Punjab

ਪੰਜਾਬ ਵਿਜੀਲੈਂਸ ਵੱਲੋਂ ਤਹਿਸੀਲਦਾਰਾਂ ‘ਤੇ ਸ਼ਿਕੰਜਾ ,ਭ੍ਰਿਸ਼ਟ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਨਾਮ ਮੁੱਖ ਸਕੱਤਰ ਨੂੰ ਭੇਜੇ

ਚੰਡੀਗੜ੍ਹ :  ਪੰਜਾਬ ਦੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਹੈ। ਵਿਜੀਲੈਂਸ ਬਿਊਰੋ ਨੇ ਸੂਬੇ ਭਰ ਦੀਆਂ ਤਹਿਸੀਲਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ। ਜਿਸ ਵਿੱਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ 48 ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਵਿੱਚ ਤਹਿਸੀਲਦਾਰ-ਨਾਇਬ ਤਹਿਸੀਲਦਾਰ ਅਤੇ ਉਨ੍ਹਾਂ ਦੇ ਏਜੰਟ ਅਰਜੀ ਨਵੀਸ ਸ਼ਾਮਲ ਹਨ।

ਇਸ ਸੂਚੀ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ 3 ਤਹਿਸੀਲਦਾਰ/ਨਾਇਬ ਤਹਿਸੀਲਦਾਰ 2 ਵਸੀਕਾਂ ਨਵੀਸ ਤੇ ਇਕ ਸੇਵਾਦਾਰ ਰਾਹੀਂ, ਬਰਨਾਲਾ ਜ਼ਿਲ੍ਹੇ ਦਾ ਇਕ ਤਹਿਸੀਲਦਾਰ 2 ਵਸੀਕਾ ਨਵੀਸਾਂ ਰਾਹੀਂ, ਸੰਗਰੂਰ ਜ਼ਿਲ੍ਹੇ ਦੇ 2 ਅਧਿਕਾਰੀ ਇਕ ਪ੍ਰਾਈਵੇਟ ਤੇ ਇਕ ਅਰਜੀ ਨਵੀਸ ਰਾਹੀਂ, ਮੋਗਾ ਜ਼ਿਲ੍ਹੇ ਦਾ 1 ਅਧਿਕਾਰੀ ਰਜਿਸਟਰੀ ਕਲਰਕ ਰਾਹੀਂ, ਫਿਰੋਜ਼ਪੁਰ ਦਾ ਇਕ ਅਧਿਕਾਰੀ ਪ੍ਰਾਈਵੇਟ ਵਿਅਕਤੀ ਰਾਹੀਂ, ਫਾਜ਼ਲਿਕਾ ਜ਼ਿਲ੍ਹੇ ਦਾ ਇਕ ਅਧਿਕਾਰੀ 3 ਅਰਜੀ ਨਵੀਸਾਂ ਰਾਹੀਂ, ਮੋਹਾਲੀ ਜ਼ਿਲ੍ਹੇ ਦੇ 4 ਅਧਿਕਾਰੀ 18 ਅਰਜੀ ਨਵੀਸਾਂ ਤੇ ਹੋਰ ਰਾਹੀਂ, ਰੂਪਨਗਰ ਜ਼ਿਲ੍ਹੇ ਦੇ 4 ਅਧਿਕਾਰੀ 8 ਵਸੀਕਾ ਨਵੀਸਾਂ ਰਾਹੀਂ, ਫਤਿਹਗੜ੍ਹ ਸਾਹਿਬ ਦਾ ਇਕ ਅਧਿਕਾਰੀ 3 ਵਿਅਕਤੀਆਂ ਰਾਹੀਂ, ਜਲੰਧਰ ਜ਼ਿਲ੍ਹੇ ਦੇ 4 ਅਧਿਕਾਰੀਆਂ ਵਿਚੋਂ ਦੋ ਸਿੱਧੇ ਤੌਰ ਉਤੇ ਅਤੇ ਦੋ ਕਲਰਕਾਂ ਰਾਹੀਂ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 5 ਅਧਿਕਾਰੀ ਚੌਕੀਦਾਰ, ਡੀਡ ਰਾਈਟਰ ਤੇ 3 ਹੋਰ ਵਿਅਕਤੀਆਂ ਰਾਹੀਂ, ਕਪੂਰਥਲਾ ਜ਼ਿਲ੍ਹੇ ਦੇ 3 ਅਧਿਕਾਰੀ 7 ਡੀਡ ਰਾਈਟਰਾਂ ਰਾਹੀਂ, ਐਸ ਬੀ ਐਸ ਨਗਰ ਦੇ 2 ਅਧਿਕਾਰੀ ਚਪੜਾਸੀ ਰਾਹੀਂ ਅਤੇ ਲੁਧਿਆਣਾ ਜ਼ਿਲ੍ਹੇ ਦੇ 6 ਅਧਿਕਾਰੀ 20 ਵਸੀਕਾ ਨਵੀਸਾਂ, ਕਲਰਕਾਂ ਤੇ ਹੋਰ ਵਿਅਕਤੀਆਂ ਰਾਹੀਂ ਰਿਸ਼ਵਤ ਹਾਸਲ ਕਰ ਰਹੇ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ 1 ਅਧਿਕਾਰੀ, ਤਰਨਤਾਰਨ ਦਾ 1, ਗੁਰਦਾਸਪੁਰ ਦੇ 2, ਬਠਿੰਡਾ ਦੇ 5, ਮੁਕਤਸਰ ਸਾਹਿਬ ਦੇ 1 ਅਧਿਕਾਰੀ ਵੱਲੋਂ ਵੀ ਭ੍ਰਿਸ਼ਟਾਚਾਰ ਫੈਲਾਏ ਜਾਣ ਦੀ ਜਾਣਕਾਰੀ ਹੈ।

