Punjab

ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਗੜੇਮਾਰੀ ਦਾ ਅਲਰਟ ! 50 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

ਬਿਊਰੋ ਰਿਪੋਰਟ : ਪੱਛਮੀ ਗੜਬੜੀ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਮੀਂਹ ਦੇ ਆਸਾਰ ਹਨ । ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ । ਇਹ ਮੌਸਮ ਆਉਣ ਵਾਲੇ ਦਿਨਾਂ ਵਿੱਚ ਰਹਿਣ ਦਾ ਅਨੁਮਾਨ ਹੈ । ਜੇਕਰ ਮੀਂਹ ਅਤੇ ਤੇਜ ਹਨੇਰੀ ਆਂਦੀ ਹੈ ਤਾਂ ਉਸ ਨਾਲ ਮੰਡੀਆਂ ਵਿੱਚ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।

6 ਜ਼ਿਲਿਆਂ ਵਿੱਚ ਗੜੇਮਾਰੀ ਪੈ ਸਕਦੀ ਹੈ

ਪੰਜਾਬ ਵਿੱਚ ਮੌਸਮ ਦੀ ਤਬਦੀਲੀ ਦੀ ਵਜ੍ਹਾ ਕਰਕੇ 6 ਜ਼ਿਲ੍ਹਿਆਂ ਵਿੱਚ ਗੜੇਮਾਰੀ ਦੇ ਆਸਾਰ ਹਨ । ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਵਿੱਚ ਜਲੰਧਰ, ਨਵਾਂ ਸ਼ਹਿਰ,ਰੂਪ ਨਗਰ,ਫਤਿਹਗੜ੍ਹ ਸਾਹਿਬ,ਲੁਧਿਆਣਾ, ਕਪੂਰਥਲਾ,ਹੁਸ਼ਿਆਰਪੁਰ,ਪਟਿਆਲਾ, ਅਤੇ ਮੁਹਾਲੀ ਵਿੱਚ ਤੇਜ਼ ਮੀਂਹ ਦੇ ਆਸਾਰ ਜਤਾਇਆ ਹੈ ।

ਤੇਜ਼ ਹਵਾਵਾਂ ਦੇ ਨਾਲ ਮੀਂਹ ਹੋਵੇਗਾ

ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਵਿੱਚ ਤੇਜ਼ ਹਨੇਰੀ ਅਤੇ ਹਵਾਵਾਂ ਵੀ ਚੱਲਣਗੀਆਂ। ਜਿਸ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਉਮੀਦ ਹੈ । ਜਿਸ ਨਾਲ ਕੱਚੇ ਘਰਾਂ ਅਤੇ ਪੁਰਾਣੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ । ਇਸ ਦੇ ਨਾਲ ਦਰੱਖਤ ਵੀ ਡਿੱਗ ਸਕਦੇ ਹਨ । ਖਰਾਬ ਮੌਸਮ ਦੀ ਵਜ੍ਹਾ ਕਰਕੇ ਲੋਕਾਂ ਨੂੰ ਘਰ ਤੋਂ ਬਾਹਰ ਨਾ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ।

ਮੌਸਮ ਠੰਡਾ ਹੋਇਆ

ਮੌਸਮ ਵਿਭਾਗ ਦੇ ਮੁਤਾਬਿਕ ਪੱਛਮੀ ਗੜਬੜੀ ਨਾਲ ਪੰਜਾਬ ਤੋਂ ਇਲਾਵਾ ਉੱਤਰ ਭਾਰਤ ਵਿੱਚ ਮੀਂਹ ਦੇ ਆਸਾਰ ਬਣੇ ਹੋਏ ਹਨ । ਮਈ ਵਿੱਚ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚ ਜਾਂਦਾ ਹੈ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਦੇ ਕਰੀਬ ਦਰਜ ਕੀਤਾ ਜਾਂਦਾ ਹੈ। ਪਰ ਬੇਮੌਸਮੀ ਮੀਂਹ ਕਾਰਨ ਮੰਗਲਵਾਰ ਸਵੇਰ ਲੁਧਿਆਣਾ,ਫਰੀਦਕੋਟ ਅਤੇ ਪਟਿਆਲਾ ਨੂੰ ਛੱਡ ਕੇ ਸਾਰੇ ਸ਼ਹਿਰਾਂ ਦਾ ਤਾਪਮਾਨ 20 ਡਿਗਰੀ ਤੋਂ ਘੱਟ ਦਰਜ ਕੀਤਾ ਜਾ ਰਿਹਾ ਹੈ ।

ਫਸਲਾਂ ਨੂੰ ਨੁਕਸਾਨ

ਮੌਸਮ ਵਿਭਾਗ ਨੇ 3 ਮਈ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਜਿਸ ਦੀ ਵਜ੍ਹਾ ਕਰਕੇ ਮੰਡੀਆਂ ਵਿੱਚ ਪਈ ਕਣਕ ਨੂੰ ਨੁਕਸਾਨ ਪਹੁੰਚ ਸਕਦਾ ਹੈ । ਪਹਿਲਾਂ ਤੋਂ ਹੀ ਕਿਸਾਨ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ । ਮੀਂਹ ਦੀ ਵਜ੍ਹਾ ਕਰਕੇ ਮੰਡੀਆਂ ਵਿੱਚ ਰੱਖੇ ਅਨਾਜ ਵਿੱਚ ਨਮੀ ਦੀ ਮਾਤਰਾ ਵੀ ਜ਼ਿਆਦਾ ਆ ਜਾਵੇਗੀ ।