨੂੰ ਜਾਰੀ ਕਰਨ ਸਮੇਂ ਮਨਮਰਜ਼ੀ ਦੀਆਂ ਸ਼ਰਤਾਂ ਲਗਾ ਕੇ ਰਾਜਾਂ ਦੀ ਸੰਘੀ ਘੁੱਟੀ ਜਾ ਰਹੀ ਹੈ। ਪਹਿਲਾਂ ਵੀ ਸੈਸ਼ਨ ਬੁਲਾਉਣ ਸਮੇਂ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਕਰਨ ਸਮੇਂ ਗਵਰਨਰ ਵਲੋਂ ਅਜਿਹਾ ਹੀ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰਾਜ ਦੀਆਂ ਵਿਰੋਧੀ ਪਾਰਟੀਆਂ ਵੀ ਗਵਰਨਰ ਦੀ ਹਾਂ ਵਿਚ ਹਾਂ ਮਿਲਾ ਰਹੀਆਂ ਹਨ। ਉਨ੍ਹਾਂ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਕੇਂਦਰ ਸਰਕਾਰ ਦੇ ਇਹਨਾਂ ਗੈਰ ਜਮਹੂਰੀ ਕਦਮਾਂ ਖਿਲਾਫ ਜੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।