ਵਿਜੀਲੈਂਸ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਏਜੰਟਾਂ ਰਾਹੀਂ ਤਹਿਸੀਲਾਂ ਵਿੱਚ ਖੁੱਲ੍ਹੇਆਮ ਰਿਸ਼ਵਤਖੋਰੀ ਦਾ ਧੰਦਾ ਚੱਲ ਰਿਹਾ ਹੈ। ਭ੍ਰਿਸ਼ਟਾਚਾਰ ਦਾ ਇਹ ਧੰਦਾ ਕੋਡ ਵਰਡਸ ਰਾਹੀਂ ਚੱਲ ਰਿਹਾ ਹੈ। ਵਸੀਕਾ-ਨਵੀਸ ਅਤੇ ਅਰਜੀ ਨਵੀਸ ਰਜਿਸਟਰੀ ‘ਤੇ ਕੋਡ ਵਰਡ ਦਰਜ ਕਰਦੇ ਹਨ ਅਤੇ ਇਸ ਅਨੁਸਾਰ ਤਹਿਸੀਲ ਵਿਚ ਦਿਨ ਭਰ ਦੀ ਵਸੂਲੀ ਦਾ ਹਿੱਸਾ ਸ਼ਾਮ ਨੂੰ ਤਹਿਸੀਲਦਾਰ ਕੋਲ ਪਹੁੰਚਦਾ ਹੈ।

ਵਿਜੀਲੈਂਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਤਹਿਸੀਲਾਂ ਵਿੱਚ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਪੇਂਡੂ ਖੇਤਰ ਵਿੱਚ ਸ਼ਹਿਰੀ ਜਾਇਦਾਦਾਂ ਅਤੇ ਵਪਾਰਕ ਜਾਇਦਾਦਾਂ ਨੂੰ ਰਿਹਾਇਸ਼ੀ ਦਿਖਾ ਕੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਸਰਕਾਰ ਨੂੰ ਭਾਰੀ ਮਾਲੀਆ ਨੁਕਸਾਨ ਹੋ ਰਿਹਾ ਹੈ। ਤਹਿਸੀਲਦਾਰ ਆਪਣੇ ਏਜੰਟਾਂ ਰਾਹੀਂ ਇਹ ਸਾਰੀ ਖੇਡ ਕਰ ਰਹੇ ਹਨ।

ਨਾਜਾਇਜ਼ ਕਲੋਨੀਆਂ ਦੇ ਨਾਂ ’ਤੇ ਵੱਡੀ ਖੇਡ ਖੇਡੀ ਜਾ ਰਹੀ ਹੈ। ਬਿਨਾਂ ਐਨ.ਓ.ਸੀ ਤੋਂ ਮੋਟੀ ਰਕਮ ਵਸੂਲ ਕੇ ਰਜਿਸਟਰੀਆਂ ਕਰਵਾਈਆਂ ਜਾ ਰਹੀਆਂ ਹਨ। ਜੋ ਕਲੋਨੀਆਂ ਅਧਿਕਾਰਤ ਹਨ, ਉਨ੍ਹਾਂ ਵਿੱਚ ਵੀ ਐਨਓਸੀ ਦਾ ਡਰ ਦਿਖਾ ਕੇ ਪਲਾਟ ਲੈਣ ਵਾਲਿਆਂ ਤੋਂ ਰਿਸ਼ਵਤ ਲਈ ਜਾ ਰਹੀ ਹੈ। ਅਜਿਹੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਪਟਵਾਰੀ ਅਤੇ ਤਹਿਸੀਲਦਾਰ ਨੇ ਮਿਲ ਕੇ ਵਿਰਾਸਤ ਵਿਚ ਮੌਤ ਦੀ ਭੇਟ ਚੜ੍ਹਾਉਣ ਦੇ ਨਾਂ ‘ਤੇ ਮੋਟੀ ਰਕਮ ਹੜੱਪ ਲਈ ਹੈ।